ਜ. ਸ., ਚੰਡੀਗੜ੍ਹ : ਸ਼ਹਿਰ 'ਚ ਲਗਾਤਾਰ ਕੋਰੋਨਾ ਦੇ ਮਾਮਲੇ ਵਧਦੇ ਜਾ ਰਹੇ ਹਨ। ਸਿਹਤ ਸਕੱਤਰ ਯਸ਼ਪਾਲ ਗਰਗ ਨੇ ਸਿਹਤ ਨਿਰਦੇਸ਼ਕ ਡਾ. ਸੁਮਨ ਸਿੰਘ ਅਤੇ ਜੀਐੱਮਸੀਐੱਚ-32 ਦੀ ਡਾਇਰੈਕਟਰ ਪਿ੍ਰੰਸੀਪਲ ਡਾ. ਜਸਵਿੰਦਰ ਕੌਰ ਨੂੰ ਸਰਕਾਰੀ ਹਸਪਤਾਲਾਂ 'ਚ ਮਰੀਜ਼ਾਂ ਦੀ ਗਿਣਤੀ 'ਤੇ ਕਾਬੂ ਕਰਨ ਨੂੰ ਲੈ ਕੇ ਵਿਚਾਰ ਕਰਨ ਨੂੰ ਕਿਹਾ ਹੈ, ਤਾਂ ਕਿ ਓਪੀਡੀ 'ਚ ਰੁਟੀਨ ਚੈੱਕਅਪ ਲਈ ਆਉਣ ਵਾਲੇ ਮਰੀਜ਼ਾਂ ਦੀ ਵਜ੍ਹਾ ਨਾਲ ਲਾਗ ਦਾ ਖਤਰਾ ਨਾ ਵਧੇ।

----------------

ਪੀਜੀਆਈ ਓਪੀਡੀ 'ਚ ਰੋਜ਼ਾਨਾ ਆ ਰਹੇ 8-9 ਹਜ਼ਾਰ ਮਰੀਜ਼

ਪੀਜੀਆਈ ਓਪੀਡੀ 'ਚ ਰੋਜ਼ਾਨਾ 8-9 ਹਜ਼ਾਰ ਮਰੀਜ਼ ਇਲਾਜ ਲਈ ਆ ਰਹੇ ਹਨ। ਅੱਜ ਪੀਜੀਆਈ ਦੀ ਜਨਰਲ ਅਤੇ ਸਪੈਸ਼ਲ ਓਪੀਡੀ 'ਚ ਇਲਾਜ ਲਈ 8,612 ਅਤੇ ਐਮਰਜੈਂਸੀ ਓਪੀਡੀ 'ਚ 230 ਮਰੀਜ਼ ਆਏ। ਉਥੇ ਹੀ ਟੈਲੀਕੰਸਲਟੇਸ਼ਨ ਅਤੇ ਟੈਲੀਮੈਡੀਸਨ ਜ਼ਰੀਏ ਰੋਜ਼ਾਨਾ 2-3 ਹਜ਼ਾਰ ਮਰੀਜ਼ਾਂ ਨੂੰ ਘਰ ਬੈਠੇ ਹੀ ਇਲਾਜ ਮੁਹੱਈਆ ਕਰਵਾਇਆ ਜਾ ਰਿਹਾ ਹੈ। ਡਾ. ਸੁਮਨ ਸਿੰਘ ਨੇ ਦੱਸਿਆ ਕਿ ਵਧਦੇ ਲਾਗ ਦੇ ਮਾਮਲਿਆਂ ਨੂੰ ਦੇਖਦੇ ਹੋਏ ਕੋਵਿਡ ਟੈਸਟਿੰਗ ਵਧਾ ਦਿੱਤੀ ਗਈ ਹੈ।

ਜੀਐੱਮਸੀਐੱਚ-32 ਦੀ ਡਾਇਰੈਕਟਰ ਪਿ੍ਰੰਸੀਪਲ ਡਾ. ਜਸਿੰਦਰ ਕੌਰ ਨੇ ਕਿਹਾ ਕਿ ਹਸਪਤਾਲ 'ਚ ਰੋਜ਼ਾਨਾ 300 ਤੋਂ 400 ਲੋਕਾਂ ਦਾ ਕੋਵਿਡ ਟੈਸਟ ਕਰਵਾਇਆ ਜਾ ਰਿਹਾ ਹੈ। ਛੁੱਟੀ ਤੋਂ ਪਰਤ ਰਹੇ ਡਾਕਟਰਾਂ ਅਤੇ ਨਰਸਿੰਗ ਸਟਾਫ ਦਾ ਵੀ ਟੈਸਟ ਕਰਵਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਆਪ੍ਰਰੇਸ਼ਨ, ਸਰਜਰੀ, ਐਮਰਜੈਂਸੀ ਵਾਰਡ ਅਤੇ ਕੋਵਿਡ ਵਾਰਡ 'ਚ ਡਿਊਟੀ 'ਤੇ ਤਾਇਨਾਤ ਹੈਲਥ ਵਰਕਰਾਂ ਦਾ 15-20 ਦਿਨਾ ਬਾਅਦ ਕੋਵਿਡ ਟੈਸਟ ਕੀਤਾ ਜਾਂਦਾ ਹੈ ਤਾਂ ਕਿ ਮਰੀਜ਼ਾਂ ਨੂੰ ਲਾਗ ਦਾ ਖਤਰਾ ਨਾ ਰਹੇ।