ਗੁਰਮੁੱਖ ਸਿੰਘ ਵਾਲੀਆ, ਐੱਸਏਐੱਸ ਨਗਰ : ਮੋਹਾਲੀ 'ਚ ਮੰਗਲਵਾਰ ਨੂੰ ਦੋ ਵੱਖ-ਵੱਖ ਸੜਕ ਹਾਦਸਿਆਂ 'ਚ ਦੋ ਨੌਜਵਾਨਾਂ ਦੀ ਮੌਤ ਹੋ ਗਈ। ਪਹਿਲਾਂ ਹਾਦਸਾ ਮਟੌਰ ਥਾਣੇ ਦੇ ਅਧੀਨ ਪੈਂਦੇ ਫੇਜ਼ ਤਿੰਨ-ਸੱਤ ਦੀਆਂ ਲਾਈਟਾਂ 'ਤੇ ਹੋਇਆ। ਇਸ ਹਾਦਸੇ 'ਚ ਹਰਿਆਣਾ ਪੁਲਿਸ ਦੇ ਕਾਂਸਟੇਬਲ ਨੇ ਲਾਲ ਬੱਤੀ ਜੰਪ ਕਰਕੇ ਬਲੈਰੋ ਗੱਡੀ ਨਾਲ ਦਲਜੀਤ ਸਿੰਘ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਦਲਜੀਤ ਸਿੰਘ ਪ੍ਰਰਾਈਵੇਟ ਨੌਕਰੀ ਕਰਦਾ ਸੀ ਜੋਕਿ ਫੇਜ਼- ਤਿੰਨ ਤੋਂ ਫੇਜ਼-7 ਵੱਲ ਨੂੰ ਜਾ ਰਿਹਾ ਸੀ। ਟੱਕਰ ਮਾਰਨ ਵਾਲੇ ਕਾਂਸਟੇਬਲ ਦੀ ਪਛਾਣ ਹਨੂਮਤ ਵਜੋਂ ਹੋਈ ਹੈ। ਮਟੌਰ ਥਾਣਾ ਪੁਲਿਸ ਨੇ ਉਸ ਦੇ ਖ਼ਿਲਾਫ਼ ਆਈਪੀਸੀ ਦੀ ਧਾਰਾ 304ਏ, 279 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈਜਿਸ ਤੋਂ ਬਾਅਦ ਉਸ ਨੂੰ ਜ਼ਮਾਨਤ ਰਿਹਾ ਕੀਤਾ ਗਿਆ ਹੈ।

ਦੂਜਾ ਹਾਦਸਾ ਫੇਜ਼ ਅੱਠ ਥਾਣੇ ਦੇ ਅਧੀਨ ਪੈਂਦੇ ਖੇਤਰ 'ਚ ਹੋਇਆ ਇਸ ਹਾਦਸੇ 'ਚ ਐੱਮਸੀ ਦੇ ਫੋਰਥ ਕਲਾਸ ਕਰਮਚਾਰੀ ਦੀ ਮੌਤ ਹੋ ਗਈ। ਮਿ੍ਤਕ ਦੀ ਪਛਾਣ ਕਿਸ਼ਨ ਚੰਦ ਵਾਸੀ ਖਰੜ ਵਜੋਂ ਹੋਈ ਹੈ ਕਿਸ਼ਨ ਚੰਦ ਆਪਣੇ ਲੜਕੇ ਰਾਜ ਕੁਮਾਰ ਨਾਲ ਫੇਜ਼ -1 ਤੋਂ ਐੱਮਸੀ ਆਫਿਸ ਜਾ ਰਿਹਾ ਸੀ। ਸੈਕਟਰ -68 /69 ਕੋਲ ਪਿੱਛੋਂ ਆਈ ਆਲਟੋ ਗੱਡੀ ਉਸ ਦੇ ਬਾਈਕ ਦੇ ਹੈਂਡਲ ਨਾਲ ਟਕਰਾ ਗਈ, ਜਿਸ ਕਾਰਨ ਬੈਲੇਸ ਵਿਗੜਨ ਨਾਲ ਬਾਈਕ ਚਾਲਕ ਹੇਠਾਂ ਗਿਰ ਗਿਆ ਅਤੇ ਉਸ ਦਾ ਸਿਰ ਫੁੱਟਪਾਥ 'ਤੇ ਵੱਜਿਆ। ਕਿਸ਼ਨ ਚੰਦ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਆਲਟੋ ਕਾਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲਿਸ ਨੇ ਇਸ ਮਾਮਲੇ 'ਚ ਅਣਪਛਾਤੇ ਕਾਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ।