ਜੇਐੱਨਐੱਨ, ਚੰਡੀਗੜ੍ਹ : ਨਕਲੀ ਸ਼ਰਾਬ ਮਾਫੀਆ ਖ਼ਿਲਾਫ਼ ਜਾਰੀ ਮੁਹਿੰਮ 'ਚ ਇਕ ਹੋਰ ਸਫ਼ਲਤਾ ਹਾਸਲ ਕਰਦਿਆਂ ਪੰਜਾਬ ਪੁਲਿਸ ਨੇ ਮਜੀਠਾ 'ਚ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਕਰਨ ਵਾਲੇ ਦੋ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰ ਕੇ ਇਕ ਹੋਰ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਵੱਲੋਂ ਗਿ੍ਫ਼ਤਾਰ ਕੀਤੇ ਗਏ ਗੁਰਵਿੰਦਰ ਸਿੰਘ ਤੇ ਲਵਪ੍ਰੀਤ ਸਿੰਘ ਵੀ ਤਰਨਤਾਰਨ ਦੇ ਪੰਡੋਰੀ ਗੋਲਾ ਪਿੰਡ ਦੇ ਹਰਜੀਤ ਤੇ ਉਸ ਦੇ ਪੁੱਤਰਾਂ ਵਾਂਗ ਹੀ ਨਕਲੀ ਸ਼ਰਾਬ ਵੇਚਣ ਦਾ ਕੰਮ ਕਰਦੇ ਸਨ। ਇਨ੍ਹਾਂ ਦੋਵਾਂ ਨੂੰ ਸ਼ਰਾਬ ਪਹੁੰਚਾਉਣ ਵਾਲਾ ਰਾਜੂ ਅਜੇ ਫ਼ਰਾਰ ਹੈ।

ਇਸ ਤੋਂ ਇਲਾਵਾ ਸੂਬੇ 'ਚ ਜ਼ਹਿਰੀਲੀ ਸ਼ਰਾਬ ਮਾਫੀਆ ਖ਼ਿਲਾਫ਼ ਮੁਹਿੰਮ ਨੂੰ ਜਾਰੀ ਰੱਖਦੇ ਹੋਏ ਪੁਲਿਸ ਨੇ ਪਿਛਲੇ 24 ਘੰਟਿਆਂ 'ਚ 146 ਨਵੇਂ ਮਾਮਲੇ ਦਰਜ ਕਰਦੇ ਹੋਏ 100 ਤੋਂ ਜ਼ਿਆਦਾ ਲੋਕਾਂ ਨੂੰ ਗਿ੍ਫ਼ਤਾਰ ਕੀਤਾ ਹੈ।

ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਮਜੀਠਾ ਥਾਣੇ ਦੇ ਐੱਸਐੱਚਓ ਨੂੰ ਮਿਲੀ ਗੁਪਤ ਸੂਚਨਾ ਦੇ ਆਧਾਰ 'ਤੇ ਸ਼ਨਿਚਰਵਾਰ ਸਵੇਰੇ ਗੁਰਵਿੰਦਰ ਤੇ ਲਵਪ੍ਰੀਤ ਨੂੰ ਗੁਰਵਿੰਦਰ ਦੇ ਘਰੋਂ ਗਿ੍ਫ਼ਤਾਰ ਕੀਤਾ ਗਿਆ। ਇਨ੍ਹਾਂ ਦੋਵਾਂ ਤੋਂ ਇਲਾਵਾ ਉਥੋਂ 160 ਲੀਟਰ ਨਾਜਾਇਜ਼ ਸ਼ਰਾਬ ਨਾਲ ਭਰੇ ਚਾਰ ਡਰੰਮ, ਦੋ ਖਾਲੀ ਡਰੰਮ, 2-3 ਲੀਟਰ ਵਾਲੇ ਸੱਤ ਪੈਕੇਟ ਬਰਾਮਦ ਕੀਤੇ ਹਨ। ਇਸ ਸ਼ਰਾਬ ਦੇ ਕੈਮੀਕਲ ਪ੍ਰੀਖਣ ਤੋਂ ਪਤਾ ਚੱਲਿਆ ਹੈ ਕਿ ਇਹ ਸ਼ਰਾਬ ਪੂਰੀ ਤਰ੍ਹਾਂ ਨਾ ਪੀਣਯੋਗ ਕਰਾਰ ਦਿੱਤੀ ਗਈ ਹੈ। ਪੁਲਿਸ ਨੇ ਲਵਪ੍ਰੀਤ, ਗੁਰਵਿੰਦਰ ਤੇ ਰਾਜੂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਰਾਜੂ ਅੰਮਿ੍ਤਸਰ ਦੇ ਸੁਲਤਾਨਵਿੰਡ ਦਾ ਰਹਿਣ ਵਾਲਾ ਹੈ। ਉਸ ਦੀ ਗਿ੍ਫ਼ਤਾਰੀ ਨਾਲ ਇਸ ਜ਼ਹਿਰੀਲੀ ਸ਼ਰਾਬ ਮਾਫੀਆ ਦੀਆਂ ਹੋਰ ਕੜੀਆਂ ਦਾ ਪਤਾ ਚੱਲ ਸਕੇਗਾ।

ਉਨ੍ਹਾਂ ਦੱਸਿਆ ਕਿ ਪੁਲਿਸ ਬਿੱਕਾ ਨਾਮਕ ਵਿਅਕਤੀ ਦੀ ਭਾਲ ਕਰ ਰਹੀ ਹੈ, ਜਿਸ ਨੇ ਕਥਿਤ ਤੌਰ 'ਤੇ ਗੁਰਵਿੰਦਰ ਤੇ ਲਵਪ੍ਰੀਤ ਕੋਲੋਂ ਨਾਜਾਇਜ਼ ਸ਼ਰਾਬ ਖ਼ਰੀਦੀ ਸੀ। ਗੁਪਤਾ ਨੇ ਸਾਰੇ ਜ਼ਿਲਿ੍ਆਂ ਦੀਆਂ ਡਿਸਟਿਲਰੀਆਂ 'ਚ ਕੰਮ ਕਰਨ ਵਾਲੇ ਟਰਾਂਸਪੋਰਟਰਾਂ, ਡਰਾਈਵਰਾਂ ਤੇ ਕਰਮਚਾਰਆਂ ਦਾ ਡਾਟਾਬੇਸ ਤਿਆਰ ਕਰਨ ਦੇ ਵੀ ਨਿਰਦੇਸ਼ ਜਾਰੀ ਕੀਤੇ ਹਨ।