ਪੰਜਾਬੀ ਜਾਗਰਣ ਟੀਮ, ਐੱਸਏਐੱਸ ਨਗਰ : ਨਾਮੀ ਕੰਪਨੀਆਂ ਤੋਂ ਆਨਲਾਈਨ ਇੰਪੋਰਟਿਡ ਸਾਮਾਨ ਮੰਗਵਾ ਕੇ ਉਸ ਨੂੰ ਅਗਲੇ ਦਿਨ ਰਿਟਰਨ ਕਰ ਦੇਣਾ ਜਿਸ ਨੂੰ ਦੋ ਵਿਅਕਤੀਆਂ ਨੇ ਪੇਸ਼ਾ ਬਣਾ ਲਿਆ ਸੀ। ਇਸੇ ਮਾਧਿਅਮ ਨਾਲ ਦੋਵੇਂ ਵਿਅਕਤੀ ਕਾਫ਼ੀ ਦਿਨਾਂ ਤੋਂ ਕਈ ਨਾਮੀ ਕੰਪਨੀਆਂ ਨਾਲ ਠੱਗੀ ਕਰ ਰਹੇ ਸਨ। ਇਕ ਵੱਡੀ ਕੰਪਨੀ ਦੇ ਮਾਮਲੇ ਧਿਆਨ 'ਚ ਆਉਣ ਮਗਰੋਂ ਉਸਦੇ ਸੇਲਜ਼ ਏਰੀਆ ਮੈਨੇਜਰ ਰਵਿੰਦਰ ਕੁਮਾਰ ਨੇ ਫੇਜ਼-8 ਥਾਣਾ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ। ਪੁਲਿਸ ਨੇ ਆਪਣੀ ਜਾਂਚ ਮਗਰੋਂ ਦੋ ਨੌਜਵਾਨਾਂ ਨੂੰ ਗਿ੍ਫ਼ਤਾਰ ਕੀਤਾ। ਜਿਨ੍ਹਾਂ ਦੀ ਪਛਾਣ ਮਨਿੰਦਰ ਸਿੰਘ ਵਾਸੀ ਫਤਿਹਗੜ੍ਹ ਸਾਹਿਬ ਤੇ ਅਵਤਾਰ ਸਿੰਘ ਵਾਸੀ ਸੈਕਟਰ-56 ਵਜੋਂ ਹੋਈ ਹੈ। ਦੋਵਾਂ ਖਿਲਾਫ਼ ਪੁਲਿਸ ਨੇ ਧਾਰਾ-420, 406, 120ਬੀ ਤਹਿਤ ਮਾਮਲਾ ਦਰਜ ਕਰ ਲਿਆ ਹੈ। ਇਸ ਸਮੇਂ ਦੋਵੇਂ ਵਿਅਕਤੀ ਪੁਲਿਸ ਰਿਮਾਂਡ 'ਤੇ ਚੱਲ ਰਹੇ ਹਨ। ਜਾਂਚ ਅਧਿਕਾਰੀ ਹੈੱਡ ਕਾਂਸਟੇਬਲ ਜਸਵਿੰਦਰ ਸਿੰਘ ਨੇ ਦੱਸਿਆ ਕਿ ਰਵਿੰਦਰ ਕੁਮਾਰ ਨੇ ਸ਼ਿਕਾਇਤ ਦਿੱਤੀ ਸੀ ਕਿ ਕੁਝ ਕਲਾਇੰਟ ਹਨ ਜੋ ਉਨ੍ਹਾਂ ਦੀ ਕੰਪਨੀਆਂ ਤੋਂ ਪਹਿਲਾਂ ਆਨਲਾਈਨ ਮਹਿੰਗਾ ਸਾਮਾਨ ਮੰਗਵਾਉਂਦੇ ਹਨ। ਸਾਮਾਨ ਘਰ ਪੁੱਜਣ ਦੇ ਇਕ ਜਾਂ ਦੋ ਦਿਨ ਬਾਅਦ ਇਹ ਡਿਲੀਵਰੀ ਕੈਂਸਲ ਕਰ ਉਸ ਸਾਮਾਨ ਨੂੰ ਕੱਢ ਉਸ ਦੀ ਜਗ੍ਹਾ ਪੱਥਰ ਜਾਂ ਹੋਰ ਪੁਰਾਣਾ ਸਾਮਾਨ ਪਾ ਕੇ ਭੇਜ ਦਿੰਦੇ ਹਨ। ਜਿਸ ਨਾਲ ਕੰਪਨੀ ਨੂੰ ਕਾਫ਼ੀ ਨੁਕਸਾਨ ਹੋ ਰਿਹਾ ਹੈ। ਮੁਲਜ਼ਮ ਆਈ-ਪੈਡ, ਮੋਬਾਇਲ, ਜੁੱਤੀਆਂ, ਘੜੀਆਂ ਤੇ ਹੋਰ ਕੀਮਤੀ ਸਾਮਾਨ ਆਨਲਾਈਨ ਮੰਗਵਾਉਂਦੇ ਸਨ, ਜਿਸ ਦੀ ਜਗ੍ਹਾ ਰਿਟਰਨ 'ਚ ਪੱਥਰ ਭਰਕੇ ਭੇਜ ਦਿੰਦੇ ਸਨ।