ਵਿਸ਼ਾਲ ਪਾਠਕ, ਚੰਡੀਗੜ੍ਹ : ਕੋਰੋਨਾ ਹੁਣ ਜਲਦ ਹਾਰੇਗਾ। ਕੋਰੋਨਾ ਦੀ ਵਧਦੀ ਇਨਫੈਕਸ਼ਨ ਨੂੰ ਰੋਕਣ ਲਈ ਵੱਡਾ ਕਦਮ ਉਠਾਇਆ ਗਿਆ ਹੈ। ਚੰਡੀਗੜ੍ਹ ਪੀਜੀਆਈ (Chandigarh PGI) 'ਚ ਆਕਸਫੋਰਡ ਦੀ ਵੈਕਸੀਨ ਕੋਵਿਸ਼ਿਲਡ ਦਾ ਟ੍ਰਾਇਲ ਸ਼ੁਰੂ ਹੋ ਗਿਆ ਹੈ। ਪੀਜੀਆਈ ਨੂੰ ਇਸ ਵੈਕਸੀਨ ਦੇ ਟ੍ਰਾਇਲ ਲਈ ਪੂਰੇ ਭਾਰਤ ਦੇ 17 ਸੈਂਟਰਾਂ 'ਚੋਂ ਚੁਣਿਆ ਗਿਆ ਹੈ।

ਪੁਣੇ ਦੇ ਸੀਰਮ ਇੰਸਟੀਚਿਊਟ ਵੱਲੋਂ ਬਣਾਈ ਜਾ ਰਹੀ ਇਸ ਵੈਕਸੀਨ ਦਾ ਟ੍ਰਾਇਲ ਹੁਣ ਪੀਜੀਆਈ ਚੰਡੀਗੜ੍ਹ ਕੋਰੋਨਾ ਮਰੀਜ਼ਾਂ 'ਤੇ ਕਰੇਗਾ। ਪੀਜੀਆਈ ਦੇ ਕਮਿਊਨਿਟੀ ਮੈਡੀਸਿਨ ਡਿਪਾਰਮੈਂਟ ਦੀ ਸੀਨੀਅਰ ਡਾ. ਮਧੂ ਨੂੰ ਇਸ ਪ੍ਰੋਜੈਕਟ ਲਈ ਪ੍ਰਿੰਸੀਪਲ ਇਨਵੈਸਟੀਗੇਟਰ ਬਣਾਇਆ ਗਿਆ ਹੈ।

ਡਾ. ਮਧੂ ਨੇ ਦੱਸਿਆ ਕਿ ਹੁਣ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ ਵੱਲੋਂ ਪੀਜੀਆਈ ਚੰਡੀਗੜ੍ਹ ਨੂੰ ਇਸ ਵੈਕਸੀਨ ਟ੍ਰਾਇਲ ਲਈ ਚੁਣਿਆ ਗਿਆ ਹੈ। ਵੈਕਸੀਨ ਦੇ ਟ੍ਰਾਇਲ ਦੇ ਨਤੀਜੇ ਆਉਣ ਤੋਂ ਬਾਅਦ ਹੀ ਇਹ ਕਿਹਾ ਜਾ ਸਕੇਗਾ ਕਿ ਵੈਕਸੀਨ ਕੋਰੋਨਾ ਮਰੀਜ਼ਾਂ 'ਤੇ ਕਿੰਨੀ ਕੁ ਕਾਰਗਰ ਹੈ।

ਵੈਕਸੀਨ ਕਿੰਨੀ ਸੁਰੱਖਿਅਤ ਹੈ, ਇਸ ਤੋਂ ਬਾਅਦ ਹੋਵੇਗਾ ਮਰੀਜ਼ਾਂ 'ਤੇ ਟ੍ਰਾਇਲ

ਚੰਡੀਗੜ੍ਹ ਪੀਜੀਆਈ ਪਹਿਲਾਂ ਇਸ ਵੈਕਸੀਨ ਦਾ ਸੇਫਟੀ ਟ੍ਰਾਇਲ ਕਰੇਗਾ। ਡਾ. ਮਧੂ ਨੇ ਦੱਸਿਆ ਕਿ ਆਕਸਫੋਰਡ 'ਚ ਇਸ ਵੈਕਸੀਨ ਦਾ ਸੇਫਟੀ ਟ੍ਰਾਇਲ ਹੋ ਚੁੱਕਾ ਹੈ। ਪੀਜੀਆਈ ਵੱਲੋਂ ਇਸ ਵੈਕਸੀਨ ਦੇ ਸੇਫਟੀ ਟ੍ਰਾਇਲ ਤੋਂ ਬਾਅਦ ਹੀ ਇਸ ਦਾ ਕੋਰੋਨਾ ਮਰੀਜ਼ਾਂ 'ਤੇ ਇਸੇਤਮਾਲ ਕੀਤਾ ਜਾਵੇਗਾ। ਇਸ ਦੇ ਲਈ ਪਹਿਲਾਂ ਐਥੀਕਲ ਕਮੇਟੀ ਤੋਂ ਮਨਜ਼ੂਰੀ ਲੈਣੀ ਪਵੇਗੀ।

