ਜੇਐੱਨਐੱਨ, ਚੰਡੀਗੜ੍ਹ/ਤਰਨਤਾਰਨ/ਅੰਮਿ੍ਤਸਰ/ਬਟਾਲਾ : ਸੂਬੇ 'ਚ ਜ਼ਹਿਰਲੀ ਸ਼ਰਾਬ ਪੀਣ ਨਾਲ ਮਰਨ ਵਾਲਿਆਂ ਦੀ ਗਿਣਤੀ 90 ਹੋ ਗਈ ਹੈ। ਸ਼ਨਿਚਰਵਾਰ ਨੂੰ 41 ਹੋਰ ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ਵਿਚੋਂ 37 ਤਰਨਤਾਰਨ, ਇਕ ਅੰਮਿ੍ਤਸਰ ਤੇ ਤਿੰਨ ਬਟਾਲੇ ਦੇ ਰਹਿਣ ਵਾਲੇ ਸਨ।

ਇਸ ਮਾਮਲੇ 'ਚ ਪੰਜਾਬ ਸਰਕਾਰ ਨੇ ਲਾਪਰਵਾਹੀ ਵਰਤਣ ਵਾਲੇ ਸੱਤ ਐਕਸਾਈਜ਼ ਤੇ ਛੇ ਪੁਲਿਸ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਉੱਥੇ ਪੰਜਾਬ ਪੁਲਿਸ ਨੇ ਸ਼ਨਿਚਰਵਾਰ ਨੂੰ ਸੂਬੇ 'ਚ ਕਰੀਬ 100 ਥਾਵਾਂ 'ਤੇ ਛਾਪੇਮਾਰੀ ਕਰ ਕੇ ਜ਼ਹਿਰੀਲੀ ਸ਼ਰਾਬ ਲਈ ਅਲਕੋਹਲ ਸਪਲਾਈ ਵਾਲੇ ਨੈੱਟਵਰਕ ਨੂੰ ਤੋੜਿਆ ਹੈ। ਸ਼ਰਾਬ ਬਣਾਉਣ ਲਈ ਅਲਕੋਹਲ ਜ਼ਿਲ੍ਹਾ ਪਟਿਆਲਾ ਦੇ ਢਾਬਿਆਂ ਤੋਂ ਤਰਨਤਾਰਨ ਪਹੁੰਚਾਈ ਜਾਂਦੀ ਸੀ। ਤਿੰਨ ਢਾਬਿਆਂ ਨੂੰ ਸੀਲ ਕਰ ਦਿੱਤਾ ਗਿਆ ਹੈ। ਪਟਿਆਲਾ, ਅੰਮਿ੍ਤਸਰ, ਗੁਰਦਾਸਪੁਰ ਤੇ ਤਰਨਤਾਰਨ 'ਚ ਛਾਪੇਮਾਰੀ ਕਰ ਕੇ ਕੁਲ 17 ਮੁਲਜ਼ਮਾਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ।

ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਗਿ੍ਫ਼ਤਾਰ ਕੀਤੇ ਮੁੱਖ ਮੁਲਜ਼ਮਾਂ 'ਚ ਬਟਾਲੇ ਦੀ ਮਹਿਲਾ ਕਿੰਗਪਿਨ ਦਰਸ਼ਨ ਰਾਣੀ ਉਰਫ਼ ਫ਼ੌਜਣ ਤੇ ਜੰਡਿਆਲਾ ਦੇ ਰਹਿਣ ਵਾਲੇ ਮਾਸਟਰਮਾਈਂਡ ਗੋਬਿੰਦਬੀਰ ਸਿੰਘ ਉਰਫ਼ ਗੋਬਿੰਦਾ ਸ਼ਾਮਲ ਹਨ। ਗੋਬਿੰਦਾ ਤਰਨਤਾਰਨ ਤੋਂ ਅੰਮਿ੍ਤਸਰ ਪੇਂਡੂ ਇਲਾਕੇ 'ਚ ਸ਼ਰਾਬ ਸਪਲਾਈ ਕਰ ਰਿਹਾ ਸੀ। ਤਰਨਤਾਰਨ ਪੁਲਿਸ ਨੂੰ ਲੋੜੀਂਦਾ ਆਜ਼ਾਦ ਟਰਾਂਸਪੋਰਟ ਦੇ ਮਾਲਕ ਪ੍ਰੇਮ ਸਿੰਘ ਤੇ ਭਿੰਦਾ ਨੂੰ ਵੀ ਰਾਜਪੁਰਾ ਪੁਲਿਸ ਨੇ ਗਿ੍ਫ਼ਤਾਰ ਕੀਤਾ ਹੈ।

ਸ਼ਰਾਬ ਫੈਕਟਰੀਆਂ 'ਚ ਜਾਣ ਵਾਲੀ ਸਪਿਰਟ ਨੂੰ ਉਤਾਰਿਆਂ ਜਾਂਦਾ ਸੀ ਢਾਬਿਆਂ 'ਤੇ

ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਨਕਲੀ ਸ਼ਰਾਬ ਬਣਾਉਣ ਲਈ ਸ਼ਰਾਬ ਫੈਕਟਰੀਆਂ ਨੂੰ ਜਾਣ ਵਾਲੇ ਅਲਕੋਹਲ ਤੇ ਸਪਿਰਟ ਨੂੰ ਜ਼ਿਲ੍ਹਾ ਪਟਿਆਲਾ ਦੇ ਢਾਬਿਆਂ 'ਤੇ ਉਤਾਰਿਆ ਜਾਂਦਾ ਸੀ। ਇਸ ਤੋਂ ਬਾਅਦ ਅੰਮਿ੍ਤਸਰ ਤੇ ਤਰਨਤਾਰਨ 'ਚ ਇਸ ਦੀ ਸਪਲਾਈ ਕੀਤੀ ਜਾਂਦੀ ਸੀ। ਬਨੂੜ ਨੇੜੇ ਪਿਛਲੇ ਦਿਨੀਂ ਫੜੀ ਗਈ ਨਾਜਾਇਜ਼ ਸ਼ਰਾਬ ਫੈਕਟਰੀ ਦੇ ਮਾਮਲੇ 'ਚ ਦੋਸ਼ੀ ਭਿੰਦਾ ਤੇ ਬਨੂੜ ਨੇੜੇ ਸਥਿਤ ਥੂਹਾ ਦੇ ਰਹਿਣ ਵਾਲੇ ਬਿੱਟੂ ਇਸ ਕੰਮ 'ਚ ਸ਼ਾਮਲ ਸਨ। ਉਹ ਹੀ ਤਰਨਤਾਰਨ ਤੇ ਆਸਪਾਸ ਦੇ ਖੇਤਰਾਂ 'ਚ ਸਪਲਾਈ ਦਿੰਦੇ ਸਨ।

ਝਿਲਮਿਲ ਸਮੇਤ ਤਿੰਨ ਢਾਬੇ ਕੀਤੇ ਸੀਲ

ਸ਼ੰਭੂ ਦੇ ਝਿਲਮਿਲ ਢਾਬੇ, ਬਨੂੜ ਦੇ ਗ੍ਰੀਨ ਢਾਬੇ ਤੇ ਰਾਜਪੁਰਾ ਦੇ ਿਛੰਦਾ ਢਾਬੇ ਨੂੰ ਸੀਲ ਕਰ ਦਿੱਤਾ ਗਿਆ ਹੈ। ਝਿਲਮਿਲ ਢਾਬੇ 'ਚੋਂ 200 ਲੀਟਰ ਲਾਹਣ ਬਰਾਮਦ ਕੀਤੀ ਗਈ। ਢਾਬੇ ਦੇ ਪ੍ਰਬੰਧਕ ਨਰਿੰਦਰ ਸਿੰਘ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ ਤੇ ਢਾਬਾ ਮਾਲਕ ਹਰਜੀਤ ਸਿੰਘ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਇਸ ਤੋਂ ਇਲਾਵਾ ਰਾਜਪੁਰਾ-ਚੰਡੀਗੜ੍ਹ ਮਾਰਗ 'ਤੇ ਸਥਿਤ ਬਨੂੜ 'ਚ ਗ੍ਰੀਨ ਢਾਬੇ ਤੋਂ 200 ਲੀਟਰ ਡੀਜ਼ਲ ਵਰਗਾ ਤਰਲ ਪਦਾਰਥ ਦੇ ਚਾਰ-ਪੰਜ ਛੋਟੇ ਕੰਟੇਨਰ ਬਰਾਮਦ ਕਰ ਕੇ ਢਾਬਾ ਮਾਲਕ ਗੁਰਜੰਟ ਸਿੰਘ, ਇਕ ਹੋਰ ਮੁਲਤਾਨੀ ਢਾਬੇ ਦੇ ਮਾਲਕ ਨਰਿੰਦਰ ਸਿੰਘ ਨੂੰ ਵੀ ਗਿ੍ਫ਼ਤਾਰ ਕੀਤਾ ਗਿਆ ਹੈ। ਤਰਨਤਾਰਨ ਦੇ ਪਿੰਡ ਢੋਟੀਆਂ ਦੇ ਰਹਿਣ ਵਾਲੇ ਗੁਰਪਾਲ ਸਿੰਘ ਨੂੰ ਪ੍ਰਰੋਡਕਸ਼ਨ ਵਾਰੰਟ 'ਤੇ ਲਿਆ ਜਾੇਵਗਾ। ਉਸ ਨੂੰ ਲੰਘੀ 9 ਜੁਲਾਈ ਨੂੰ ਫਿਲੌਰ 'ਚ 4000 ਲੀਟਰ ਕੈਮੀਕਲ ਤੇ ਸਪਿਰਟ ਨਾਲ ਗਿ੍ਫ਼ਤਾਰ ਕੀਤਾ ਗਿਆ ਸੀ।

