ਕੇਐੱਸ ਕਲੇਰ, ਜ਼ੀਰਕਪੁਰ

ਬਲਟਾਣਾ ਖੇਤਰ 'ਚ ਦੋ ਵੱਖ-ਵੱਖ ਮਾਮਲਿਆਂ 'ਚ ਇਕ ਪ੍ਰਵਾਸੀ ਅੌਰਤ ਤੇ ਦੂਜੇ ਮਾਮਲੇ 'ਚ ਇਕ ਪਤੀ ਵੱਲੋਂ ਆਪਣੀ ਪਤਨੀ ਤੋਂ ਤੰਗ ਆ ਕੇ ਗਲ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਹੈ। ਪੁਲਿਸ ਨੇ ਇਕ ਮਾਮਲੇ 'ਚ ਵਿਅਕਤੀ ਨੂੰ ਖ਼ੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ ਹੇਠ ਉਸ ਦੀ ਪਤਨੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਜਦਕਿ ਦੂਜੇ ਮਾਮਲੇ 'ਚ ਪ੍ਰਵਾਸੀ ਅੌਰਤ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਦੇ ਮੁਰਦਾਘਰ 'ਚ ਰੱਖਵਾ ਦਿੱਤਾ ਹੈ, ਜਿਨ੍ਹਾਂ ਦੇ ਮਾਪੇ ਆਉਣ ਮਗਰੋਂ ਅਗਲੀ ਕਾਰਵਾਈ ਕੀਤੀ ਜਾਏਗੀ।

ਜਾਣਕਾਰੀ ਦਿੰਦਿਆ ਬਲਟਾਣਾ ਪੁਲਿਸ ਚੌਂਕੀ ਦੇ ਇੰਚਾਰਜ ਐੱਸਆਈ ਭਿੰਦਰ ਸਿੰਘ ਨੇ ਦੱਸਿਆ ਕਿ ਲੰਘੀ ਸ਼ਾਮ ਸੂਚਨਾ ਮਿਲੀ ਸੀ ਕਿ 27 ਸਾਲਾ ਦੇ ਹਰਜਿੰਦਰ ਸਿੰਘ ਵਾਸੀ ਮਾਡਰਨ ਇਨਕਲੇਵ ਨੇ ਆਪਣੇ ਘਰ 'ਚ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਹੈ। ਪੁਲਿਸ ਨੇ ਦੱਸਿਆ ਕਿ ਮਿ੍ਤਕ ਦੀ ਮਾਤਾ ਪਰਮਜੀਤ ਕੌਰ ਵਾਸੀ ਪਿੰਡ ਬਡੂੰਗਰ ਪਟਿਆਲਾ ਨੇ ਦੱਸਿਆ ਕਿ ਉਸ ਦੇ ਲੜਕੇ ਦੀ ਅੱਠ ਸਾਲ ਪਹਿਲਾਂ ਅਮਨਜੌਤ ਕੌਰ ਨਾਲ ਲਵ ਮੈਰਿਜ ਹੋਈ ਸੀ। ਵਿਆਹ ਤੋਂ ਬਾਅਦ ਉਨ੍ਹਾਂ ਦੇ ਦੋ ਬੱਚੇ ਹਨ ਜਿਨ੍ਹਾਂ 'ਚ ਇਕ ਲੜਕਾ ਤੇ ਲੜਕੀ ਸ਼ਾਮਲ ਹਨ। ਵਿਆਹ ਮਗਰੋਂ ਉਨ੍ਹਾਂ ਦੀ ਨੂੰਹ ਉਨ੍ਹਾਂ ਦੇ ਲੜਕੇ ਨੂੰ ਸ਼ੁਰੂ ਤੋਂ ਹੀ ਤੰਗ ਕਰ ਰਹੀ ਸੀ। ਉਨ੍ਹਾਂ ਦੱਸਿਆ ਕਿ ਕੱਲ੍ਹ ਉਨ੍ਹਾਂ ਦੇ ਲੜਕੇ ਦੀ ਨਾਨੀ ਦਾ ਭੋਗ ਸੀ ਜਿਥੇ ਉਹ ਆਪਣੀ ਪਤਨੀ ਨੂੰ ਨਾਲ ਲੈ ਕੇ ਜਾਣਾ ਚਾਹੁੰਦਾ ਸੀ ਪਰ ਉਹ ਨਹੀਂ ਗਈ ਜਿਸ ਕਾਰਨ ਦੋਵਾਂ ਵਿਚਕਾਰ ਕਾਫ਼ੀ ਕਲੇਸ਼ ਹੋਇਆ, ਜਿਸ ਤੋਂ ਪ੍ਰਰੇਸ਼ਾਨ ਆ ਕੇ ਉਨ੍ਹਾਂ ਦੇ ਲੜਕੇ ਨੇ ਖ਼ੁਦਕੁਸ਼ੀ ਕਰ ਲਈ।

ਪੁਲਿਸ ਨੇ ਕਾਰਵਾਈ ਕਰਦਿਆਂ ਮਿ੍ਤਕ ਦੀ ਪਤਨੀ ਅਮਨਜੋਤ ਕੌਰ ਖ਼ਿਲਾਫ਼ ਖ਼ੁਦਕੁਸ਼ੀ ਕਰਨ ਲਈ ਮਜਬੂਰ ਕਰਨ ਦੇ ਦੋਸ਼ ਹੇਠ ਕੇਸ ਦਰਜ ਕਰ ਕੇ ਉਸ ਨੂੰ ਗਿ੍ਫ਼ਤਾਰ ਕਰ ਲਿਆ। ਪੁਲਿਸ ਮੁਲਜ਼ਮ ਪਤਨੀ ਨੂੰ ਕਲ ਅਦਾਲਤ ਵਿਚ ਪੇਸ਼ ਕਰੇਗੀ।

ਇਸ ਤੋਂ ਇਲਾਵਾ ਦੂਜੇ ਮਾਮਲੇ 'ਚ ਪੀਰ ਬਾਬਾ ਰੋਡ 'ਤੇ ਕਿਰਾਏ 'ਤੇ ਰਹਿਣ ਵਾਲੀ 24 ਸਾਲਾ ਦੀ ਪ੍ਰਵਾਸੀ ਅੌਰਤ ਬਟੌਲਾ ਪੁੱਤਰੀ ਰਾਮ ਚਲਾਵਣ ਪਤਨੀ ਅਵਦੇਸ਼ ਨੇ ਅੱਜ ਸਵੇਰ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਮਿ੍ਤਕਾ ਆਪਣੇ ਪਿੱਛੇ ਇਕ ਬੱਚਾ ਛੱਡ ਗਈ ਹੈ। ਪੁਲਿਸ ਨੇ ਦੱਸਿਆ ਕਿ ਮਿ੍ਤਕਾ ਦਾ ਪਤੀ ਸਵੇਰ ਤੋਂ ਹੀ ਗਾਇਬ ਹੈ ਜੋ ਪੱਥਰ ਲਗਾਉਣ ਦਾ ਕੰਮ ਕਰਦਾ ਸੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਮਿ੍ਤਕਾ ਦੇ ਮਾਪਿਆਂ ਨੂੰ ਸੂਚਿਤ ਕਰ ਦਿੱਤਾ ਹੈ ਜਿਨ੍ਹਾਂ ਦੇ ਆਉਣ ਮਗਰੋਂ ਅਗਲੀ ਕਾਰਵਾਈ ਕੀਤੀ ਜਾਏਗੀ।