ਸਤਵਿੰਦਰ ਸਿੰਘ ਧੜਾਕ, ਐੱਸਏਐੱਸ ਨਗਰ : ਮੋਹਲੀ ਜ਼ਿਲ੍ਹੇ 'ਚ ਕੋਰੋਨਾ ਵਿਸ਼ਾਣੂ ਦੇ ਲਾਗ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ ਰੁਕਣ ਦਾ ਨਾਂ ਨਹੀਂ ਲੈ ਰਹੀ। ਮਈ ਦੇ ਅਖ਼ੀਰਲੇ ਹਫ਼ਤੇ ਵਿਚ ਜ਼ਿਲ੍ਹੇ ਵਿਚ 9 ਮਰੀਜ਼ਾਂ ਨੂੰ ਕੋਰੋਨਾ ਹੋਣ ਦੀ ਪੁਸ਼ਟੀ ਹੋਈ ਤੇ ਹੁਣ ਜੂਨ ਦੇ ਮਹੀਨੇ ਦੇ ਸ਼ੁਰੂਆਤ 'ਚ ਹੀ ਦੋ ਹੋਰ ਮਰੀਜ਼ਾਂ ਨੂੰ ਕੋਰੋਨਾ ਵਾਇਰਸ ਹੋਣ ਦੇ ਨਾਲ ਜ਼ਿਲ੍ਹੇ ਵਿਚ ਕੁੱਲ ਮਰੀਜ਼ਾਂ ਦੀ ਗਿਣਤੀ ਵੱਧ ਕੇ 116(ਜਿਨ੍ਹਾਂ ਵਿਚ 3 ਮੌਤਾਂ ਸ਼ਾਮਿਲ ਹਨ) ਹੋ ਗਈ ਹੈ। ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਦੋਵੇਂ ਮਰੀਜ਼ ਮੋਹਾਲੀ ਦੇ ਸੈਕਟਰ-77 ਨਾਲ ਸਬੰਧਤ ਹਨ ਜਿਹੜੇ ਕਿ ਇਥੋਂ ਦੇ ਹੀ ਜ਼ਾਕਿਰ ਨਾਂਅ ਦੇ 21 ਸਾਲਾ ਵਿਅਕਤੀ ਦੇ ਪਰਿਵਾਰਕ ਮੈਂਬਰ ਹਨ। ਜ਼ਾਕਿਰ ਜੋ ਕਿ ਬੱਦੀ ਵਿਖੇ ਇਕ ਢਾਬਾ ਮਾਲਿਕ ਹੈ ਦਾ ਨਮੂਨਾ ਫ਼ਲੂ ਕਾਰਨਰ 'ਤੇ ਲਿਆ ਗਿਆ ਸੀ ਜਿਸ ਵਿਚ ਕਿ ਕੋਰੋਨਾ ਵਿਸ਼ਾਣੂ ਪਾਇਆ ਗਿਆ। ਹੁਣ ਉਸ ਦੀ ਮਾਤਾ-ਪਿਤਾ ਦੀ ਰਿਪੋਰਟ ਵੀ ਪਾਜ਼ੇਟਿਵ ਆ ਗਈ। ਇਸ ਦੇ ਪਰਿਵਾਰਕ ਮੈਂਬਰਾਂ ਦੇ ਸਮੇਤ 4 ਦੇ ਨਮੂਨੇ ਲਏ ਗਏ ਸਨ। ਸਿਹਤ ਵਿਭਾਗ ਦੇ ਅਧਿਕਾਰੀਆਂ ਦੀ ਮੰਨੀਏ ਤਾਂ ਹੁਣ ਜ਼ਿਲ੍ਹੇ ਵਿਚ ਨਮੂਨੇ ਲੈਣ ਦੇ ਕੰਮਾਂ ਵਿਚ ਤੇਜ਼ੀ ਲਿਆਂਦੀ ਗਈ ਹੈ ਜਿਸ ਕਰਕੇ ਰਿਪੋਰਟਾਂ ਵੀ ਦੇਰੀ ਨਾਲ ਆ ਰਹੀਆਂ ਹਨ।

ਘਰੇਲੂ ਉਡਾਨਾਂ 'ਚੋਂ 207 ਨਮੂਨੇ ਲਏ

ਦੱਸਣਾ ਬਣਦਾ ਹੈ ਕਿ ਹੁਣ ਤਕ ਮੋਹਾਲੀ ਆਈਆਂ ਘਰੇਲੂ ਉਡਾਨਾਂ ਤੋਂ 207 ਨਮੂਨੇ ਲਏ ਗਏ ਸਨ ਜਿਨ੍ਹਾਂ ਵਿਚੋਂ 8 ਨੂੰ ਕੋਰੋਨਾ ਦਾ ਲਾਗ ਪਾਇਆ ਗਿਆ ਹੈ। ਮੋਹਾਲੀ ਜ਼ਿਲ੍ਹੇ ਨਾਲ ਸਬੰਧਤ ਹੁਣ ਤਕ 138 ਐੱਨਆਰਆਈ ਪੁੱਜੇ ਸਨ ਜਿਨ੍ਹਾਂ ਵਿਚੋਂ 116 ਦੇ ਨਮੂਨੇ ਲਏ ਗਏ ਹਨ ਇਨ੍ਹਾਂ ਵਿਚੋਂ 10 ਦੀਆਂ ਰਿਪੋਰਟਾਂ ਆਉਣੀਆਂ ਬਾਕੀ ਹਨ ਤੇ ਦੋ ਕੋਰੋਨਾ ਦਾ ਲਾਗ ਪਾਇਆ ਗਿਆ ਇਹ ਦੋਵੇਂ ਓਮਾਨ ਤੇ ਅਮਰੀਕਾ ਤੋਂ ਆਏ ਸਨ। ਇਥੇ ਇਹ ਦੱਸਣਾਂ ਬਣਦਾ ਹੈ ਕਿ ਮੋਹਾਲੀ ਜ਼ਿਲ੍ਹੇ ਵਿਚ ਹੁਣ ਤਕ ਕੋਰੋਨਾ ਪ੍ਰਭਾਵਿਤ ਮਰੀਜ਼ਾਂ ਵਿਚੋਂ 103 ਨੂੰ ਛੁੱਟੀ ਕਰ ਦਿੱਤੀ ਗਈ ਹੈ ਜਦ ਕਿ 10 ਹਾਲੇ ਵੀ ਇਲਾਜ ਅਧੀਨ ਅਧੀਨ ਹਨ।

