ਜੇ ਐੱਸ ਕਲੇਰ, ਜ਼ੀਰਕਪੁਰ : ਡਿਪਟੀ ਕਮਿਸ਼ਨਰ ਮੋਹਾਲੀ ਗਿਰੀਸ਼ ਦਿਆਲਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ਼ਹਿਰ 'ਚ ਕੋਰੋਨਾ ਵਾਇਰਸ ਦੇ ਪ੍ਰਕੋਪ ਨੂੰ ਫੈਲਣ ਤੋਂ ਰੋਕਣ ਲਈ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਸੈਂਪਿਲੰਗ ਅਤੇ ਵੈਕਸੀਨੇਸ਼ਨ ਕੈਂਪ ਲਗਾਏ ਜਾ ਰਹੇ ਹਨ। ਇਸ ਸਬੰਧੀ ਐੱਸਡੀਐੱਮ ਡੇਰਾਬੱਸੀ ਕੁਲਦੀਪ ਬਾਵਾ ਨੇ ਦੱਸਿਆ ਕਿ ਕੈਂਪ ਲਗਾਉਣ ਦਾ ਮੰਤਵ ਕੋਰੋਨਾ ਵਾਇਰਸ ਦੇ ਫੈਲਣ 'ਤੇ ਕਾਬੂ ਪਾਉਣਾ ਹੈ ਅਤੇ ਲੋਕਾਂ ਨੂੰ ਟੈਸਟ ਕਰਵਾਉਣ ਦੇ ਨਾਲ-ਨਾਲ ਵੈਕਸੀਨ ਲਗਵਾਉਣ ਬਾਰੇ ਜਾਗਰੂਕ ਕਰਨਾ ਹੈ। ਉਨਾਂ੍ਹ ਦੱਸਿਆ ਕਿ ਵੈਕਸੀਨੇਸ਼ਨ ਕੈਂਪਾਂ ਦੀ ਲੜੀ ਤਹਿਤ ਅੱਜ ਜੈਪੁਰੀਆ ਸਨਰਾਇਜ਼ ਸੁਸਾਇਟੀ, ਲੋਹਗੜ੍ਹ ਪਿੰਡ, ਢਕੋਲੀ ਅਤੇ ਸਵਿਤਰੀ ਗਰੀਨ ਵਿਖੇ ਵੈਕਸੀਨੇਸ਼ਨ ਕੈਂਪ ਲਗਾਏ ਗਏ। ਉਨ੍ਹਾਂ ਕਿਹਾ ਕਿ ਲੋਕਾਂ 'ਚ ਵੀ ਵੈਕਸੀਨ ਲਗਵਾਉਣ ਪ੍ਰਤੀ ਜਾਗਰੂਕਤਾ ਨਜ਼ਰ ਆਈ ਤੇ ਕਾਫ਼ੀ ਗਿਣਤੀ ਵਿਚ ਲੋਕਾਂ ਨੇ ਸ਼ਿਰਕਤ ਕਰਕੇ ਵੈਕਸੀਨ ਲਗਵਾਈ। ਉਨ੍ਹਾਂ ਹੋਰਨਾਂ ਲੋਕਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਕੋਰੋਨਾ ਵੈਕਸੀਨ ਜ਼ਰੂਰ ਲਗਵਾਈ ਜਾਵੇ ਤਾਂ ਜੋ ਕੋਰੋਨਾ ਮਹਾਮਾਰੀ ਨੂੰ ਕੰਟਰੋਲ ਕੀਤਾ ਜਾ ਸਕੇ। ਉਨਾਂ੍ਹ ਕਿਹਾ ਕਿ ਕੋਰੋਨਾ ਵੈਕਸੀਨ ਪੂਰੀ ਤਰ੍ਹਾਂ ਸੁਰੱਖਿਅਤ ਹੈ ਤੇ ਪੜਾਅ ਦੇ ਅਨੁਸਾਰ ਹਰੇਕ ਵਿਅਕਤੀ ਨੂੰ ਜ਼ਰੂਰ ਵੈਕਸੀਨ ਲਗਵਾਉਣੀ ਚਾਹੀਦੀ ਹੈ। ਉਨ੍ਹਾਂ 45 ਸਾਲ ਤੋਂ ਵਧੇਰੇ ਉਮਰ ਦੇ ਲੋਕਾਂ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਵੈਕਸੀਨ ਜ਼ਰੂਰ ਲਗਵਾਈ ਜਾਵੇ ਤੇ ਬਿਨਾਂ ਜ਼ਰੂਰੀ ਕੰਮ ਦੇ ਘਰ ਤੋਂ ਬਾਹਰ ਨਾ ਨਿਕਲਿਆ ਜਾਵੇ। ਘਰਾਂ 'ਚ ਰਹਿੰਦੇ ਹੋਏ ਵੀ ਸਾਵਧਾਨੀਆਂ ਦੀ ਪਾਲਣਾ ਰੱਖੀ ਜਾਵੇ ਅਤੇ ਮਾਸਕ ਦੀ ਵਰਤੋਂ ਲਾਜ਼ਮੀ ਕੀਤੀ ਜਾਵੇ ਅਤੇ ਹੱਥਾਂ ਨੂੰ ਵਾਰ-ਵਾਰ ਧੋਤਾ ਜਾਵੇ।

ਇਸ ਮੌਕੇ ਜੈਪੁਰੀਆ ਸਨਰਾਇਜ਼ ਸੁਸਾਇਟੀ ਵਿਖੇ ਮਨਦੀਪ ਸਿੰਘ ਮੈਂਡੀ, ਕਰਨ ਬੇਦੀ, ਨਿਤਿਨ ਸ਼ਰਮਾ, ਵਿਭੋਰ ਮਹਿਤਾ, ਵਿਜੈ ਸ਼ੰਗਾਰੀ ਅਤੇ ਰਾਣੀਮਾਜਰਾ ਦੇ ਪੰਚ ਸਤੀ ਨੇ ਵੈਕਸੀਨੇਸ਼ਨ ਲਈ ਪਹੁੰਚੇ ਲੋਕਾਂ ਨੂੰ ਕੋਰੋਨਾ ਨਿਯਮਾਂ ਪਿਰਤੀ ਜਾਗਰੂਕ ਕਰਦਿਆਂ ਉਨ੍ਹਾਂ ਦੀ ਸਹਾਇਤਾ ਕਰਕੇ ਕੈਂਪ ਨੂੰ ਸਫ਼ਲ ਬਣਾਇਆ।