18 ਸਾਲ ਤੋਂ ਜ਼ਿਆਦਾ ਉਮਰ ਦੇ ਵਲੰਟੀਅਰਜ਼ 'ਤੇ ਹੋਵੇਗਾ ਟ੍ਰਾਇਲ

ਡਾ. ਮਧੂ ਨੇ ਦੱਸਿਆ ਕਿ ਇਸ ਵੈਕਸੀਨ ਦਾ ਟ੍ਰਾਇਲ ਉਨ੍ਹਾਂ ਲੋਕਾਂ ਜਾਂ ਵਲੰਟੀਅਰਜ਼ 'ਤੇ ਕੀਤਾ ਜਾਵੇਗਾ ਜਿਨ੍ਹਾਂ ਦੀ ਉਮਰ 18 ਸਾਲ ਤੋਂ ਜ਼ਿਆਦਾ ਹੋਵੇ ਤੇ ਉਨ੍ਹਾਂ ਨੂੰ ਕੋਰੋਨਾ ਨਾ ਹੋਵੇ। ਉਨ੍ਹਾਂ 'ਤੇ ਇਸ ਵੈਕਸੀਨ ਦੇ ਟ੍ਰਾਇਲ ਦੌਰਾਨ ਸਰੀਰ 'ਚ ਆਉਣ ਵਾਲੇ ਹਰੇਕ ਬਦਲਾਅ 'ਤੇ ਨਜ਼ਰ ਰੱਖੀ ਜਾਵੇਗੀ। ਉਨ੍ਹਾਂ ਨੂੰ ਡਾਕਟਰਾਂ ਦੀ ਨਿਗਰਾਨੀ ਹੇਠ ਰੱਖਿਆ ਜਾਵੇਗਾ ਤਾਂ ਜੋ ਇਨ੍ਹਾਂ ਵਲੰਟੀਅਰਜ਼ ਦੇ ਹਰ ਸਰੀਰਕ ਬਦਲਾਅ ਨੂੰ ਰਿਪੋਰਟ 'ਚ ਸ਼ਾਮਲ ਕੀਤਾ ਜਾਵੇ।

ਸਤੰਬਰ ਦੇ ਪਹਿਲੇ ਹਫ਼ਤੇ ਸ਼ੁਰੂ ਹੋਵੇਗਾ ਟ੍ਰਾਇਲ

ਪੀਜੀਆਈ ਦੇ ਡਾਇਰੈਕਟਰ ਪ੍ਰੋ. ਜਗਤਰਾਮ ਨੇ ਦੱਸਿਆ ਕਿ ਇਸ ਵੈਕਸੀਨ ਦੇ ਟ੍ਰਾਇਲ ਲਈ 300 ਤੋਂ 400 ਲੋਕਾਂ ਦੀ ਸਕ੍ਰੀਨਿੰਗ ਕੀਤੀ ਜਾਵੇਗੀ। ਇਨ੍ਹਾਂ ਵਿਚੋਂ 200 ਲੋਕਾਂ ਨੂੰ ਸਕ੍ਰੀਨਿੰਗ ਦੌਰਾਨ ਚੁਣਿਆ ਜਾਵੇਗਾ। ਸਤੰਬਰ ਦੇ ਪਹਿਲੇ ਹਫ਼ਤੇ ਇਸ ਵੈਕਸੀਨ ਦਾ ਟ੍ਰਾਇਲ ਸ਼ੁਰੂ ਹੋ ਜਾਵੇਗਾ। ਟ੍ਰਾਇਲ ਦੌਰਾਨ ਪੀਜੀਆਈ ਦੇ ਕਮਿਊਨਿਟੀ ਮੈਡੀਸਨ, ਵਾਇਰੋਲੋਜੀ, ਇੰਟਰਨਲ ਮੈਡੀਸਿਨ ਤੇ ਫਾਰਮੋਕੋਲੌਜੀ ਦੇ ਸੀਨੀਅਰ ਡਾਕਟਰ ਸ਼ਾਮਲ ਕੀਤੇ ਜਾਣਗੇ। ਟ੍ਰਾਇਲ ਪੂਰਾ ਹੋਣ ਤੋਂ ਘੱਟੋ-ਘੱਟ 5 ਤੋਂ 6 ਮਹੀਨੇ ਦਾ ਸਮਾਂ ਲੱਗੇਗਾ।

Posted By: Seema Anand