ਪੰਜ ਦਿਨ ਪਹਿਲਾ ਹੋਇਆ ਸੀ ਹਾਦਸਾ, ਅਜੇ ਤਕ ਬਿਆਨ ਨਹੀਂ ਲੈਣ ਆਈ ਪੁਲਿਸ

ਪੰਜਾਬੀ ਜਾਗਰਣ ਟੀਮ, ਐੱਸਏਐੱਸ ਨਗਰ : ਮਿਹਨਤ ਮਜ਼ਦੂਰੀ ਕਰਕੇ ਘਰ ਦਾ ਖਰਚ ਚੁੱਕਣ ਵਾਲਾ ਮਜ਼ਦੂਰ ਭੀਖਮ ਤੇ ਉਸਦੀ ਸਾਲੀ ਆਸ਼ਾ ਦੇਵੀ ਨੂੰ ਟੀਡੀਆਈ ਸਿਟੀ ਕੋਲ ਕਾਰ ਚਾਲਕ ਨੇ ਸੜਕ ਪਾਰ ਕਰਦੇ ਸਮੇਂ ਟੱਕਰ ਮਾਰ ਦਿੱਤੀ। ਹਾਦਸੇ 'ਚ ਆਸ਼ਾ ਦੇਵੀ ਦੀ ਲੱਤ 'ਚ ਮਲਟੀਪਲ ਫਰੈਕਚਰ ਆਇਆ ਹੈ ਜਦਕਿ ਭੀਖਮ ਦੀ ਕਮਰ ਟੁੱਟ ਗਈ ਹੈ। ਦੋਵਾਂ ਨੂੰ ਪੀਸੀਆਰ ਦੀ ਮਦਦ ਨਾਲ ਫੇਜ਼-6 ਸਿਵਲ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਜ਼ਖ਼ਮੀਆਂ ਦੇ ਪਰਿਵਾਰ ਦਾ ਦੋਸ਼ ਹੈ ਕਿ ਹਾਦਸੇ 'ਚ ਪੰਜ ਦਿਨ ਬਾਅਦ ਵੀ ਕੋਈ ਪੁਲਿਸ ਮੁਲਾਜ਼ਮ ਜ਼ਖ਼ਮੀਆਂ ਦੇ ਬਿਆਨ ਲੈਣ ਤਕ ਨਹੀਂ ਆਇਆ ਹੈ। ਜਦ ਉਹ ਖੁਦ ਬਲੌਂਗੀ ਥਾਣੇ ਬਿਆਨ ਦਰਜ ਕਰਵਾਉਣ ਗਏ ਤਾਂ ਉਨ੍ਹਾਂ ਨੇ ਉਨ੍ਹਾਂ ਨੰੂ ਉਥੋਂ ਭਜਾ ਦਿੱਤਾ। ਹੈਰਾਨੀ ਦੀ ਗੱਲ ਇਹ ਹੈ ਕਿ ਜਿਸ ਗੱਡੀ ਨੇ ਦੋਵਾਂ ਨੂੰ ਜ਼ਖ਼ਮੀ ਕੀਤਾ ਹੈ ਜਖ਼ਮੀਆਂ ਦੇ ਪਰਿਵਾਰ ਵਾਲਿਆਂ ਕੋਲ ਉਸ ਗੱਡੀ ਦਾ ਨੰਬਰ ਤਕ ਮੌਜੂਦ ਹੈ। ਬਾਵਜੂਦ ਇਸ ਦੇ ਬਲੌਂਗੀ ਥਾਣਾ ਪੁਲਿਸ ਇਹ ਕਹਿ ਕੇ ਟਾਲਮੌਟਲ ਕਰ ਰਹੀ ਹੈ ਕਿ ਜਿਥੇ ਹਾਦਸਾ ਹੋਇਆ ਉਹ ਏਰੀਆ ਉਨ੍ਹਾਂ ਦੇ ਅਧਿਕਾਰ ਖੇਤਰ ਵਿਚ ਨਹੀਂ ਆਉਂਦਾ ਹੈ। ਦੂਜੇ ਪਾਸੇ ਹਸਪਤਾਲ ਪ੍ਰਸ਼ਾਸਨ ਨੇ ਦੱਸਿਆ ਕਿ ਉਨ੍ਹਾਂ ਵਲੋਂ ਪੁਲਿਸ ਨੂੰ ਸੁਨੇਹਾ ਭੇਜਿਆ ਜਾ ਚੁੱਕਿਆ ਹੈ।

ਰਾਹਗੀਰ ਨੇ ਹੀ ਦੇ ਦਿੱਤਾ ਸੀ ਪੁਲਿਸ ਨੂੰ ਨੰਬਰ

ਭੀਖਮ ਨੇ ਦੱਸਿਆ ਕਿ ਉਹ ਤੇ ਉਸ ਦੀ ਸਾਲੀ ਆਸ਼ਾ ਦੇਵੀ ਲੇਬਰ ਦਾ ਕੰਮ ਕਰਦੀ ਹੈ। 17 ਅਕਤੂਬਰ ਦੀ ਸ਼ਾਮ ਨੰੂ ਟੀਡੀਆਈ ਸਿਟੀ ਕੋਲ ਜਦੋਂ ਉਹ ਸੜਕ ਕਿਨਾਰੇ ਖੜ੍ਹੇ ਹੋ ਕੇ ਸੜਕ ਪਾਰ ਕਰਨ ਲੱਗੇ ਤਾਂ ਦੂਜੇ ਪਾਸੇ ਤੋਂ ਆਈ ਤੇਜ਼ ਰਫ਼ਤਾਰ ਨਿਸ਼ਾਨ ਮਾਈਕ੍ਰਾ ਗੱਡੀ ਨੇ ਉਨ੍ਹਾਂ ਨੂੰ ਪਿੱਛੋਂ ਟੱਕਰ ਮਾਰ ਦਿੱਤੀ ਤੇ ਫ਼ਰਾਰ ਹੋ ਗਿਆ। ਹਾਦਸੇ 'ਚ ਦੋਵੇਂ ਜਖ਼ਮੀ ਹੋ ਗਏ। ਇਕ ਰਾਹਗੀਰ ਨੇ ਗੱਡੀ ਦਾ ਨੰਬਰ ਨੋਟ ਕਰਕੇ ਪੀਸੀਆਰ ਮੁਲਾਜ਼ਮਾਂ ਨੰੂ ਦਿੱਤਾ ਤੇ ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ। ਮਾਈਕ੍ਰਾ ਗੱਡੀ ਮੋਹਾਲੀ ਦੀ ਦੱਸੀ ਜਾ ਰਹੀ ਹੈ।

ਕੋਟਸ)----ਮਾਮਲਾ ਮੇਰੇ ਧਿਆਨ 'ਚ ਨਹੀਂ ਹੈ। ਜੇਕਰ ਹਾਦਸਾ ਸਾਡੇ ਥਾਣੇ ਅਧੀਨ ਹੋਇਆ ਹੈ ਤਾਂ ਜ਼ਖ਼ਮੀਆਂ ਦੇ ਬਿਆਨ ਦਰਜ ਕਰਵਾਉਣ ਲਈ ਮੁਲਾਜ਼ਮ ਦੀ ਡਿਊਟੀ ਲਗਾਈ ਜਾਵੇਗੀ। ਜਲਦੀ ਮੁਲਜ਼ਮ ਨੰੂ ਗਿ੍ਫਤਾਰ ਕਰ ਲਿਆ ਜਾਵੇਗਾ। ਇਕ ਵਾਰ ਪਹਿਲਾ ਹਾਦਸੇ ਵਾਲੀ ਥਾਂ ਪਤਾ ਕਰਵਾ ਲਈਏ। - ਮਨਫੂਲ ਸਿੰਘ ਐੱਸਐੱਚਓ, ਬਲੌਂਗੀ

