ਜੈ ਸਿੰਘ ਛਿੱਬਰ, ਨਵੀਂ ਦਿੱਲੀ/ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਚੰਗਾਲੀਵਾਲਾ ਕਾਂਡ ਦਾ ਮੁੱਦਾ ਪਾਰਲੀਮੈਂਟ 'ਚ ਉਠਾਉਂਦੇ ਹੋਏ ਪੀੜਿਤ ਪਰਿਵਾਰ ਨੂੰ ਇਨਸਾਫ਼ ਲਈ ਕੇਂਦਰੀ ਗ੍ਰਹਿ ਮੰਤਰਾਲੇ ਦਾ ਤੁਰੰਤ ਦਖ਼ਲ ਮੰਗਿਆ ਹੈ।

ਸੋਮਵਾਰ ਨੂੰ ਸੰਸਦ ਦੇ ਸਰਦ ਰੁੱਤ ਸੈਸ਼ਨ ਦੇ ਪਹਿਲੇ ਦਿਨ ਸਿਫਰ ਕਾਲ ਦੌਰਾਨ ਇਸ ਸੰਵੇਦਨਸ਼ੀਲ ਮੁੱਦੇ 'ਤੇ ਭਗਵੰਤ ਮਾਨ ਵਿਸਥਾਰ ਨਾਲ ਬੋਲੇ ਅਤੇ ਉਨ੍ਹਾਂ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਰੱਜ ਕੇ ਕੋਸਿਆ।

ਭਗਵੰਤ ਮਾਨ ਨੇ ਦੱਸਿਆ ਕਿ ਸੰਗਰੂਰ ਲੋਕ ਸਭਾ ਹਲਕੇ ਦੇ ਪਿੰਡ ਚੰਗਾਲੀਵਾਲਾ 'ਚ ਇਕ ਦਲਿਤ ਨੌਜਵਾਨ ਜਗਮੇਲ ਸਿੰਘ ਨੂੰ ਕੋਹ-ਕੋਹ ਕੇ ਮਾਰਿਆ ਗਿਆ। ਪਲਾਸ ਨਾਲ ਨੋਚ ਕੇ ਉੱਤੇ ਤੇਜ਼ਾਬ ਛਿੜਕਿਆ ਗਿਆ ਅਤੇ ਪਾਣੀ ਮੰਗਣ 'ਤੇ ਪਿਸ਼ਾਬ ਪਿਲਾਇਆ ਗਿਆ, ਪਰੰਤੂ ਦੁੱਖ ਦੀ ਗੱਲ ਇਹ ਹੈ ਕਿ ਪੰਜਾਬ ਸਰਕਾਰ (ਮੁੱਖ ਮੰਤਰੀ) ਕੈਪਟਨ ਅਮਰਿੰਦਰ ਸਿੰਘ ਛੁੱਟੀਆਂ ਮਨਾਉਣ ਅਤੇ ਸ਼ਿਕਾਰ ਖੇਡਣ ਵਿਦੇਸ਼ ਗਈ ਹੈ ਅਤੇ ਇਸ ਸਮੇਂ ਸੂਬੇ 'ਚ ਕੋਈ ਵੀ ਫ਼ੈਸਲਾ ਲੈਣ ਦੇ ਸਮਰੱਥ ਨਹੀਂ ਹੈ, ਦੂਜੇ ਪਾਸੇ ਲੋਕ ਸੜਕਾਂ 'ਤੇ ਹਨ ਅਤੇ ਪਰਿਵਾਰ ਪੀਜੀਆਈ ਚੰਡੀਗੜ੍ਹ 'ਚ ਧਰਨਾ ਲਗਾਈ ਬੈਠੇ ਹਨ। ਮਾਨ ਨੇ ਦੱਸਿਆ ਕਿ ਪਰਿਵਾਰ 50 ਲੱਖ ਰੁਪਏ ਦਾ ਮੁਆਵਜ਼ਾ ਅਤੇ ਇੱਕ ਸਰਕਾਰੀ ਨੌਕਰੀ ਦੀ ਮੰਗ ਕਰ ਰਿਹਾ ਹੈ।

ਭਗਵੰਤ ਮਾਨ ਨੇ ਕਿਹਾ ਕਿ ਕਿਉਂਕਿ ਇਸ ਸਮੇਂ ਕਿਸੇ ਕੋਲ ਪਰਿਵਾਰ ਦੀ ਮੰਗ ਮੰਨੇ ਜਾਣ ਦਾ ਅਧਿਕਾਰੀ ਨਹੀਂ ਹੈ, ਇਸ ਲਈ ਕੇਂਦਰੀ ਗ੍ਰਹਿ ਮੰਤਰਾਲਾ ਤੁਰੰਤ ਦਖ਼ਲ ਦੇ ਕੇ ਪੰਜਾਬ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦੇ ਕੇ ਪੀੜਤ ਪਰਿਵਾਰ ਨੂੰ ਇਨਸਾਫ਼ ਅਤੇ ਦੋਸ਼ੀਆਂ ਨੂੰ ਮਿਸਾਲੀ ਸਜ਼ਾ ਯਕੀਨੀ ਬਣਾਵੇ ਤਾਂ ਜੋ ਭਵਿੱਖ 'ਚ ਕੋਈ ਅਜਿਹੀ ਦਰਿੰਦਗੀ ਕਰਨ ਬਾਰੇ ਸੋਚ ਵੀ ਨਾ ਸਕੇ।

ਭਗਵੰਤ ਮਾਨ ਨੇ ਕੈਪਟਨ ਅਮਰਿੰਦਰ ਸਿੰਘ ਸਰਕਾਰ 'ਤੇ ਤਨਜ਼ ਕੱਸਦਿਆਂ ਕਿਹਾ ਕਿ ਇਕ ਪਾਸੇ ਪੰਜਾਬ ਸਰਕਾਰ ਵਿਦੇਸ਼ਾਂ 'ਚ ਸ਼ਿਕਾਰ ਖੇਡਣ ਗਈ ਹੋਈ ਹੈ, ਦੂਜੇ ਪਾਸੇ ਪੰਜਾਬ 'ਚ ਦਰਿੰਦੇ ਇਨਸਾਨੀਅਤ ਦਾ ਸ਼ਿਕਾਰ ਕਰਨ ਲੱਗੇ ਹੋਏ ਹਨ।

ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ ਕਿ ਮੁੱਖ ਸਕੱਤਰ ਪੰਜਾਬ ਨਾਲ ਦੋ ਵਾਰ ਫ਼ੋਨ 'ਤੇ ਗੱਲ ਕਰ ਚੁੱਕੇ ਹਨ, ਪਰੰਤੂ ਉਹ ਫੈਸਲਾਕੁੰਨ ਹੱਲ ਕੱਢਣ 'ਚ ਬੇਵੱਸ ਹਨ।

ਦਲਿਤ ਕਾਂਗਰਸੀ ਆਗੂ ਅਤੇ ਵਿਧਾਇਕ ਰਾਜ ਕੁਮਾਰ ਵੇਰਕਾ ਅਤੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਵੀ ਪੀੜਤ ਪਰਿਵਾਰ ਨੂੰ ਸੰਤੁਸ਼ਟ ਨਹੀਂ ਕਰ ਸਕੇ, ਇਸ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੀਆਂ ਛੁੱਟੀਆਂ ਰੱਦ ਕਰਕੇ ਤੁਰੰਤ ਵਾਪਸ ਆਉਣ।

Posted By: Tejinder Thind