ਇੰਦਰਪ੍ਰੀਤ ਸਿੰਘ, ਚੰਡੀਗੜ੍ਹ : ਪੰਜਾਬ 'ਚ ਕੋਰੋਨਾ ਦੇ ਵੈਕਸੀਨੇਸ਼ਨ ਪ੍ਰੋਗਰਾਮ ਦੇ ਪਹਿਲੇ ਦਿਨ ਅੰਕੜਿਆਂ ਨੂੰ ਦੇਖ ਕੇ ਲੱਗਦਾ ਹੈ ਕਿ ਜੋ ਸਿਹਤ ਕਾਮੇ ਕੋਰੋਨਾ ਵਾਇਰਸ ਤੋਂ ਏਨਾ ਹੀ ਨਹੀਂ ਡਰੇ ਉਸ ਤੋਂ ਕਿਤੇ ਜ਼ਿਆਦਾ ਡਰ ਕੋਰੋਨਾ ਵੈਕਸੀਨ ਨੂੰ ਲੈ ਕੇ ਉਨ੍ਹਾਂ 'ਚ ਵਸਿਆ ਹੋਇਆ ਹੈ। ਉਹ ਵੀ ਉਦੋਂ, ਜਦੋਂ ਪ੍ਰੋਗਰਾਮ ਲਾਂਚ ਕਰਨ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਫ਼ਵਾਹਾਂ ਤੋਂ ਬਚਣ ਦੀ ਤਾਕੀਦ ਕਰਦਿਆਂ ਕਿਹਾ ਕਿ ਉਹ ਖ਼ੁਦ ਸਭ ਤੋਂ ਵੱਡਾ ਇਹ ਟੀਕਾ ਲਗਵਾਉਣਾ ਚਾਹੁੰਦੇ ਹਨ ਪਰ ਭਾਰਤ ਸਰਕਾਰ ਦੇ ਨਿਰਦੇਸ਼ਾਂ ਕਾਰਨ ਅਜਿਹਾ ਨਹੀਂ ਕਰ ਸਕੇ।

ਮੁੱਖ ਮੰਤਰੀ ਨੇ ਜਿਸ ਮੋਹਾਲੀ ਜ਼ਿਲ੍ਹੇ ਤੋਂ ਵੈਕਸੀਨੇਸ਼ਨ ਦੀ ਸ਼ੁਰੂਆਤ ਕੀਤੀ ਉਥੇ ਸਿਰਫ 30 ਲੋਕਾਂ ਨੂੰ ਹੀ ਟੀਕਾ ਲੱਗਾ ਜਦਕਿ ਟੀਚਾ 300 ਦਾ ਸੀ। ਇਨ੍ਹਾਂ ਦਿੱਕਤਾਂ ਨੂੰ ਦੇਖਦਿਆਂ ਸਿਹਤ ਵਿਭਾਗ ਨੇ ਐਤਵਾਰ ਨੂੰ ਇਹ ਮੁਹਿੰਮ ਰੋਕ ਦਿੱਤੀ ਹੈ। ਵਿਭਾਗ ਦੇ ਮੁੱਖ ਸਕੱਤਰ ਹੁਸਨ ਲਾਲ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਪਹਿਲਾਂ ਅੱਜ ਦੇ ਦਿਨ ਆਈਆਂ ਦਿੱਕਤਾਂ ਆਦਿ 'ਤੇ ਰੀਵਿਊ ਕੀਤੀ ਜਾਵੇਗਾ। ਕੇਂਦਰ ਸਰਕਾਰ ਨਾਲ ਵੀ ਗੱਲਬਾਤ ਕੀਤੀ ਜਾਵੇਗੀ ਤੇ ਤੈਅ ਕੀਤਾ ਜਾਵੇਗਾ ਕਿ ਟੀਕਾਕਰਨ ਲਈ ਕਿੰਨੀਆਂ ਕੰਮ ਵਾਲੀਆਂ ਹੋਰ ਥਾਵਾਂ ਵਧਾਉਣ ਦੀ ਲੋੜ ਹੈ।

ਅੱਜ ਘੱਟ ਹੋਈ ਵੈਕਸੀਨੇਸ਼ਨ 'ਤੇ ਹੁਸਨ ਲਾਲ ਨੇ ਕਿਹਾ ਕਿ ਅੱਜ ਲਾਂਚਿੰਗ ਤੋਂ ਹੀ ਪ੍ਰੋਗਰਾਮ ਲੇਟ ਹੋ ਗਿਆ ਸੀ। ਅਸੀਂ ਪਹਿਲਾਂ ਇਹ ਪ੍ਰੋਗਰਾਮ ਬਣਾਇਆ ਸੀ ਕਿ ਪਹਿਲਾਂ ਸਿਹਤ ਕਾਮਿਆਂ ਨੂੰ ਟੀਕਾ ਲਾਇਆ ਜਾਵੇਗਾ, ਕਿਉਂਕਿ ਮਰੀਜ਼ ਨਾਲ ਸਭ ਤੋਂ ਜ਼ਿਆਦਾ ਉਹ ਰਹਿੰਦੇ ਹਨ ਤੇ ਡਾਕਟਰਾਂ ਨੂੰ ਬਾਅਦ 'ਚ ਲਾਇਆ ਜਾਵੇਗਾ ਪਰ ਕਈ ਥਾਵਾਂ 'ਤੇ ਸਿਹਤ ਕਾਮਿਆਂ 'ਚ ਟੀਕੇ ਪ੍ਰਤੀ ਡਰ ਸੀ ਜਿਸ ਕਾਰਨ ਡਾਕਟਰਾਂ ਨੂੰ ਅੱਗੇ ਕੀਤਾ ਗਿਆ। ਵਿਭਾਗ ਦੇ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਵੀ ਕਿਹਾ ਕਿ ਡਰਨ ਦੀ ਕੋਈ ਗੱਲ ਨਹੀਂ ਹੈ। ਸਾਡੇ ਜ਼ਿਆਦਾਤਰ ਡਾਕਟਰਾਂ ਨੇ ਅੱਗੇ ਹੋ ਕੇ ਵੈਕਸੀਨ ਲਗਵਾਈ ਹੈ।

ਵਿਭਾਗ ਦੇ ਮੰਤਰੀ ਤੇ ਮੁੱਖ ਸਕੱਤਰ ਜੋ ਵੀ ਦਾਅਵਾ ਕਰਨ ਪਰ ਇਕ ਗੱਲ ਤਾਂ ਸਾਫ਼ ਨਜ਼ਰ ਆਈ ਕਿ ਪੈਰਾ ਮੈਡੀਕਲ ਸਟਾਫ 'ਚ ਵੈਕਸੀਨ ਲਾਉਣ ਨੂੰ ਲੈ ਕੇ ਡਰ ਸੀ। ਉਸ 'ਤੇ ਜਦੋਂ ਡਾਕਟਰਾਂ ਨੇ ਆਪਣੇ-ਆਪ ਨੂੰ ਪਿੱਛੇ ਰੱਖ ਕੇ ਉਨ੍ਹਾਂ ਨੂੰ ਅੱਗੇ ਕੀਤਾ ਤਾਂ ਉਨ੍ਹਾਂ 'ਚ ਡਰ ਹੋਰ ਘਰ ਕਰ ਗਿਆ। ਅੰਮਿ੍ਤਸਰ 'ਚ ਸਿਰਫ 78 ਸਿਹਤ ਕਾਮਿਆਂ ਨੇ ਹੀ ਟੀਕਾ ਲਗਵਾਇਆ। ਇਥੇ ਸਿਹਤ ਕਾਮਿਆਂ ਨੇ ਵੈਕਸੀਨੇਸ਼ਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਸੀਨੀਅਰ ਡਾਕਟਰਾਂ ਨੂੰ ਵੈਕਸੀਨ ਲਾਈ ਜਾਵੇ ਉਦੋਂ ਉਹ ਲਗਵਾਉਣਗੇ। ਇਸ ਤੋਂ ਬਾਅਦ ਡਾਕਟਰ ਅੱਗੇ ਆਏ।

ਅਜਿਹੀ ਸਮੱਸਿਆ ਸ਼ੁੱਕਰਵਾਰ ਨੂੰ ਹੀ ਲੁਧਿਆਣਾ 'ਚ ਵੀ ਆ ਗਈ ਸੀ ਪਰ ਲੁਧਿਆਣਾ ਦੇ ਸਿਹਤ ਵਿਭਾਗ ਪ੍ਰਸ਼ਾਸਨ ਨੇ ਟੀਕਾਕਰਨ ਦਾ ਪ੍ਰਰੋਗਰਾਮ ਬਦਲ ਕੇ ਡਾਕਟਰਾਂ ਨੂੰ ਅੱਗੇ ਕਰ ਦਿੱਤਾ ਜਿਸ ਕਾਰਨ ਲੁਧਿਆਣਾ 'ਚ 500 ਦਾ ਜੋ ਟੀਚਾ ਸੀ ਉਸ 'ਚੋਂ 164 ਨੂੰ ਪੂਰਾ ਕਰ ਲਿਆ ਗਿਆ ਹੈ। ਫ਼ਰੀਦਕੋਟ 'ਚ ਸਭ ਤੋਂ ਜ਼ਿਆਦਾ ਟੀਕੇ ਲੱਗੇ। ਇਥੇ 100 ਦਾ ਟੀਚਾ ਸੀ ਪਰ 58 ਅਗਲੀ ਕਤਾਰ ਦੇ ਵਰਕਰਾਂ ਨੇ ਟੀਕੇ ਲਗਵਾਏ।

ਵਿਭਾਗ ਦੇ ਮੁੱਖ ਸਕੱਤਰ ਹੁਸਨ ਲਾਲ ਦਾ ਕਹਿਣਾ ਹੈ ਕਿ ਸੋਮਵਾਰ ਨੂੰ ਇਥੇ ਗਿਣਤੀ ਜ਼ਿਆਦਾ ਵਧੇਗੀ। ਅੱਜ ਪਹਿਲਾ ਦਿਨ ਹੋਣ ਕਾਰਨ ਇਸ ਤਰ੍ਹਾਂ ਦੀਆਂ ਦਿੱਕਤਾਂ ਆਉਣਗੀਆਂ, ਇਸ ਬਾਰੇ ਅੰਦਾਜ਼ਾ ਨਹੀਂ ਸੀ।