ਜ. ਸ., ਪੰਚਕੂਲਾ : ਪੋਕਸੋ ਐਕਟ ਦੇ ਮਾਮਲੇ 'ਚ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਨੇ ਦੋਸ਼ੀ ਸੰਦੀਪ ਕੁਮਾਰ ਨਿਵਾਸੀ ਭੋਗਪੁਰ ਕਾਲੋਨੀ ਕੁੁਰੂਕਸ਼ੇਤਰ ਨੂੰ 16 ਸਾਲਾ ਨਾਬਾਲਿਗਾ ਨਾਲ ਜਬਰ-ਜ਼ਨਾਹ ਕਰਨ 'ਤੇ 12 ਸਾਲ ਦੀ ਕੈਦ ਅਤੇ ਇਕ ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਪੀੜਤਾ ਦੇ ਪਰਿਵਾਰਕ ਮੈਂਬਰਾਂ ਨੇ 12 ਜੂਨ 2018 ਨੂੰ ਥਾਣਾ ਸੈਕਟਰ-14 ਵਿਖੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸਦੀ ਬੇਟੀ ਘਰੋਂ ਬਿਨਾਂ ਦੱਸੇ ਚਲੀ ਗਈ ਹੈ।

ਸ਼ਿਕਾਇਤ 'ਤੇ ਪੁਲਿਸ ਨੇ ਕਾਰਵਾਈ ਕਰਦਿਆਂ ਉਸਨੂੰ 17 ਜੂਨ 2018 ਨੂੰ ਕੁਰੂਕਸ਼ੇਤਰ ਤੋਂ ਬਰਾਮਦ ਕਰ ਲਿਆ ਸੀ। ਪੀੜਤਾ ਦਾ ਮੈਡੀਕਲ ਕਰਵਾਉਣ ਤੋਂ ਬਾਅਦ ਨਾਬਾਲਿਗਾ ਦੇ ਨਾਲ ਹੋਏ ਗਲਤ ਕੰਮ 'ਤੇ ਧਾਰਾ ਚਾਰ ਅਧੀਨ ਪੋਕਸੋ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਸੀ। ਮਾਮਲੇ 'ਚ ਜਾਂਚ ਅਧਿਕਾਰੀ ਉਪ ਨਿਰੀਖਕ ਬਲਦੇਵ ਸਿੰਘ ਨੇ ਦੱਸਿਆ ਕਿ ਮਾਮਲੇ 'ਚ ਸੰਦੀਪ ਕੁਮਾਰ ਨੂੰ 26 ਜੂਨ 2018 'ਚ ਗਿ੍ਫਤਾਰ ਕਰਕੇ 21 ਸਤੰਬਰ 2018 ਨੂੰ ਚਲਾਨ ਪੇਸ਼ ਕਰ ਦਿੱਤਾ ਸੀ। ਮਾਮਲੇ ਦੀ ਸੁਣਵਾਈ ਦੌਰਾਨ ਅਦਾਲਤ ਨੇ ਦੋਹਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਨਤੀਜੇ 'ਤੇ ਪਹੁੰਚਦਿਆਂ ਦੋਸ਼ੀ ਸੰਦੀਪ ਕੁਮਾਰ ਨੂੰ 12 ਸਾਲ ਦੀ ਕੈਦ ਅਤੇ ਇਕ ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ।