ਚੰਡੀਗੜ੍ਹ/ ਨਵਾਂਸ਼ਹਿਰ : ਪ੍ਰਸ਼ਾਸਨ ਵੱਲੋਂ ਸੂਬੇ 'ਚ ਨਾਜਾਇਜ਼ ਮਾਈਨਿੰਗ `ਤੇ ਰੋਕ ਲਾਉਣ ਲਈ ਠੋਸ ਯਤਨ ਕੀਤੇ ਜਾ ਰਹੇ ਹਨ। ਦੱਸਣਯੋਗ ਹੈ ਕਿ ਪੁਲਿਸ ਤੇ ਮਾਈਨਿੰਗ ਵਿਭਾਗ ਵੱਲੋਂ ਇਸ ਸਬੰਧੀ ਨੋਟਿਸ ਲਿਆ ਗਿਆ ਹੈ।

ਈਡੀ ਮਾਈਨਿੰਗ, ਪੰਜਾਬ ਆਰਐੱਨ ਢੋਕੇ ਨੇ ਖੰਨਾ ਪੁਲਿਸ ਨੂੰ ਪਿਛਲੇ ਹਫਤੇ ਪੁਲਿਸ ਥਾਣਾ ਮਾਛੀਵਾੜਾ ਸਾਹਿਬ ਵਿਖੇ ਦਰਜ ਕੀਤੇ ਗਏ ਮਾਈਿਨੰਗ ਕੇਸ 'ਚ ਸ਼ਾਮਲ ਬਾਕੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੀ ਹਦਾਇਤ ਕੀਤੀ ਸੀ। ਉਨ੍ਹਾਂ ਐਕਸੀਅਨ ਮਾਈਨਿੰਗ, ਐੱਸਬੀਐੱਸ ਜ਼ਰੀਏ ਰਾਹੋਂ ਖੇਤਰ 'ਚ ਕੀਤੀ ਗਈ ਮਾਈਨਿੰਗ ਦੀ ਹੱਦ ਦਾ ਪਤਾ ਲਾਉਣ ਦੇ ਨਿਰਦੇਸ਼ ਵੀ ਦਿੱਤੇ ਸਨ।

ਮੁਲਜ਼ਮ ਗੁਰਿੰਦਰ ਸਿੰਘ ਉਰਫ ਗਿੰਦਾ ਨੂੰ ਖੰਨਾ ਪੁਲਿਸ ਨੇ 09.04.2021 ਨੂੰ ਗ੍ਰਿਫਤਾਰ ਕੀਤਾ ਸੀ ਕਿਉਂਕਿ ਉਹ ਨਵਾਂ ਸ਼ਹਿਰ ਦੇ ਰਾਹੋਂ ਖੇਤਰ 'ਚ ਰੇਤ ਦੀ ਗੈਰ ਕਾਨੂੰਨੀ ਮਾਈਨਿੰਗ 'ਚ ਸ਼ਾਮਲ ਪਾਇਆ ਗਿਆ ਸੀ। ਉਸ ਦੇ ਸਾਥੀ ਕਰਨਵੀਰ ਸਿੰਘ ਨੂੰ ਵੀ ਅੱਜ ਖੰਨਾ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ।

ਜਾਂਚ ਦੌਰਾਨ ਮੁਲਜ਼ਮਾਂ ਵੱਲੋਂ ਇਹ ਖੁਲਾਸਾ ਹੋਇਆ ਕੀਤਾ ਗਿਆ ਕਿ ਰਾਜੂ ਗੁੱਜਰ ਵਾਸੀ ਰਤਨਾਨਾ, ਧਰਮਜੀਤ ਸਿੰਘ ਵਾਸੀ ਸ਼ਮਸ਼ਪੁਰ, ਦਲਵੀਰ ਸਿੰਘ ਉਰਫ ਬਿੱਟੂ ਵਾਸੀ ਬਾਰਸੀਆ ਅਤੇ ਪਵਨ ਸਿੰਘ ਵਾਸੀ ਭਰਤਾ ਸ਼ਮਸ਼ਪੁਰ ਤੇ ਹਦੀਵਾਲ ਪਿੰਡਾਂ ਨੇੜੇ ਰਾਹੋਂ ਖੇਤਰ 'ਚ ਸਤਲੁਜ ਦਰਿਆ ਦੀ ਤਹਿ `ਚ ਮਾਈਨਿੰਗ ਕਰ ਰਹੇ ਸਨ।

ਐਕਸੀਅਨ-ਕਮ-ਜ਼ਿਲ੍ਹਾ ਮਾਈਨਿੰਗ ਅਫਸਰ ਐੱਸਬੀਐੱਸ ਨਗਰ ਗੁਰਤੇਜ ਸਿੰਘ ਗਰਚਾ ਅਤੇ ਜਸਵਿੰਦਰ ਸਿੰਘ, ਡੀਐੱਸਪੀ ਸਮਰਾਲਾ ਦੀ ਅਗਵਾਈ ਵਾਲੀ ਸਾਂਝੀ ਟੀਮ ਨੇ ਕੱਲ੍ਹ ਪ੍ਰਭਾਵਿਤ ਮਾਈਨਿੰਗ ਖੇਤਰ ਦਾ ਦੌਰਾ ਕਰ ਕੇ ਸ਼ਮਸ਼ਪੁਰ ਤੇ ਹਦੀਵਾਲ 'ਚ ਗੈਰ ਕਾਨੂੰਨੀ ਮਾਈਨਿੰਗ ਦੀ ਹੱਦ ਦਾ ਪਤਾ ਲਾਉਣ ਲਈ ਡਰੋਨ ਫੋਟੋਗ੍ਰਾਫੀ ਕੀਤੀ।

ਐਕਸੀਅਨ ਮਾਈਨਿੰਗ ਵੱਲੋਂ ਸੌਂਪੀ ਗਈ ਰਿਪੋਰਟ ਜਾਂਚ ਫਾਈਲ 'ਚ ਸ਼ਾਮਲ ਕੀਤੀ ਜਾਵੇਗੀ। ਈਡੀ ਮਾਈਨਿੰਗ ਆਰਐੱਨ ਢੋਕੇ ਨੇ ਦੱਸਿਆ ਕਿ ਐੱਸਐੱਸਪੀ ਖੰਨਾ ਨੂੰ ਇਸ ਮਾਮਲੇ ਦੀ ਜਾਂਚ 'ਚ ਤੇਜ਼ੀ ਲਿਆਉਣ ਤੇ ਪਹਿਲ ਦੇ ਆਧਾਰ ’ਤੇ ਅਦਾਲਤ 'ਚ ਚਲਾਨ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਸੂਬੇ ਵਿਚ ਨਾਜਾਇਜ਼ ਮਾਈਨਿੰਗ ਨੂੰ ਨੱਥ ਪਾਉਣ ਲਈ ਈਡੀ ਮਾਈਨਿੰਗ ਵੱਲੋਂ ਸਬੰਧਤ ਜ਼ਿਲ੍ਹਿਆਂ ਦੇ ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ।

Posted By: Tejinder Thind