ਸੁਖਵਿੰਦਰ ਨਿੱਕੂ, ਸਰਦੂਲਗੜ੍ਹ : ਅਕਸਰ ਹੀ ਤੁਸੀਂ ਖ਼ਬਰਾਂ ਦੀਆਂ ਸੁਰਖੀਆਂ 'ਚ ਬਿਜਲੀ ਵਾਲੇ ਜਾਂ ਮੋਬਾਈਲ ਟਾਵਰਾਂ ਉੱਪਰ ਚੜ੍ਹ ਕੇ ਕਈ ਵਿਅਕਤੀਆਂ ਵੱਲੋਂ ਜਨਤਕ ਜਾਂ ਆਪਣੀਆਂ ਨਿੱਜੀ ਮੰਗਾਂ ਮਨਵਾਉਂਦੇ ਵੇਖੇ ਹੋਣਗੇ। ਪਰ ਸਰਦੂਲਗੜ੍ਹ ਦੇ ਲਾਗਲੇ ਪਿੰਡ 'ਟਿੱਬੀ ਹਰੀ ਸਿੰਘ ਵਾਲੀ' ਦਾ ਇਕ ਵਿਅਕਤੀ ਰੇਸ਼ਮ ਸਿੰਘ ਪੁੱਤਰ ਬੋਘਾ ਸਿੰਘ (40) ਸਵੇਰੇ ਤਕਰੀਬਨ 7 ਵਜੇ ਤੋਂ ਇਕ ਮੋਬਾਈਲ ਫੋਨ ਟਾਵਰ 'ਤੇ ਚੜ੍ਹ ਕੇ ਖੁਦਕੁਸ਼ੀ ਕਰਨ ਦੀ ਧਮਕੀ ਦੇਣ ਲੱਗ ਪਿਆ ਕਿਉਂਕਿ ਉਹ ਆਰਥਿਕ ਪੱਖੋਂ ਕਾਫੀ ਤੰਗ ਸੀ। ਸਵੇਰੇ 7 ਵਜੇ ਇਹ ਵਿਅਕਤੀ ਮੋਬਾਈਲ ਟਾਵਰ 'ਤੇ ਚੜਿ੍ਹਆ ਤੇ ਕਰੀਬ ਸਾਢੇ 10 ਵਜੇ ਇਸ ਨੂੰ ਪੁਲਿਸ ਪ੍ਰਸ਼ਾਸਨ ਅਤੇ ਸਾਰੇ ਪਿੰਡ ਵਾਸੀਆਂ ਵੱਲੋਂ ਭਰੋਸਾ ਦਿਵਾਇਆ ਕਿ ਉਸ ਦੀਆਂ ਸਾਰੀਆਂ ਮੰਗਾਂ ਪੂਰੀਆਂ ਕਰਨ ਲਈ ਪੁਰਜ਼ੋਰ ਸਿਫਾਰਿਸ਼ ਕੀਤੀ ਜਾਵੇਗੀ।

ਜਿਸ ਨੂੰ ਮੰਨ ਕੇ ਰੇਸ਼ਮ ਸਿੰਘ ਟਾਵਰ ਤੋਂ ਹੇਠਾਂ ਉੱਤਰ ਗਿਆ ਤੇ ਕਿਸੇ ਵੀ ਤਰ੍ਹਾਂ ਦੀ ਦੁਰਘਟਨਾ ਹੋਣ ਤੋਂ ਟਲ ਗਈ। ਜਾਣਕਾਰੀ ਦਿੰਦਿਆਂ ਪਿੰਡ ਦੇ ਵਸਨੀਕ ਜੱਗੀ ਮਾਨ ਨੇ ਦੱਸਿਆ ਕਿ ਰੇਸ਼ਮ ਸਿੰਘ ਇਕ ਪ੍ਰਰਾਈਵੇਟ ਬੱਸ 'ਤੇ ਬਤੌਰ ਕੰਡਕਟਰ ਕੰਮ ਕਰਦਾ ਹੈ, ਪਰ ਲਾਕਡਾਊਨ ਕਾਰਨ ਉਸ ਕੋਲ ਕੋਈ ਆਮਦਨੀ ਦਾ ਸਾਧਨ ਨਹੀਂ ਰਿਹਾ। ਕੁਝ ਸਮਾਂ ਪਹਿਲਾਂ ਉਸ ਨੇ ਆਪਣੀ ਧੀ ਦਾ ਵਿਆਹ ਕੀਤਾ ਸੀ। ਜਿਸ ਨਾਲ਼ ਆਰਥਿਕ ਪੱਖੋਂ ਕਮਜ਼ੋਰ ਹੋਣ ਕਰਕੇ ਉਹ ਮਾਨਸਿਕ ਤੌਰ 'ਤੇ ਵੀ ਪਰੇਸ਼ਾਨ ਸੀ। ਰੇਸ਼ਮ ਸਿੰਘ ਦਾ ਕਹਿਣਾ ਹੈ ਕਿ ਉਸ ਦਾ ਆਟਾ ਦਾਲ ਸਕੀਮ ਤਹਿਤ ਕਾਰਡ ਵੀ ਕੱਟਿਆ ਗਿਆ, ਜਿਸ ਕਾਰਨ ਉਸ ਨੂੰ ਲਾਕਡਾਊਨ ਤਹਿਤ ਰਾਸ਼ਨ ਵੀ ਨਹੀਂ ਮਿਲਿਆ। ਇਸ ਤੋਂ ਇਲਾਵਾ ਕਈ ਆਰਥਿਕ ਤੰਗੀਆਂ ਨੂੰ ਲੈ ਕੇ ਉਹ ਪਰੇਸ਼ਾਨ ਹੋ ਕੇ ਟਾਵਰ 'ਤੇ ਚੜ੍ਹ ਗਿਆ ਤੇ ਖ਼ੁਦਕੁਸ਼ੀ ਕਰਨ ਦਾ ਮਨ ਬਣਾ ਲਿਆ। ਇਸ ਮੌਕੇ ਡੀਐੱਸਪੀ ਸੰਜੀਵ ਗੋਇਲ, ਐੱਸਐੱਚਓ ਗੁਰਦੀਪ ਸਿੰਘ, ਏਐੱਸਆਈ ਬਲਵੰਤ ਸਿੰਘ, ਹੋਰ ਪੁਲਿਸ ਕਰਮੀ ਤੇ ਪਿੰਡ ਵਾਸੀ ਮੌਜੂਦ ਸਨ।