ਤਿੰਨ ਈਟੀਓ ਤੇ ਦੋ ਡੀਐੱਸਪੀ ਸਮੇਤ 13 ਅਧਿਕਾਰੀ ਮੁਅੱਤਲ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨਿਚਰਵਾਰ ਨੂੰ 'ਆਸਕ ਕੈਪਟਨ' ਪ੍ਰਰੋਗਰਾਮ 'ਚ ਲੋਕਾਂ ਨਾਲ ਰੂਬਰੂ ਹੁੰਦੇ ਹੋਏ ਕਿਹਾ ਕਿ ਲਾਪਰਵਾਹੀ ਵਰਤਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਇਹ ਸ਼ਰਮਨਾਕ ਹੈ ਤੇ ਪੁਲਿਸ ਤੇ ਆਬਕਾਰੀ ਵਿਭਾਗ ਨਕਲੀ ਸ਼ਰਾਬ ਬਣਾਉਣ ਵਾਲਿਆਂ ਨੂੰ ਨਹੀਂ ਫੜ ਸਕੇ। ਇਸ ਮਾਮਲੇ 'ਚ ਲਾਪਰਵਾਹੀ ਵਰਤਣ 'ਤੇ 13 ਅਧਿਕਾਰੀਆਂ ਨੂੰ ਮੁਅੱਤਲ ਕਰ ਕੇ ਉਨ੍ਹਾਂ ਖ਼ਿਲਾਫ਼ ਜਾਂਚ ਦੇ ਹੁਕਮ ਦਿੱਤੇ ਗਏ ਹਨ।

ਮੁਅੱਤਲ ਕੀਤੇ ਗਏ ਕਰ ਤੇ ਆਬਕਾਰੀ ਵਿਭਾਗ ਦੇ ਅਧਿਕਾਰੀਆਂ 'ਚ ਗੁਰਦਾਸਪੁਰ ਦੇ ਈਟੀਓ ਲਵਜਿੰਦਰ ਸਿੰਘ ਬਰਾੜ, ਅੰਮਿ੍ਤਸਰ ਦੇ ਈਟੀਓ ਬੀਐੱਸ ਚਾਹਲ, ਤਰਨਤਾਰਨ ਦੇ ਈਟੀਓ ਮਧੁਰ ਭਾਟੀਆ ਤੇ ਇੰਸਪੈਕਟਰ ਰਵੀ ਕੁਮਾਰ (ਗੁਰਦਾਸਪੁਰ), ਗੁਰਦੀਪ ਸਿੰਘ (ਅੰਮਿ੍ਤਸਰ), ਪੁਖਰਾਜ (ਫਤਿਹਾਬਾਦ) ਤੇ ਹਿਤੇਸ਼ ਪ੍ਰਭਾਕਰ (ਤਰਨਤਾਰਨ) ਦੇ ਨਾਂ ਸ਼ਾਮਲ ਹਨ। ਉਨ੍ਹਾਂ ਤੋਂ ਇਲਾਵਾ ਅੰਮਿ੍ਤਸਰ ਦੇ ਜੰਡਿਆਲਾ ਦੇ ਡੀਐੱਸਪੀ ਮਨਜੀਤ ਸਿੰਘ, ਤਰਨਤਾਰਨ ਦੇ ਡੀਐੱਸਪੀ ਸੁੱਚਾ ਸਿੰਘ ਬੱਲ, ਤਰਨਤਾਰਨ ਥਾਣਾ ਸਿਟੀ ਦੇ ਐੱਸਐੱਚਓ ਅੰਮਿ੍ਤਪਾਲ ਸਿੰਘ ਤੇ ਥਾਣਾ ਸਦਰ ਦੀ ਐੱਸਐੱਚਓ ਬਲਜੀਤ ਕੌਰ, ਤਰਸਿੱਕਾ ਥਾਣੇ ਦੇ ਐੱਸਐੱਚਓ ਬਿਕਰਮ ਸਿੰਘ ਤੇ ਬਟਾਲਾ ਸਿਵਲ ਲਾਈਨ ਥਾਣੇ ਦੇ ਐੱਸਐੱਚਓ ਮੁਖਤਿਆਰ ਸਿੰਘ ਨੂੰ ਵੀ ਮੁਅੱਤਲ ਕੀਤਾ ਗਿਆ ਹੈ।

