Nasa Mars Mission 2020 : ਡਾ. ਸੁਮਿਤ ਸ਼ਿਓਰਾਣ, ਚੰਡੀਗੜ੍ਹ : ਪੁਲਾੜ ਮਿਸ਼ਨ ’ਚ ਦੇਸ਼ ਦਾ ਨਾਂ ਰੋਸ਼ਨ ਕਰਨ ਵਾਲੀ ਪੇਕ ਦੀ ਵਿਦਿਆਰਥਣ ਰਹੀ ਕਲਪਨਾ ਚਾਵਲਾ ਤੋਂ ਬਾਅਦ ਹੁਣ ਪੰਜਾਬ ਇੰਜੀਨੀਅਰਿੰਗ ਕਾਲਜ ਦੀ ਦੂਸਰੀ ਵਿਦਿਆਰਥਣ ਨੇ ਕਮਾਲ ਕਰ ਦਿਖਾਇਆ ਹੈ। ਪੇਕ ਦੀ ਵਿਦਿਆਰਥਣ ਰਹੀ ਡਾ. ਵੰਦਨਾ ਵਰਮਾ (ਵੈਂਡੀ) ਅਮਰੀਕੀ ਪੁਲਾੜ ਏਜੰਸੀ ਨਾਸਾ ਦੇ ਸਫਲਤਾਪੂਰਵਕ ਲਾਂਚ ਕੀਤੇ ਗਏ ਮਾਰਸ-2020 ਮਿਸ਼ਨ ਟੀਮ ਦਾ ਹਿੱਸਾ ਰਹੀ ਹੈ। ਸ਼ੁੱਕਰਵਾਰ ਨੂੰ ਨਾਸਾ ਨੇ ਮਾਰਸ-2020 ਮਿਸ਼ਨ ਨੂੰ ਸਫਲਤਾਪੂਰਵਕ ਪੂਰਾ ਕਰ ਲਿਆ। ਵੰਦਨਾ ਪੇਕ ਦੇ 1994 ਇਲੈਕਟ੍ਰੀਕਲ ਵਿਭਾਗ ਦੀ ਵਿਦਿਆਰਥਣ ਰਹੀ ਹੈ। ਬੀਟੈੱਕ ਤੋਂ ਬਾਅਦ ਵੰਦਨਾ ਉੱਚ ਸਿੱਖਿਆ ਹਾਸਲ ਕਰਨ ਲਈ ਅਮਰੀਕਾ ਚਲੀ ਗਈ ਤੇ ਫਿਰ ਨਾਸਾ ਨਾਲ ਜੁੜ ਗਈ। ਰੋਬੋਟਿਕ ਦੀ ਮਾਹਿਰ ਵੰਦਨਾ ਨੂੰ ਨਾਸਾ ਸਮੇਤ ਕਈ ਵੱਡੇ ਐਵਾਰਡ ਮਿਲੇ ਹਨ। ਵੰਦਨਾ ਦੀ ਇਸ ਪ੍ਰਾਪਤੀ ’ਤੇ ਪੇਕ ਦੇ ਡਾਇਰੈਕਟਰ ਪ੍ਰੋ. ਧੀਰਜ ਸਾਂਧੀ ਤੇ ਉਨ੍ਹਾਂ ਦੇ ਵਿਦਿਆਰਥੀ ਕਾਫੀ ਖ਼ੁਸ਼ ਹਨ।

ਛੋਟੀ ਭੈਣ ਪ੍ਰੋ. ਅਰਚਨਾ ਬੋਲੀ- ਦੀਦੀ 'ਤੇ ਨਾਜ਼ ਹੈ

ਡਾ. ਵੰਦਨਾ ਵਰਮਾ ਦੀ ਛੋਟੀ ਭੈਣ ਪ੍ਰੋ. ਅਰਚਨਾ ਚੰਡੀਗੜ੍ਹ ’ਚ ਰਹਿੰਦੀ ਹੈ, ਜੋ ਕਿ ਸੈਕਟਰ-32 ਸਥਿਤ ਐੱਸਡੀ ਕਾਲਜ ’ਚ ਅੰਗਰੇਜ਼ੀ ਵਿਭਾਗ ਦੀ ਪ੍ਰੋਫੈਸਰ ਹੈ। ਪਤੀ ਵੀਪੀ ਸਿੰਘ ਪੰਜਾਬ ’ਚ ਪ੍ਰਿੰਸੀਪਲ ਸਕੱਤਰ ਦੇ ਅਹੁਦੇ ’ਤੇ ਤਾਇਨਾਤ ਹਨ। ‘ਜਾਗਰਣ’ ਨਾਲ ਗੱਲਬਾਤ ਕਰਦਿਆਂ ਅਰਚਨਾ ਨੇ ਦੱਸਿਆ ਕਿ ਵੰਦਨਾ ਬਚਪਨ ਤੋਂ ਹੀ ਪੁਲਾੜ ਖੋਜੀ ਬਣਨਾ ਚਾਹੁੰਦੀ ਸੀ। ਪੀਐੱਚਡੀ ਕਰਦੇ ਹੋਏ ਸਮਰ ਟਰੇਨਿੰਗ ’ਚ ਹੀ ਵੰਦਨਾ ਨੂੰ ਪੁਲਾੜ ਦੀ ਸਭ ਤੋਂ ਵੱਡੀ ਏਜੰਸੀ ਨਾਸਾ ਨਾਲ ਜੁਡ਼ਨ ਦਾ ਮੌਕਾ ਮਿਲਿਆ ਤੇ ਉਸ ਨੇ ਆਪਣੇ ਸੁਪਨੇ ਪੂਰਾ ਕੀਤਾ।

ਵੰਦਨਾ ਦੇ ਪਿਤਾ ਵੀਕੇ ਵਰਮਾ ਰਹੇ ਹਨ 1971 ਦੀ ਲੜਾਈ ਦੇ ਹੀਰੋ

ਦੱਸਣਯੋਗ ਹੈ ਕਿ ਵੰਦਨਾ ਦੇ ਪਿਤਾ ਵੀਕੇ ਵਰਮਾ ਇੰਡੀਅਨ ਏਅਰਫੋਰਸ ’ਚ ਮਿਗ-21 ਦੇ ਪਾਇਲਟ ਰਹੇ ਹਨ। ਉਹ 2002 ’ਚ ਏਅਰ ਮਾਰਸ਼ਲ ਵਜੋਂ ਰਿਟਾਇਰ ਹੋਏ ਸਨ। 1971 ਦੀ ਲੜਾਈ ’ਚ ਉਨ੍ਹਾਂ ਨੂੰ ਬਹਾਦਰੀ ਲਈ ਹਵਾਈ ਫ਼ੌਜ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਸੀ।

ਵੰਦਨਾ ਦੀ ਪ੍ਰਾਪਤੀ ਬਹੁਤ ਖ਼ਾਸ ਹੈ। ਮੈਨੂੰ ਜਾਣ ਕੇ ਖ਼ੁਸ਼ੀ ਹੈ ਕਿ ਮਾਰਸ-2020 ਮਿਸ਼ਨ ਦਲ ਦੀ ਮੈਂਬਰ ਪੇਕ ਦੀ ਵਿਦਿਆਰਥਣ ਰਹੀ ਹੈ। ਪੇਕ ਵੱਲੋਂ ਵੰਦਨਾ ਨੂੰ ਵਧਾਈ ਦਿੱਤੀ ਗਈ ਹੈ। ਪੇਕ ਵੰਦਨਾ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕਰੇਗਾ।

-ਪ੍ਰੋ. ਧੀਰਜ ਸਾਂਧੀ, ਡਾਇਰੈਕਟਰ ਪੇਕ, ਚੰਡੀਗੜ੍ਹ

Posted By: Seema Anand