Veteran Athlete Man Kaur passes away : ਰਣਬੀਰ ਸਿੰਘ ਪੜ੍ਹੀ, ਡੇਰਾਬੱਸੀ : ਕੈਂਸਰ ਦੀ ਬਿਮਾਰੀ ਨਾਲ ਜੂਝ ਰਹੀ 105 ਸਾਲਾ ਵਿਸ਼ਵ ਰਿਕਾਰਡ ਤੋੜਨ ਵਾਲੀ ਮਹਿਲਾ ਐਥਲੀਟ ਮਾਨ ਕੌਰ ਦੀ ਅੱਜ ਮੌਤ ਹੋ ਗਈ। ਉਨ੍ਹਾਂ ਦਾ ਡੇਰਾਬੱਸੀ ਦੇ ਆਯੁਰਵੈਦਿਕ ਪੰਚਕਰਮਾ ਹਸਪਤਾਲ 'ਚ ਇਲਾਜ ਚੱਲ ਰਿਹਾ ਸੀ। 8 ਜੁਲਾਈ ਨੂੰ ਉਨ੍ਹਾਂ ਨੂੰ ਇੱਥੇ ਦਾਖ਼ਲ ਕਰਵਾਇਆ ਗਿਆ ਸੀ ਜਿੱਥੇ ਉਨ੍ਹਾਂ ਨੇ ਸ਼ਨਿਚਰਵਾਰ ਦੁਪਹਿਰੇ ਕਰੀਬ ਇਕ ਵਜੇ ਆਖ਼ਰੀ ਸਾਹ ਲਿਆ। ਉਨ੍ਹਾਂ ਦੀ ਮੌਤ ਤੋਂ ਬਾਅਦ ਖੇਡ ਜਗਤ, ਰਾਜਨੀਤੀ ਤੇ ਸਮਾਜ ਸੇਵੀ ਸੰਸਥਾਵਾਂ 'ਚ ਗ਼ਮਗੀਨ ਮਾਹੌਲ ਹੈ। ਉਨ੍ਹਾਂ ਦੇ 82 ਸਾਲਾ ਅਥਲੀਟ ਬੇਟਾ ਗੁਰਦੇਵ ਸਿੰਘ ਨੇ ਦੱਸਿਆ ਕਿ ਮਾਤਾ ਮਾਨ ਕੌਰ ਜੀ ਦਾ ਚੰਡੀਗੜ੍ਹ ਵਿਖੇ ਅੰਤਿਮ ਸੰਸਕਾਰ ਕੀਤਾ ਜਾਵੇਗਾ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਉਨ੍ਹਾਂ ਬਚਪਨ ਵਿਚ ਆਪਣੀ ਗੋਦੀ 'ਚ ਖਿਡਾਇਆ ਸੀ। ਉਮਰ ਦਾ ਸੈਂਕੜਾ ਲਗਾ ਚੁੱਕੀ ਮਾਨ ਕੌਰ ਦੀ ਚੁਸਤੀ-ਫੁਰਤੀ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਤੇ ਪ੍ਰਧਾਨ ਮੰਤਰੀ ਵੀ ਕਾਇਲ ਸਨ।

ਭਾਰਤ ਦੀ ਸਭ ਤੋਂ ਬਜ਼ੁਰਗ ਅਥਲੀਟ ਅਤੇ ਮਿਰੈਕਲ ਆਫ਼ ਚੰਡੀਗੜ੍ਹ ਦੇ ਨਾਂ ਨਾਲ ਮਸ਼ਹੂਰ ਮਾਨ ਕੌਰ ਨੂੰ ਡੇਰਾਬੱਸੀ ਨਗਰ ਕੌਂਸਲ ਅਧੀਨ ਦੇਵੀਨਗਰ ਦੇ ਸੁੱਧੀ ਆਯੁਰਵੇਦ ਪੰਚਕਰਮਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਮਾਨ ਕੌਰ ਦੇ ਪਿੱਤੇ ਦਾ ਕੈਂਸਰ ਦਾ ਪਤਾ ਲੱਗਣ 'ਤੇ ਰਾਜਿੰਦਰਾ ਹਸਪਤਾਲ ਪਟਿਆਲਾ ਅਤੇ ਪੀਜੀਆਈ ਚੰਡੀਗੜ੍ਹ ਸਮੇਤ ਹੋਰਨਾਂ ਹਸਪਤਾਲਾਂ ਤੋਂ ਜਵਾਬ ਮਿਲਣ ਤੋਂ ਬਾਅਦ ਇੱਥੇ ਲਿਆਂਦਾ ਗਿਆ ਸੀ। ਇਹ ਕੈਂਸਰ ਹੁਣ ਜਿਗਰ ਤਕ ਪਹੁੰਚ ਗਿਆ ਸੀ। ਉਨ੍ਹਾਂ ਦਾ ਹਸਪਤਾਲ ਆਯੁਰਵੈਦਿਕ ਇਲਾਜ ਚੱਲ ਰਿਹਾ ਸੀ।

ਜ਼ਿਕਰਯੋਗ ਹੈ ਕਿ ਕਿ ਮਾਨ ਕੌਰ ਨੇ ਹੁਣ ਤਕ ਕੁੱਲ 35 ਰਾਸ਼ਟਰੀ ਤੇ ਅੰਤਰਰਾਸ਼ਟਰੀ ਮੈਡਲ ਜਿੱਤੇ ਜੋ ਸਾਰੇ ਦੇ ਸਾਰੇ ਸੋਨੇ ਦੇ ਹਨ। ਇਸ ਤੋਂ ਇਲਾਵਾ 95 ਸਾਲ ਤੇ 100 ਸਾਲ ਉਮਰ ਵਰਗ 'ਚ ਉਨ੍ਹਾਂ 100 ਮੀਟਰ ਤੇ 200 ਮੀਟਰ ਦੌੜ, ਜੈਵਲਿਨ ਥ੍ਰੋਅ ਤੇ ਦੋ ਕਿੱਲੋ ਸ਼ਾਟਪੁਟ ਵਿਚ ਵਿਸ਼ਵ ਰਿਕਾਰਡ ਬਣਾਇਆ ਹੈ।

ਉਪਲਬਧੀਆਂ ਲਈ ਮਿਲ ਚੁੱਕੈ ਰਾਸ਼ਟਰਪਤੀ ਐਵਾਰਡ

ਮਾਸਟਰ ਐਥਲੀਟ ਮਾਨ ਕੌਰ ਕੋਵਿਡ-19 ਤੋਂ ਪਹਿਲਾਂ ਤਕ ਲਗਾਤਾਰ ਮੈਡਲ ਜਿੱਤ ਕੇ ਤਿਰੰਗੇ ਦੀ ਸ਼ਾਨ ਵਧਾਉਂਦੀ ਰਹੀ ਸੀ। ਮਾਨ ਕੌਰ ਦੀਆਂ ਉਪਲਬਧੀਆਂ ਨੂੰ ਦੇਖਦੇ ਹੋਏ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸਾਲ 2019 'ਚ ਉਨ੍ਹਾਂ ਨੂੰ ਨਾਰੀ ਸ਼ਕਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਸੀ। ਰਾਸ਼ਟਰਪਤੀ ਭਵਨ 'ਚ ਸਨਮਾਨ ਲੈਣ ਲਈ ਮਾਨ ਕੌਰ ਜਿਸ ਫੁਰਤੀ ਨਾਲ ਸਟੇਜ 'ਤੇ ਪਹੁੰਚੀ ਸੀ, ਉਸ ਨੂੰ ਦੇਖ ਕੇ ਰਾਸ਼ਟਰਪਤੀ ਵੀ ਹੈਰਾਨ ਹੋ ਗਏ ਸਨ, ਉੱਥੇ ਹੀ ਪ੍ਰਧਾਨ ਮੰਤਰੀ ਆਵਾਸ 'ਤੇ ਇਕ ਮੁਲਾਕਾਤ ਦੌਰਾਨ ਪੀਐੱਮ ਨਰਿੰਦਰ ਮੋਦੀ ਉਨ੍ਹਾਂ ਦੀ ਫਿਟਨੈੱਸ ਦੇਖ ਕੇ ਉਨ੍ਹਾਂ ਦੇ ਅੱਗੇ ਦੋਵੇਂ ਹੱਥ ਜੋੜ ਕੇ ਖੜ੍ਹੇ ਹੋ ਗਏ ਸਨ। ਉਹ ਦੇਸ਼ ਦੁਨੀਆ ਦੇ ਐਥਲੈਟਿਕਸ ਲਈ ਪ੍ਰੇਰਨਾਸ੍ਰੋਤ ਸਨ।