ਲੰਘੇ ਸੋਮਵਾਰ ਨੂੰ ਨਵਾਂ ਗਰਾਓਂ ਦੇ ਆਦਰਸ਼ ਨਗਰ ਦੀ ਰਹਿਣ ਵਾਲੀ ਉਰਮਿਲਾ ਨੂੰ ਪੀਜੀਆਈ ਨੇ ਅੱਜ ਛੁੱਟੀ ਕਰ ਦਿੱਤੀ ਹੈ। ਉਰਮਿਲਾ ਚੰਡੀਗੜ੍ਹ ਦੇ ਸੈਕਟਰ-16 ਵਿਖੇ ਜਣੇਪੇ ਲਈ ਦਾਖ਼ਲ ਹੋਈ ਸੀ ਇਸ ਦੌਰਾਨ ਉਸ ਦਾ ਕੋਰੋਨਾ ਟੈਸਟ ਪਾਜ਼ੇਟਿਵ ਪਾਇਆ ਗਿਆ। ਇਸ ਦੌਰਾਨ ਉਸ ਦੇ ਸੰਪਰਕ ਵਿਚਲੇ 14 ਲੋਕਾਂ ਦੀਆਂ ਰਿਪੋਰਟਾਂ ਨੈਗੇਟਿਵ ਆਈਆਂ ਸਨ ਜਦ ਕਿ ਉਸ ਦੀ ਛੋਟੀ ਬੱਚੀ ਵੀ ਲਾਗ ਤੋਂ ਨਿਛੋਹ ਰਹੀ। ਉਰਮਿਲਾ ਕੋਰੋਨਾ ਤੋਂ ਫ਼ਤਿਹ ਹਾਸਿਲ ਕਰਨ ਵਾਲੀ 103ਵੀਂ ਮਰੀਜ਼ ਹੈ ਉਸ ਨੂੰ ਕੋਰੋਨਾ ਪਾਜ਼ੇਟਿਵ ਹੋਣ ਮਗਰੋਂ ਨਵਾਂ ਗਰਾਓਂ ਦੇ ਆਦਰਸ਼ ਨਗਰ ਦੇ ਕਰੀਬ 600 ਲੋਕਾਂ ਦੀ ਸਿਹਤ ਦੀ ਜਾਂਚ ਵੀ ਕੀਤੀ ਗਈ ਸੀ।

-------------

ਅਸੀਂ ਹੁਣ ਤਕ ਕੁੱਲ 5786 ਨਮੂਨੇ ਜਾਂਚ ਲਈ ਭੇਜੇ ਹਨ ਜਿਨ੍ਹਾਂ ਵਿਚ 242 ਨਮੂਨੇ ਸੋਮਵਾਰ ਨੂੰ ਲਏ ਗਏ ਤੇ ਇਨ੍ਹਾਂ ਦੀ ਰਿਪੋਰਟ ਹਾਲੇ ਆਉਣੀ ਬਾਕੀ ਹੈ। ਅੱਜ ਲਏ ਗਏ ਨਮੂਨਿਆਂ ਵਿਚੋਂ ਮੋਹਾਲੀ ਏਅਰਪੋਰਟ ਪੁੱਜੀਆਂ ਵੱਖ-ਵੱਖ ਉਡਾਨਾਂ ਤੋਂ 40 ਨਮੂਨੇ ਏਅਰਪੋਰਟ ਤੋਂ ਲਏ ਗਏ ਹਨ। ਅੱਜ ਤਿੰਨ ਫ਼ਲਾਈਟਾਂ ਇਥੇ ਪੁੱਜੀਆਂ ਸਨ ਜਦ ਕਿ ਐਤਵਾਰ ਤਕ ਏਅਰਪੋਰਟ ਤੋਂ ਲਏ ਗਏ 34 ਨਮੂਨਿਆਂ ਵਿਚੋਂ 8 ਦੀ ਰਿਪੋਰਟ ਹਾਲੇ ਆਉਣੀਂ ਬਾਕੀ ਹੈ। ਮੈਂ ਜ਼ਿਲ੍ਹੇ ਦਾ ਸਿਵਲ ਸਰਜਨ ਹੋਣ ਦੇ ਨਾਤੇ ਹਾਲੇ ਵੀ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਆਪਣੇ ਘਰਾਂ ਵਿਚ ਹੀ ਰਹਿਣ ਦੀ ਜ਼ਰੂਰਤ ਹੈ ਹਾਲੇ ਖ਼ਤਰਾ ਟਲਿਆ ਨਹੀਂ ਹੈ ਇਸ ਲਈ ਸਰੀਰਕ ਦੂਰੀ ਬਣਾਏ ਰੱਖਣਾਂ ਲਾਜ਼ਮੀ ਹੈ।

ਡਾ. ਮਨਜੀਤ ਸਿੰਘ ਸਿਵਲ ਸਰਜਨ ਮੋਹਾਲੀ