ਚੰਡੀਗੜ੍ਹ-ਅੰਬਾਲਾ ਹਾਈਵੇ 'ਤੇ ਕਾਰ ਨੇ ਆਟੋ ਨੂੰ ਮਾਰੀ ਟੱਕਰ, ਸਵਾਰੀਆਂ ਜ਼ਖ਼ਮੀ

ਉਧਰ, ਚੰਡੀਗੜ੍ਹ-ਅੰਬਾਲਾ ਹਾਈਵੇ 'ਤੇ ਮੈਕਡੋਨਲਡ ਦੇ ਠੀਕ ਸਾਹਮਣੇ ਇਕ ਤੇਜ਼ ਰਫ਼ਤਾਰ ਆਈ-20 ਗੱਡੀ ਨੇ ਸਾਹਮਣੇ ਜਾ ਰਹੇ ਆਟੋ ਚਾਲਕ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ 'ਚ ਆਈ-20 ਗੱਡੀ ਦੇ ਏਅਰਬੈਗ ਖੁੱਲ੍ਹਣ ਕਾਰਨ ਕਾਰ ਚਾਲਕ ਵਾਲ-ਵਾਲ ਬਚ ਗਿਆ, ਪਰ ਆਟੋ 'ਚ ਸਵਾਰ ਸਵਾਰੀਆਂ ਤੇ ਚਾਲਕ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਜ਼ਖ਼ਮੀਆਂ 'ਚ ਆਟੋ ਚਾਲਕ ਸੰਨੀ ਵਾਸੀ ਗਾਜ਼ੀਪੁਰ, ਡੇਰਾਬੱਸੀ ਸ਼ਾਮਲ ਹੈ, ਜਦਕਿ ਸਵਾਰੀਆਂ 'ਚ ਅਜਮੇਰ ਸਿੰਘ ਤੇ ਸ਼ਾਰਦਾ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਡੇਰਾਬੱਸੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਹਾਲਾਂਕਿ ਆਟੋ ਚਾਲਕ ਸੰਨੀ ਦੇ ਜੀਜਾ ਜੋਗਿੰਦਰ ਸਿੰਘ ਲਾਡੀ ਨੇ ਦੱਸਿਆ ਕਿ ਕਾਰ ਚਾਲਕ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ, ਜਿਸ ਦੀ ਪਛਾਣ ਸਾਹਿਬ ਸਿੰਘ ਵਾਸੀ ਡੇਰਾਬੱਸੀ ਵਜੋਂ ਹੋਈ ਹੈ। ਸੰਨੀ ਮੂਲ ਰੂਪ ਤੋਂ ਪਟਿਆਲਾ ਜ਼ਿਲ੍ਹੇ 'ਚ ਪੈਂਦੇ ਪਿੰਡ ਸਮਾਨਾ ਦਾ ਵਾਸੀ ਹੈ ਤੇ ਆਪਣੇ ਜੀਜਾ ਕੋਲ ਗਾਜੀਪੁਰ ਪਿੰਡ 'ਚ ਰਹਿੰਦਾ ਹੈ। ਉਹ ਸੋਮਵਾਰ ਸਵੇਰੇ ਆਟੋ 'ਚ ਸਵਾਰੀਆਂ ਲੈ ਕੇ ਡੇਰਾਬੱਸੀ ਜਾ ਰਿਹਾ ਸੀ ਕਿ ਮੈਕਡੋਨਲਡ ਕੋਲ ਪਿੱਛੋਂ ਉਸ ਨੂੰ ਆਈ-20 ਕਾਰ ਨੇ ਟੱਕਰ ਮਾਰ ਦਿੱਤੀ। ਗੱਡੀ ਦੀ ਰਫ਼ਤਾਰ ਇੰਨੀ ਤੇਜ਼ ਸੀ ਕਿ ਟੱਕਰ ਮਗਰੋਂ ਉਸ ਦਾ ਆਟੋ ਸੜਕ 'ਤੇ ਤਿੰਨ-ਚਾਰ ਵਾਰ ਪਲਟਣ ਮਗਰੋਂ ਫੁੱਟਪਾਥ 'ਤੇ ਜਾ ਕੇ ਰੁਕਿਆ। ਰਾਹਗੀਰਾਂ ਨੇ ਜ਼ਖ਼ਮੀਆਂ ਨੂੰ ਤੁਰੰਤ ਪੀਸੀਆਰ ਦੀ ਮਦਦ ਨਾਲ ਡੇਰਾਬੱਸੀ ਹਸਪਤਾਲ ਪਹੁੰਚਾਇਆ।