ਇੰਦਰਪ੍ਰੀਤ ਸਿੰਘ, ਚੰਡੀਗਡ਼੍ਹ : ਮੁਹਾਲੀ ਦੇ ਪਿੰਡ ਪਲਹੇਡ਼ੀ ਬਲਾਮ ਮਾਜਰੀ 'ਚ ਚਾਰ ਏਕਡ਼ ਪੰਚਾਇਤੀ ਜ਼ਮੀਨ ਨੂੰ ਠੇਕੇ ’ਤੇ ਲੈਣ ਲਈ ਦੋ ਕਿਸਾਨਾਂ ਵਿੱਚ ਅਜਿਹਾ ਮੁਕਾਬਲਾ ਹੋਇਆ ਕਿ ਇਸ ਜ਼ਮੀਨ ਦੀ ਬੋਲੀ 33.10 ਲੱਖ ਵਿੱਚ ਪ੍ਰਗਟ ਸਿੰਘ ਦੇ ਨਾਂ ਹੋਈ। ਆਮ ਤੌਰ ’ਤੇ ਇਸ ਇਲਾਕੇ ਵਿੱਚ 40-50 ਹਜ਼ਾਰ ਦੇ ਵਿਚਕਾਰ ਜ਼ਮੀਨ ਦਾ ਠੇਕਾ ਹੁੰਦਾ ਹੈ ਪਰ ਪਿੰਡ ਦੀ ਇਸ ਜ਼ਮੀਨ ਨੂੰ ਲੈਣ ਲਈ ਪਰਗਟ ਸਿੰਘ ਅਤੇ ਭੁਪਿੰਦਰ ਸਿੰਘ ਵਿਚਕਾਰ ਗਰਾਰੀ ਫਸ ਗਈ ਅਤੇ ਦੋਵੇਂ ਇੱਕ-ਦੂਜੇ ਤੋਂ ਵੱਧ ਬੋਲੀ ਲਗਾ ਕੇ ਚਲੇ ਗਏ। ਆਖ਼ਰਕਾਰ ਚਾਰ ਏਕਡ਼ ਜ਼ਮੀਨ ਦਾ ਠੇਕਾ 33.10 ਲੱਖ ਤੈਅ ਹੋਇਆ।

ਜ਼ਮੀਨ ਦੀ ਬੋਲੀ ਕਰਵਾ ਰਹੇ ਪੰਚਾਇਤ ਸਕੱਤਰ ਭਰਤ ਪਾਲ ਨੇ ਦੱਸਿਆ ਕਿ ਜ਼ਮੀਨ ਲੈਣ ਵਾਲੇ ਪਰਗਟ ਸਿੰਘ ਨੇ ਬੋਲੀ ਦੀ ਰਕਮ ਦਾ ਚਾਲੀ ਫੀਸਦੀ ਚੈੱਕ ਉਸੇ ਸਮੇਂ ਦੇ ਦਿੱਤਾ ਅਤੇ ਬਾਕੀ ਰਕਮ ਵਿਭਾਗ ਦੇ ਖਾਤੇ ਵਿੱਚ ਜਮ੍ਹਾਂ ਕਰਵਾ ਦਿੱਤੀ ਹੈ। ਵਿਭਾਗ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਪਰਗਟ ਸਿੰਘ ਤੋਂ ਹਲਫ਼ਨਾਮਾ ਲਿਆ ਗਿਆ ਹੈ ਕਿ ਉਹ ਇਸ ਜ਼ਮੀਨ ਦੀ ਵਰਤੋਂ ਖੇਤੀ ਲਈ ਹੀ ਕਰਨਗੇ ਅਤੇ ਕਿਸੇ ਵੀ ਕੰਪਨੀ ਨੂੰ ਲੀਜ਼ ’ਤੇ ਨਹੀਂ ਦੇਣਗੇ। ਉਨ੍ਹਾਂ ਕਿਹਾ ਕਿ ਸਾਰਾ ਪੈਸਾ ਸਾਡੇ ਕੋਲ ਜਮ੍ਹਾਂ ਹੋ ਗਿਆ ਹੈ।