ਆਪਣੇ ਜਨੂਨ ਤੇ ਹੌਸਲੇ ਨਾਲ ਮਾਨ ਕੌਰ ਬਣੀ ਫਿਟਨੈੱਸ ਦੀ ਪ੍ਰਤੀਕ

ਮਾਸਟਰ ਐਥਲੀਟ ਮਾਨ ਕੌਰ ਉਦੋਂ ਸੁਰਖੀਆਂ 'ਚ ਆਈ ਸੀ ਜਦੋਂ ਉਨ੍ਹਾਂ 120 ਸਾਲ ਦੀ ਉਮਰ 'ਚ ਨਿਊਜ਼ੀਲੈਂਡ ਦੇ ਆਕਲੈਂਡ 'ਚ 100 ਮੀਟਰ ਸਪ੍ਰਿੰਟ 'ਚ ਗੋਲਡ ਮੈਡਲ ਜਿੱਤਿਆ ਸੀ। ਇਸੇ ਸਾਲ ਉਨ੍ਹਾਂ ਆਕਲੈਂਡ 'ਚ ਸਕਾਈ ਟਾਵਰ 'ਤੇ 'ਸਕਾਈ ਵਾਕ' ਕਰ ਕੇ ਨਵਾਂ ਵਿਸ਼ਵ ਰਿਕਾਰਡ ਬਣਾਇਆ ਸੀ, ਉਸ ਵੇਲੇ ਉਨ੍ਹਾਂ ਦੀ ਉਮਰ 102 ਸਾਲ ਦੀ ਸੀ। ਇਹ ਸਕਾਈ ਟਾਵਰ ਸ਼ਹਿਰ ਤੋਂ 192 ਮੀਟਰ ਦੀ ਉਚਾਈ 'ਤੇ ਸੀ। ਇਸ ਵਿਸ਼ਵ ਰਿਕਾਰਡ ਨੂੰ ਤੋੜਨ 'ਚ ਉਨ੍ਹਾਂ ਦੇ ਬੇਟੇ ਗੁਰਦੇਵ ਸਿੰਘ ਨੇ ਉਨ੍ਹਾਂ ਦਾ ਸਾਥ ਦਿੱਤਾ ਸੀ। ਮਾਨ ਨੇ ਆਪਣੇ ਬੇਟੇ ਦਾ ਹੱਥ ਫੜ ਕੇ ਇਹ 'ਸਕਾਈ ਵਾਕ' ਕੀਤੀ ਸੀ। ਇਸ ਕਾਰਨ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ 'ਚ ਵੀ ਉਨ੍ਹਾਂ ਦਾ ਨਾਂ ਦਰਜ ਹੋਇਆ ਸੀ। ਆਪਣੇ ਇਸੇ ਹੌਸਲੇ ਤੇ ਜਨੂਨ ਦੀ ਵਜ੍ਹਾ ਨਾਲ ਉਹ ਫਿਟਨੈੱਸ ਦਾ ਪ੍ਰਤੀਕ ਬਣ ਗਈ ਸੀ। ਮੋਦੀ ਦੀ ਫਿੱਟ ਇੰਡੀਆ ਮੂਵਮੈਂਟ ਦੇ 26 ਉਦਘਾਟਨ ਸਮਾਗਮ 'ਚ ਪਹੁੰਚ ਕੇ ਮਾਨ ਕੌਰ ਨੇ ਲੋਕਾਂ ਨੂੰ ਫਿਟਨੈੱਸ ਦਾ ਪਾਠ ਪੜ੍ਹਾਇਆ।

Posted By: Seema Anand