ਪੀੜਤ ਪਰਿਵਾਰਾਂ ਨੂੰ ਦੋ-ਦੋ ਲੱਖ ਰੁਪਏ ਦੀ ਮਦਦ

ਸ਼ਨਿਚਰਵਾਰ ਰਾਤ ਤਕ ਕੁੱਲ 90 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਪੀੜਤ ਪਰਿਵਾਰਾਂ ਨੂੰ ਦੋ-ਦੋ ਲੱਖ ਰੁਪਏ ਦੀ ਮਦਦ ਦੇਣ ਦਾ ਐਲਾਨ ਕੀਤਾ ਹੈ।

ਪੰਜ ਟੀਮਾਂ ਬਣਾ ਕੇ 40 ਜਗ੍ਹਾ ਮਾਰੇ ਛਾਪੇ

ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਤੋਂ ਬਾਅਦ ਪੁਲਿਸ ਨੇ ਸੂਬੇ ਭਰ 'ਚ ਅੱਠ ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਹੈ। ਇਸ ਲਈ 40 ਜਗ੍ਹਾ ਛਾਪੇ ਮਾਰੇ ਗਏ। ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਪੁਲਿਸ ਦੀਆਂ ਪੰਜ ਟੀਮਾਂ ਬਣਾ ਕੇ ਵੱਡੀ ਮਾਤਰਾ 'ਚ ਮਿਲਾਵਟੀ ਸ਼ਰਾਬ, ਡਰੰਮ ਤੇ ਹੋਰ ਸਾਮਾਨ ਜ਼ਬਤ ਕੀਤਾ ਹੈ। ਜ਼ਬਤ ਕੀਤੀ ਸ਼ਰਾਬ ਨੂੰ ਕੈਮੀਕਲ ਜਾਂਚ ਲਈ ਭੇਜਿਆ ਗਿਆ ਹੈ। ਛਾਪੇ ਮਾਰਨ ਦਾ ਸਿਲਸਿਲਾ ਜਾਰੀ ਹੈ।

ਜਲਦ ਹੀ ਇਸ ਮਾਮਲੇ 'ਚ ਹੋਰ ਗਿ੍ਫ਼ਤਾਰੀਆਂ ਹੋ ਸਕਦੀਆਂ ਹਨ। ਪਿੰਡ ਮੁੱਛਲ ਤੋਂ ਗਿ੍ਫ਼ਤਾਰ ਕੀਤੀ ਗਈ ਬਲਵਿੰਦਰ ਕੌਰ ਤੋਂ ਇਲਾਵਾ ਅੰਮਿ੍ਤਸਰ ਤੋਂ ਹੀ ਮਿੱਠੂ ਨਾਂ ਦੇ ਮੁਲਜ਼ਮ ਨੂੰ ਫੜਿਆ ਗਿਆ ਹੈ। ਮਿੱਠੂ ਨੇ ਸ਼ਰਾਬ ਸਪਲਾਈ ਦੀ ਗੱਲ ਸਵੀਕਾਰ ਕੀਤੀ ਹੈ। ਇਸ ਤੋਂ ਇਲਾਵਾ ਦਰਸ਼ਨ ਰਾਣੀ ਤੇ ਰਾਜਨ ਨੂੰ ਬਟਾਲਾ ਤੋਂ ਤੇ ਕਸ਼ਮੀਰ ਸਿੰਘ, ਅੰਗਰੇਜ਼ ਸਿੰਘ, ਅਮਰਜੀਤ ਤੇ ਬਲਜੀਤ ਨੂੰ ਤਰਨਤਾਰਨ ਤੋਂ ਗਿ੍ਫ਼ਤਾਰ ਕੀਤਾ ਗਿਆ ਹੈ। ਡੀਆਈਜੀ ਬਾਰਡਰ ਰੇਂਜ ਹਰਦਿਆਲ ਸਿੰਘ ਤੇ ਤਰਨਤਾਰਨ ਦੇ ਐੱਸਐੱਸਪੀ ਧਰੁਮਨ ਐੱਚ ਨਿੰਬਲੇ ਨੇ ਦੱਸਿਆ ਕਿ ਜੇ ਇਸ ਮਾਮਲੇ 'ਚ ਪੁਲਿਸ ਮੁਲਾਜ਼ਮਾਂ ਦੀ ਲਾਪਰਵਾਹੀ ਸਾਹਮਣੇ ਆਈ ਤਾਂ ਉਨ੍ਹਾਂ 'ਤੇ ਵੀ ਕਾਰਵਾਈ ਕੀਤੀ ਜਾਵੇਗੀ।