ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਜ਼ਹਿਰੀਲੀ ਸ਼ਰਾਬ ਨਾਲ ਮੌਤਾਂ ਦੇ ਮਾਮਲੇ 'ਚ ਪੰਜਾਬ ਪੁਲਿਸ ਨੇ ਸ਼ੁੱਕਰਵਾਰ ਨੂੰ ਦੋ ਭਗੌੜੇ ਪਿਤਾ-ਪੁੱਤ ਨੂੰ ਗਿ੍ਫ਼ਤਾਰ ਕੀਤਾ ਹੈ। ਮੁਲਜ਼ਮਾਂ 'ਚ ਪੰਡੋਰੀ ਗੋਲਾ ਪਿੰਡ ਦੇ ਹਰਜੀਤ ਸਿੰਘ ਤੇ ਸ਼ਮਸ਼ੇਰ ਸਿੰਘ ਉਰਫ਼ ਸ਼ੇਰਾ ਹਨ। ਇਨ੍ਹਾਂ ਨੂੰ ਮਿਲਾ ਕੇ ਹੁਣ ਤਕ ਕੁੱਲ 54 ਲੋਕ ਗਿ੍ਫ਼ਤਾਰ ਕੀਤੇ ਜਾ ਚੁੱਕੇ ਹਨ। ਸਾਰਿਆਂ ਖ਼ਿਲਾਫ਼ ਦਰਜ ਮਾਮਲਿਆਂ 'ਚ ਹੱਤਿਆ ਦੀਆਂ ਧਾਰਾਵਾਂ ਜੋੜੀਆਂ ਗਈਆਂ ਹਨ।

ਡੀਜੀਪੀ ਦਿਨਕਰ ਗੁਪਤਾ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਹ ਧਾਰਾਵਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ 'ਤੇ ਜੋੜੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਜ਼ਹਿਰੀਲੀ ਸ਼ਰਾਬ ਨਾਲ 113 ਮੌਤਾਂ ਦੇ ਮਾਮਲੇ 'ਚ ਹੁਣ ਤਕ ਤਰਨਤਾਰਨ ਤੋਂ 37, ਅੰਮਿ੍ਤਸਰ ਦਿਹਾਤ ਤੋਂ 9 ਤੇ ਬਟਾਲਾ ਤੋਂ ਅੱਠ ਲੋਕਾਂ ਨੂੰ ਗਿ੍ਫ਼ਤਾਰ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਹਰਜੀਤ ਤੇ ਸ਼ਮਸ਼ੇਰ ਤੋਂ ਇਲਾਵਾ ਕਸ਼ਮੀਰ ਸਿੰਘ ਤੇ ਸਤਨਾਮ ਸਿੰਘ ਉਰਫ਼ ਸੱਤਾ ਖ਼ਿਲਾਫ਼ ਹੱਤਿਆ ਦੀਆਂ ਧਾਰਾਵਾਂ ਲਾਈਆਂ ਗਈਆਂ ਹਨ। ਹਰਜੀਤ ਨੂੰ ਅੰਮਿ੍ਤਸਰ ਤੋਂ ਤੇ ਉਸ ਦੇ ਬੇਟੇ ਸ਼ਮਸ਼ੇਰ ਨੂੰ ਤਰਨਤਾਰਨ ਤੋਂ ਗਿ੍ਫ਼ਤਾਰ ਕੀਤਾ ਗਿਆ ਹੈ। ਹਰਜੀਤ ਦੇ ਦੂਜੇ ਪੁੱਤ ਸਤਨਾਮ ਨੂੰ ਪਹਿਲਾਂ ਹੀ ਗਿ੍ਫ਼ਤਾਰ ਕੀਤਾ ਜਾ ਚੁੱਕਾ ਹੈ।

ਡੀਜੀਪੀ ਅਨੁਸਾਰ ਸੂਬੇ 'ਚ ਨਕਲੀ ਸ਼ਰਾਬ ਮਾਫੀਆ ਦੇ ਖ਼ਾਤਮੇ ਲਈ ਛਾਪੇਮਾਰੀ ਤਹਿਤ 24 ਘੰਟਿਆਂ 'ਚ 116 ਨਵੇਂ ਮਾਮਲੇ ਦਰਜ ਕਰ ਕੇ 74 ਲੋਕਾਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਮਾਮਲਿਆਂ 'ਚ 1114 ਲੀਟਰ ਨਾਜਾਇਜ਼ ਸ਼ਰਾਬ, 642 ਲੀਟਰ ਨਕਲੀ ਸ਼ਰਾਬ ਤੇ 3921 ਕਿੱਲੋ ਲਾਹਣ ਬਰਾਮਦ ਕੀਤੀ ਗਈ ਹੈ।