ਗੁਰਵਿੰਦਰ ਸਿੰਘ ਸਿੱਧੂ, ਚੰਡੀਗੜ੍ਹ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਕਰਵਾਈ ਗਈ ਦੋ ਦਿਨਾਂ ਕੌਮਾਂਤਰੀ ਕਾਨਫਰੰਸ ਦੌਰਾਨ ਸ਼ਾਂਤੀ, ਸਦਭਾਵਨਾ ਤੇ ਮਨੁੱਖੀ ਖੁਸ਼ਹਾਲੀ ਦੇ ਪਸਾਰ 'ਤੇ ਜ਼ੋਰ ਦਿੱਤਾ ਗਿਆ। ਇਸ ਦੌਰਾਨ ਬੁੱਧੀਜੀਵੀਆਂ ਨੇ ਬਾਬਾ ਨਾਨਕ ਦੀ ਬਾਣੀ ਨੂੰ ਜ਼ਿੰਦਗੀ ਵਿਚ ਅਪਣਾਉਣ ਦੇ ਤਰਕ ਦਿੰਦਿਆਂ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ ਦੇ ਉਦੇਸ਼ 'ਤੇ ਅਮਲ ਕਰਨ ਦੀ ਅਪੀਲ ਕੀਤੀ।

ਕਾਨਫਰੰਸ ਦੇ ਆਖ਼ਰੀ ਦਿਨ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਕਾਨਫਰੰਸ ਦੇ ਸਮਾਪਤੀ ਸੈਸ਼ਨ ਦੀ ਪ੍ਰਧਾਨਗੀ ਕੀਤੀ। ਉਨ੍ਹਾਂ ਕਿਹਾ ਕਿ ਅੱਜ ਜਦੋਂ ਸੰਸਾਰ ਟੁਕੜਿਆਂ ਵਿਚ ਟੁੱਟਦਾ ਜਾ ਰਿਹਾ ਹੈ ਅਤੇ ਮਨੁੱਖ ਜ਼ਿੰਦਗੀ ਜਿਊਣ ਦੇ ਅਰਥ ਅਤੇ ਉਦੇਸ਼ ਤੋਂ ਕੋਹਾਂ ਦੂਰ ਜਾ ਰਿਹਾ ਹੈ, ਉਦੋਂ ਗੁਰੂ ਸਾਹਿਬ ਦੇ ਫਲਸਫ਼ੇ ਨੂੰ ਅਮਲ 'ਚ ਲਿਆਉਣ ਦੀ ਲੋੜ ਹੈ। ਇਸ ਮੌਕੇ ਸਾਬਕਾ ਕੇਂਦਰੀ ਮੰਤਰੀ ਡਾ. ਮੁਰਲੀ ਮਨੋਹਰ ਜੋਸ਼ੀ ਨੇ ਅੱਜ ਦੇ ਵਿਸ਼ਵਵਿਆਪੀ ਸੰਸਾਰ ਵਿਚ ਬਾਬਾ ਨਾਨਕ ਦੇ ਫਲਸਫ਼ੇ ਨੂੰ ਲਾਗੂ ਕਰਨ ਦੀ ਸਾਰਥਕਤਾ 'ਤੇ ਜ਼ੋਰ ਦਿੱਤਾ।

ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਦੀ ਲੜੀ ਤਹਿਤ ਸੈਂਟਰ ਫਾਰ ਰਿਸਰਚ ਇਨ ਰੂਰਲ ਐਂਡ ਇੰਡਸਟ੍ਰੀਅਲ ਡਿਵੈੱਲਪਮੈਂਟ (ਸੀਆਰਆਰਆਈਡੀ) ਚੰਡੀਗੜ੍ਹ ਵੱਲੋਂ ਕਰਿੱਡ, ਚੰਡੀਗੜ੍ਹ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸ਼ਾਂਤੀ, ਸਦਭਾਵਨਾ ਅਤੇ ਮਨੁੱਖੀ ਖੁਸ਼ਹਾਲੀ ਦੇ ਪਸਾਰ ਦੇ ਫਲਸਫ਼ੇ 'ਤੇ ਆਧਾਰਿਤ 2 ਦਿਨਾ ਕੌਮਾਂਤਰੀ ਕਾਨਫਰੰਸ ਕਰਵਾਈ ਗਈ ਸੀ। ਇਹ ਕਾਨਫਰੰਸ ਪੰਜਾਬ ਸਰਕਾਰ ਅਤੇ ਇੰਡੀਅਨ ਕੌਂਸਲ ਆਫ਼ ਸੋਸ਼ਲ ਸਾਇੰਸ ਰਿਸਰਚ (ਆਈਸੀਐੱਸਐੱਸਆਰ), ਨਵੀਂ ਦਿੱਲੀ ਦੇ ਸਹਿਯੋਗ ਨਾਲ ਕੀਤਾ ਗਿਆ।

ਕਾਨਫਰੰਸ 'ਚ ਉੱਚ ਅਧਿਕਾਰੀਆਂ ਵਿਨੀ ਮਹਾਜਨ, ਜਸਪਾਲ ਸਿੰਘ, ਗੁਰਪ੍ਰਰੀਤ ਸਪਰਾ ਅਤੇ ਹੋਰ ਸਰਕਾਰੀ ਅਧਿਕਾਰੀਆਂ, ਪ੍ਰਸਿੱਧ ਬੁੱਧੀਜੀਵੀਆਂ, ਨੀਤੀ ਘਾੜਿਆਂ ਅਤੇ ਯੂਐੱਸਏ ਤੇ ਕੈਨੇਡਾ ਦੇ 30 ਤੋਂ ਜ਼ਿਆਦਾ ਵਿਦੇਸ਼ੀ ਵਫ਼ਦਾਂ ਸਮੇਤ ਕਈ ਨਾਮਵਰ ਸ਼ਖ਼ਸੀਅਤਾਂ ਨੇ ਹਾਜ਼ਰੀ ਭਰੀ।

ਇਸ ਤੋਂ ਪਹਿਲਾਂ ਟੀਕੇ ਨਾਇਰ, ਸੀਆਰਆਰਆਈਡੀ ਦੀ ਗਵਰਨਿੰਗ ਬਾਡੀ ਦੇ ਮੈਂਬਰ ਨੇ ਸਵਾਗਤੀ ਭਾਸ਼ਣ ਦਿੱਤਾ, ਜਿਸ ਤੋਂ ਬਾਅਦ ਡਾ. ਬਿੰਦੂ ਦੁੱਗਲ, ਐਸੋਸੀਏਟ ਪ੍ਰਰੋਫੈਸਰ, ਸੀਆਰਆਰਆਈਡੀ ਵੱਲੋਂ ਕਾਨਫਰੰਸ ਵਿਚ ਹੋਏ ਸੈਸ਼ਨਾਂ ਬਾਰੇ ਵਿਸਥਾਰਤ ਰਿਪੋਰਟ ਦਿੱਤੀ ਗਈ। ਸੀਆਰਆਰਆਈਡੀ ਦੇ ਕਾਰਜਕਾਰੀ ਵਾਈਸ ਚੇਅਰਮੈਨ, ਡਾ. ਰਸ਼ਪਾਲ ਮਲਹੋਤਰਾ ਨੇ ਦੋ ਰੋਜ਼ਾ ਸੰਮੇਲਨ ਦੀ ਸਫ਼ਲਤਾ ਲਈ ਪੰਜਾਬ ਸਰਕਾਰ ਅਤੇ ਇੰਡੀਅਨ ਕੌਂਸਲ ਆਫ਼ ਸੋਸ਼ਲ ਸਾਇੰਸ ਰਿਸਰਚ, ਨਵੀਂ ਦਿੱਲੀ ਵੱਲੋਂ ਮਿਲੇ ਸਹਿਯੋਗ ਲਈ ਧੰਨਵਾਦ ਕੀਤਾ।