ਪੰਜਾਬੀ ਜਾਗਰਣ ਟੀਮ, ਐੱਸਏਐੱਸ ਨਗਰ : ਮੁਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਨੇ 2020 'ਚ 'ਅੰਮਿ੍ਤ' ਸਕੀਮ ਅਧੀਨ ਮੁਹਾਲੀ ਦੀ ਸੀਵਰੇਜ ਲਾਈਨ ਨੂੰ ਨਵਿਆਉਣ ਅਤੇ ਪੁਨਰ-ਗਠਿਤ ਕਰਨ ਦੇ ਪੋ੍ਜੈਕਟ 'ਚ ਨਗਰ ਨਿਗਮ ਦੇ ਅਧਿਕਾਰੀਆਂ ਵੱਲੋਂ ਲੱਖਾਂ ਰੁਪਏ ਦੇ ਕੀਤੇ ਘਪਲੇ ਦੀ ਵਿਜੀਲੈਂਸ ਜਾਂਚ ਦੀ ਮੰਗ ਕੀਤੀ ਹੈ। 17 ਜੂਨ ਨੂੰ ਪੰਜਾਬ ਦੇ ਮੁੱਖ ਮੰਤਰੀ ਨੂੰ ਲਿਖੀ ਇਕ ਚਿੱਠੀ 'ਚ ਕੁਲਵੰਤ ਸਿੰਘ ਨੇ ਕਿਹਾ ਕਿ ਅਧਿਕਾਰੀਆਂ ਨੇ ਬਿਨਾਂ ਕਿਸੇ ਕਾਰਨ 975.42 ਲੱਖ ਰੁਪਏ 'ਚ ਪਾਸ ਹੋਏ ਪੋ੍ਜੈਕਟ 'ਚ ਲਗਭਗ ਡੇਢ ਕਰੋੜ ਦਾ ਵਾਧਾ ਕਰਕੇ ਸਰਕਾਰੀ ਖਜ਼ਾਨੇ 'ਤੇ ਵਾਧੂ ਬੋਝ ਪਾਇਆ ਹੈ, ਜਦੋਂਕਿ ਪਹਿਲਾਂ ਹੀ ਅਲਾਟ ਹੋ ਚੁੱਕੇ ਇਸ ਪੋ੍ਜੈਕਟ ਦੇ ਟੈਂਡਰਾਂ 'ਚ ਵਾਧਾ ਕਰਨ ਦਾ ਕੋਈ ਕਾਰਨ ਨਹੀਂ ਸੀ। ਇਸ ਪੋ੍ਜੈਕਟ ਦੀ ਡੀਪੀਆਰ 'ਚ ਹਰ ਉਹ ਕੰਮ ਸ਼ਾਮਲ ਸੀ, ਜਿਸ ਨੂੰ ਨਗਰ ਨਿਗਮ ਦੇ ਅਧਿਕਾਰੀਆਂ ਨੇ ਮਨਘੜਤ ਤੇ ਬੇਲੋੜੇ ਬਹਾਨਿਆਂ ਨਾਲ 1.5 ਕਰੋੜ ਤਕ ਵਧਾ ਲਿਆ।

ਉਨ੍ਹਾਂ ਕਿਹਾ ਕਿ ਇਸ 'ਚ ਅਧਿਕਾਰੀਆਂ ਦੀ ਬਦਨੀਤ ਹੀ ਕੰਮ ਕਰਦੀ ਸੀ। 48 ਇੰਚ ਦੇ ਮੂੰਹ ਵਾਲੀ ਇਸ ਸੀਵਰੇਜ ਲਾਈਨ ਦਾ ਪੋ੍ਜੈਕਟ 975.42 ਲੱਖ ਦਾ ਪਾਸ ਕੀਤਾ ਗਿਆ ਸੀ ਪਰ ਬਾਅਦ 'ਚ ਮੇਅਰ ਜੀਤੀ ਸਿੱਧੂ ਦੇ ਕਾਰਜਕਾਲ 'ਚ ਇਸ ਪੋ੍ਜੈਕਟ ਦਾ ਪੈਸਾ ਵਧਾਉਣ ਲਈ ਫੇਜ਼-3ਬੀ2 ਤੇ ਫੇਜ਼-5 ਦੀ ਮਿੱਟੀ ਦੀ ਕਿਸਮ, ਇਸ ਦੇ ਰਾਹ 'ਚ ਪੈਂਦੇ ਬਹੁਤ ਸਾਰੇ ਚੌਰਾਹੇ ਤੇ ਇੰਟਰ ਸੈਕਸ਼ਨਾਂ ਕਾਰਨ ਪਹਿਲਾਂ ਇਸ ਬਜਟ ਨੂੰ 945.42 ਲੱਖ ਤੋਂ 1110.48 ਲੱਖ ਕੀਤਾ ਗਿਆ ਅਤੇ ਫਿਰ ਖੁਦਾਈ ਦੇ ਖੇਤਰ 'ਚ ਵਾਧਾ ਕਰਨ ਦੇ ਨਾਂ 'ਤੇ 19 ਲੱਖ ਰੁਪਿਆ ਹੋਰ ਇਸ ਮਿੱਟੀ ਨੂੰ ਚੁੱਕਣ ਦਾ ਵੀ ਪਾਇਆ ਗਿਆ, ਜੋ ਕੁਲ 1.5 ਕਰੋੜ ਦੇ ਕਰੀਬ ਬਣ ਗਿਆ। ਮੁੱਖ ਮੰਤਰੀ ਨੂੰ ਲਿਖੀ ਚਿੱਠੀ 'ਚ ਉਨ੍ਹਾਂ ਕਿਹਾ ਕਿ ਜਿਸ ਕੰਮ ਦਾ ਖੇਤਰ ਉਹੀ ਹੈ ਤਾਂ ਉਸਦੇ ਬਜਟ 'ਚ ਮੁੜ ਵਾਧਾ ਕਰਨ ਦਾ ਕੋਈ ਕਾਰਨ ਨਹੀਂ ਹੈ।

ਵਿਧਾਇਕ ਨੇ ਅੱਗੇ ਲਿਖਿਆ ਹੈ ਕਿ ਇਸ ਨਵੀਂ ਸੀਵਰੇਜ ਲਾਈਨ ਪਾਉਣ ਦਾ ਉਦੇਸ਼ 3ਬੀ2, 5 ਤੇ 7 ਫੇਜ਼ ਦੇ ਗੰਦੇ ਪਾਣੀ ਨੂੰ ਇਸ ਲਾਈਨ ਵਿਚ ਪਾਉਣਾ ਸੀ, ਜੋ ਅੱਜ ਤੱਕ ਵੀ ਲਖਨੌਰ ਚੋਅ 'ਚ ਪੈ ਰਿਹਾ ਹੈ। ਉਪਰਲੇ ਸਾਰੇ ਤੱਥ ਇਹ ਦਿਖਾ ਰਹੇ ਹਨ ਕਿ ਇਸ ਪੋ੍ਜੈਕਟ ਨਾਲ ਜੁੜੇ ਸਰਕਾਰੀ ਅਧਿਕਾਰੀਆਂ ਦੀ ਲਾਪਰਵਾਹੀ ਕਾਰਨ ਹੀ ਸਰਕਾਰੀ ਖਜ਼ਾਨੇ 'ਚੋਂ ਵਾਧੂ ਫੰਡਾਂ ਦਾ ਨੁਕਸਾਨ ਝੱਲਣਾ ਪਿਆ ਹੈ ਜਿਸ ਦੀ ਵਿਜੀਲੈਂਸ ਜਾਂਚ ਕੀਤੀ ਜਾਣੀ ਜ਼ਰੂਰੀ ਹੈ, ਤਾਂ ਕਿ ਪੋ੍ਜੈਕਟ ਵਿਚ ਬੇਲੋੜਾ ਵਾਧਾ ਕਰਨ ਵਾਲੇ ਅਧਿਕਾਰੀਆਂ ਦੀ ਜ਼ਿੰਮੇਵਾਰੀ ਤਹਿ ਕੀਤੀ ਜਾ ਸਕੇ। ਉਨ੍ਹਾਂ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਇਸ ਦੀ ਜਾਂਚ ਜਲਦੀ ਤੋਂ ਜਲਦੀ ਕਰਵਾ ਕੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ।