ਜੇਐੱਨਐੱਨ, ਚੰਡੀਗੜ੍ਹ : ਨਗਰ ਨਿਗਮ ਨੇ ਸੈਕਟਰ-1 ਤੋਂ ਲੈ ਕੇ ਛੇ ਤਕ ਦੇ ਏਰੀਆ ਦੇ ਵੈਂਡਰਜ਼ ਨੂੰ ਸ਼ਿਫਟ ਹੋਣ ਦੇ ਨੋਟਿਸ ਦੇਣੇ ਤਾਂ ਸ਼ੁਰੂ ਕਰ ਦਿੱਤੇ ਹਨ, ਪਰ ਨਾਜਾਇਜ਼ ਕਬਜ਼ੇ ਹਟਾਓ ਦਸਤੇ ਨੂੰ ਨੋਟਿਸ ਦੇਣ 'ਚ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵੈਂਡਰਜ਼ ਨੋਟਿਸ ਰਿਸੀਵ ਕਰਨ ਲਈ ਤਿਆਰ ਨਹੀਂ ਹਨ। ਵੀਰਵਾਰ ਨੂੰ ਇੱਥੇ ਦਰਜਨਾਂ ਵੈਂਡਰਜ਼ ਆਪਣੀ ਫੜ੍ਹੀ ਲਗਾਉਣ ਲਈ ਹੀ ਨਹੀਂ ਆਏ। ਨੋਟਿਸ 'ਚ ਵੈਂਡਰਜ਼ ਨੂੰ ਇਕ ਮਹੀਨੇ ਅੰਦਰ ਵੈਂਡਿੰਗ ਜ਼ੋਨ 'ਚ ਸ਼ਿਫਟ ਕਰਨ ਦੇ ਹੁਕਮ ਦਿੱਤੇ ਗਏ ਹਨ। ਇੱਥੇ ਬੈਠੇ 125 ਵੈਂਡਰਜ਼ ਨੂੰ ਸੈਕਟਰ-7 'ਚ ਬਣਾਏ ਗਏ ਜ਼ੋਨ 'ਚ ਸ਼ਿਫਟ ਕਰਨ ਲਈ ਸਾਈਟ ਦਿੱਤੀ ਗਈ ਹੈ। ਨਾਜਾਇਜ਼ ਕਬਜ਼ਾ ਹਟਾਏ ਦਸਤਾ ਸਵੇਰੇ ਤੋਂ ਲੈ ਕੇ ਸ਼ਾਮ ਤਕ ਸਿਰਫ 30 ਵੈਂਡਰਜ਼ ਨੂੰ ਹੀ ਨੋਟਿਸ ਦੇਣ 'ਚ ਸਫਲ ਰਿਹਾ, ਇਨ੍ਹਾਂ 'ਚੋਂ ਵੀ ਜ਼ਿਆਦਾਤਰ ਨੇ ਨੋਟਿਸ ਲੈਣ ਲਈ ਮਨਾਂ ਕਰ ਦਿੱਤਾ ਤਾਂ ਦਸਤੇ ਨੇ ਨੋਟਿਸ ਉਨ੍ਹਾਂ ਦੀ ਫੜ੍ਹੀ 'ਤੇ ਹੀ ਚਿਪਕਾ ਦਿੱਤਾ। ਜਿਸ ਦੀ ਵੀਡੀਓਗ੍ਰਾਫੀ ਵੀ ਕਰਵਾਈ ਗਈ ਹੈ। ਜ਼ਿਕਰਯੋਗ ਹੈ ਕਿ ਸੈਕਟਰ-1 ਤੋਂ ਲੈ ਕੇ ਛੇ 'ਚ ਬੈਠੇ ਵੈਂਡਰਜ਼ ਨੇ ਸੁਪਰੀਮ ਕੋਰਟ 'ਚ ਵੀ ਦੋ ਦਿਨ ਪਹਿਲੇ ਅਰਜ਼ੀ ਦਾਖ਼ਲ ਕਰ ਦਿੱਤੀ ਹੈ। ਦਸਤੇ ਅ੍ਵੁਸਾਰ ਜਦੋਂ ਵੈਂਡਰਜ਼ ਨੂੰ ਨੋਟਿਸ ਦੇਣ ਲਈ ਜਾਂਦੇ ਹਨ ਤਾਂ ਕਈ ਵੈਂਡਰਜ਼ ਮੌਕੇ ਤੋਂ ਹੀ ਭੱਜ ਜਾਂਦੇ ਹਨ।

ਅੱਜ ਨਹੀਂ ਹੋਇਆ ਡਰਾਅ, ਨੌਂ ਨੂੰ ਪਹਿਲੇ ਦਿਨ ਹੋਵੇਗਾ

ਨਗਰ ਨਿਗਮ ਨੇ 2697 ਬਚੇ ਹੋਏ ਵੈਂਡਰਜ਼ ਦਾ ਤੀਜੇ ਫੇਜ਼ ਦਾ ਡਰਾਅ ਵੀਰਵਾਰ ਨੂੰ ਕਰਵਾਉਣ ਦਾ ਫ਼ੈਸਲਾ ਲਿਆ ਸੀ, ਪਰ ਨਗਰ ਨਿਗਮ ਨੇ ਡਰਾਅ ਦੀ ਤਰੀਕ ਬਦਲ ਕੇ ਨੌਂ ਨਵੰਬਰ ਕਰ ਦਿੱਤੀ ਹੈ। ਪਰ ਇਸ ਦੀ ਕੋਈ ਜਾਣਕਾਰੀ ਵੈਂਡਰਜ਼ ਨੂੰ ਨਹੀਂ ਦਿੱਤੀ ਗਈ। ਹੁਣ 9, 10, 13 ਤੇ 14 ਨਵੰਬਰ ਨੂੰ ਡਰਾਅ ਕੱਢ ਕੇ ਸਾਈਟਸ ਅਲਾਟ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਨਗਰ ਨਿਗਮ ਨੇ 3259 ਵੈਂਡਰਜ਼ ਦਾ ਡਰਾਅ ਕੱਢ ਕੇ ਉਨ੍ਹਾਂ ਨੂੰ ਸਾਈਟ ਅਲਾਟ ਕੀਤੀ ਹੈ, ਪਰ ਹਾਲੇ ਉਨ੍ਹਾਂ ਨੂੰ ਸ਼ਿਫਟ ਨਹੀਂ ਕੀਤਾ ਗਿਆ ਹੈ। ਸ਼ੁੱਕਰਵਾਰ ਨੂੰ ਟਾਊਨ ਵੈਂਡਿੰਗ ਕਮੇਟੀ ਦੀ ਬੈਠਕ ਵੀ ਬੁਲਾਈ ਗਈ ਹੈ।