ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਇਕ ਦਿਨ ਲਈ ਵਧ ਸਕਦਾ ਹੈ। ਇਸੇ ਤਰ੍ਹਾਂ ਬਜਟ ਇਜਲਾਸ ਦਾ ਲਾਈਵ ਟੈਲੀਕਾਸਟ ਵੀ ਕੀਤਾ ਜਾਵੇਗਾ। ਅੱਜ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਦੀ ਪ੍ਧਾਨਗੀ ਹੇਠ ਬਿਜ਼ਨਸ ਐਡਵਾਇਜ਼ਰੀ ਕਮੇਟੀ ਦੀ ਮੀਟਿੰਗ ਵਿਚ ਇਹ ਫ਼ੈਸਲਾ ਕਰ ਲਿਆ ਗਿਆ ਹੈ ਕਿ ਇਕ ਦਿਨ ਦਾ ਸੈਸ਼ਨ ਵਧਾ ਦਿੱਤਾ ਜਾਵੇ। ਮੀਟਿੰਗ ਵਿਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ, ਅਕਾਲੀ ਦਲ ਵੱਲੋਂ ਪਰਮਿੰਦਰ ਸਿੰਘ ਢੀਂਡਸਾ ਤੇ ਹੋਰ ਹਾਜ਼ਰ ਸਨ। ਸੂਤਰ ਦੱਸਦੇ ਹਨ ਕਿ ਮੀਟਿੰਗ ਵਿਚ ਸਪੀਕਰ ਵੱਲੋਂ ਅਕਾਲੀ ਦਲ ਦੇ ਪ੍ਤੀਨਿਧ ਪਰਮਿੰਦਰ ਸਿੰਘ ਢੀਂਡਸਾ ਨੂੰ ਇਹ ਭਰੋਸਾ ਦੇਣ ਨੂੰ ਕਿਹਾ ਕਿ ਅਕਾਲੀ ਦਲ ਦੇ ਵਿਧਾਇਕ ਬੈਠਕ ਵਿਚ ਰੌਲਾ-ਰੱਪਾ, ਹੰਗਾਮਾ ਨਹੀਂ ਕਰਨਗੇ ਅਤੇ ਵਾਕਆਊਟ ਨਹੀਂ ਕਰਨਗੇ ਬਲਕਿ ਬੈਠਕ ਵਿਚ ਹਿੱਸਾ ਲੈਣਗੇ। ਸਪੀਕਰ ਨੇ ਕਿਹਾ ਕਿ ਜੇ ਅਕਾਲੀ ਦਲ ਵੱਲੋਂ ਵਾਕਆਊਟ ਤੇ ਰੌਲਾ-ਰੱਪਾ ਪਾਉਣ ਤੋਂ ਗੁਰੇਜ਼ ਕੀਤਾ ਜਾਂਦਾ ਹੈ ਤਾਂ ਸੈਸ਼ਨ ਦੋ ਦਿਨ ਲਈ ਵੀ ਵਧਾਇਆ ਜਾ ਸਕਦਾ ਹੈ। ਅਕਾਲੀ ਵਿਧਾਇਕ ਪਰਮਿੰਦਰ ਢੀਂਡਸਾ ਨੇ ਕਿਹਾ ਕਿ ਉਹ ਇਸ ਬਾਰੇ ਸੋਚ ਕੇ ਦੱਸਣਗੇ। ਦੱਸਿਆ ਜਾਂਦਾ ਹੈ ਕਿ ਮੀਟਿੰਗ ਵਿਚ 20 ਫਰਵਰੀ ਨੂੰ ਹੋਣ ਵਾਲੀ ਡਬਲ ਬੈਠਕ, ਬਾਅਦ ਦੁਪਹਿਰ ਵਾਲੀ ਬੈਠਕ ਘਟਾਉਣ ਅਤੇ ਇਕ ਦਿਨ ਸੈਸ਼ਨ ਵਧਾਉਣ ਦਾ ਲਗਪਗ ਫ਼ੈਸਲਾ ਲੈ ਲਿਆ ਗਿਆ ਹੈ। ਇਸੇ ਤਰ੍ਹਾਂ ਨਿਊਜ਼ 18, ਨਿਊਜ਼ ਇੰਡੀਆ (ਪੰਜਾਬੀ) ਤੇ ਜੀ ਮੀਡੀਆ ਨੂੰ ਬਜਟ ਸੈਸ਼ਨ ਦਾ ਲਾਈਵ ਟੈਲੀਕਾਸਟ ਕਰਨ ਦਾ ਅਧਿਕਾਰ ਦਿੱਤੇ ਜਾਣ ਦੀਆਂ ਸੰਭਾਵਨਾਵਾਂ ਹਨ।