ਪਤਾ ਲੱਗਾ ਹੈ ਕਿ ਪਰਗਟ ਸਿੰਘ ਅਤੇ ਭੁਪਿੰਦਰ ਸਿੰਘ ਪਹਿਲਾਂ ਹੀ ਆਪਸ ਵਿਚ ਰਾਜ਼ੀ ਹੋ ਚੁੱਕੇ ਹਨ ਅਤੇ ਕਿਸੇ ਵੀ ਕੀਮਤ ’ਤੇ ਇਕ-ਦੂਜੇ ਨੂੰ ਜ਼ਮੀਨ ਨਾ ਲੈਣ ਦੇਣ ਲਈ ਦੋਵਾਂ ਨੇ ਬੋਲੀ ਲਾਉਣੀ ਸ਼ੁਰੂ ਕਰ ਦਿੱਤੀ ਅਤੇ ਬੋਲੀ ਇਕ-ਇਕ ਹਜ਼ਾਰ ਰੁਪਏ ਵਧਾ ਦਿੱਤੀ। ਇਹ ਪੰਚਾਇਤੀ ਜ਼ਮੀਨ ਪਿਛਲੇ ਸਾਲ ਭੁਪਿੰਦਰ ਸਿੰਘ ਨੇ ਲਈ ਸੀ, ਜਿਸ ਨੂੰ ਪ੍ਰਗਟ ਸਿੰਘ ਇਸ ਵਾਰ ਕਿਸੇ ਵੀ ਹਾਲਤ ਵਿੱਚ ਲੈਣਾ ਚਾਹੁੰਦਾ ਸੀ। ਜਦੋਂ ਬੋਲੀ ਤਿੰਨ ਲੱਖ ਨੂੰ ਪਾਰ ਕਰ ਗਈ ਤਾਂ ਬੋਲੀ ਦੌਰਾਨ ਬੈਠੇ ਪਿੰਡ ਪਲਹੇਡ਼ੀ ਦੇ ਲੋਕਾਂ ਵਿੱਚ ਉਤਸੁਕਤਾ ਪੈਦਾ ਹੋ ਗਈ। ਦੇਖਦੇ ਹੀ ਦੇਖਦੇ ਇਹ 33 ਲੱਖ ਤੱਕ ਪਹੁੰਚ ਗਿਆ। ਪਰਗਟ ਸਿੰਘ ਨੇ 33.10 ਲੱਖ ਦੀ ਆਖਰੀ ਬੋਲੀ ਦਿੱਤੀ। ਪਿੰਡ ਦੇ ਸਰਪੰਚ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਬੋਲੀ ਸ਼ਾਂਤਮਈ ਢੰਗ ਨਾਲ ਨੇਪਰੇ ਚਡ਼੍ਹ ਗਈ।

ਪੈਸਾ ਪਿੰਡ ਦੇ ਵਿਕਾਸ ਲਈ ਖਰਚ ਕੀਤਾ ਜਾਵੇਗਾ : ਪਰਗਟ ਸਿੰਘ

ਪੰਚਾਇਤ ਵਿਭਾਗ ਦੇ ਇਤਿਹਾਸ ਵਿੱਚ ਪਹਿਲੀ ਵਾਰ ਇੰਨੀ ਵੱਡੀ ਬੋਲੀ ਲਾਉਣ ਵਾਲੇ ਪਰਗਟ ਸਿੰਘ ਨੇ ਮੰਨਿਆ ਕਿ ਜ਼ਮੀਨ ਲੈਣ ਲਈ ਉਨ੍ਹਾਂ ਦੀ ਜ਼ਿੱਦ ’ਤੇ ਇਹ 33.10 ਲੱਖ ਤੱਕ ਪਹੁੰਚ ਗਈ ਪਰ ਮੈਨੂੰ ਖੁਸ਼ੀ ਹੈ ਕਿ ਇਹ ਸਾਰਾ ਪੈਸਾ ਵਿਕਾਸ ਕਾਰਜਾਂ ’ਤੇ ਖਰਚ ਹੋਵੇਗਾ। ਮੈਂ ਪਹਿਲਾਂ ਵੀ ਪਿੰਡ ਦੇ ਵਿਕਾਸ ਵਿੱਚ ਯੋਗਦਾਨ ਪਾਉਂਦਾ ਰਿਹਾ, ਅਜੇ ਵੀ ਦੇਣਾ ਚਾਹੁੰਦਾ ਸੀ ਪਰ ਇਹ ਨਹੀਂ ਸੀ ਪਤਾ ਕਿ ਇਹ ਪੈਸਾ ਇੰਨੀ ਵੱਡੀ ਬੋਲੀ ਦੇਣ ਦੇ ਰੂਪ ਵਿੱਚ ਦੇਣਾ ਪਵੇਗਾ।

ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਨੌਜਵਾਨ ਆਗੂ ਪਰਮਬੰਸ ਸਿੰਘ ਰੋਮਾਣਾ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਕਿਸਾਨਾਂ ਸਿਰ ਕਰਜ਼ਾ ਵਧਦਾ ਹੈ। ਉਨ੍ਹਾਂ ਕਿਹਾ ਕਿ ਖੁੱਲ੍ਹੀ ਬੋਲੀ ’ਤੇ ਜ਼ਮੀਨ ਦੇਣਾ ਚੰਗਾ ਕਦਮ ਹੈ ਪਰ ਇਸ ਦੀ ਹੱਦ ਤੈਅ ਹੋਣੀ ਚਾਹੀਦੀ ਹੈ।

Posted By: Seema Anand