ਜੇਐੱਨਐੱਨ, ਚੰਡੀਗੜ੍ਹ : ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਾਬਕਾ ਸੀਐੱਮ ਕੈਪਟਨ ਅਮਰਿੰਦਰ ਸਿੰਘ ’ਤੇ ਨਿਸ਼ਾਨਾ ਲਗਾਇਆ। ਉਨ੍ਹਾਂ ਨੇ ਟਰਾਂਸਪੋਰਟ ਮਾਫੀਆ ਲਈ ਕੈਪਟਨ ਅਮਰਿੰਦਰ ਸਿੰਘ ਨੂੰ ਜ਼ਿੰਮੇਵਾਰ ਠਹਿਰਾਇਆ। ਨਾਲ ਹੀ ਉਨ੍ਹਾਂ ਨੇ ਸਾਬਕਾ ਦੋਵੇਂ ਟਰਾਂਸਪੋਰਟ ਮੰਤਰੀ ਰਹੇ ਅਰੁਣਾ ਚੌਧਰੀ ਅਤੇ ਰਜਿਆ ਸੁਲਤਾਨਾ ਨੂੰ ਕਲੀਨ ਚਿੱਟ ਵੀ ਦਿੱਤੀ ਹੈ। ਵੜਿੰਗ ਨੇ ਕੈਪਟਨ ਨੂੰ ਸਮਝੌਤਾਵਾਦੀ ਮੁੱਖ ਮੰਤਰੀ ਦੱਸਦੇ ਹੋਏ ਪੰਜਾਬ ਦੇ ਹਰੇਕ ਪ੍ਰਕਾਰ ਦੇ ਮਾਫੀਆ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਕਿੰਗਪਿੰਗ ਦੱਸਿਆ ਹੈ।

ਵੜਿੰਗ ਨੇ ਕਿਹਾ ਕਿ 15-20 ਸਾਲ ਪਹਿਲਾਂ ਤਕ ਸੂਬੇ ’ਚ ਮਾਫੀਆ ਸ਼ਬਦ ਨਹੀਂ ਹੁੰਦਾ ਸੀ। ਸੁਖਬੀਰ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਜਦੋਂ ਤੋਂ ਪਾਵਰ ’ਚ ਆਏ ਉਦੋਂ ਤੋਂ ਹੀ ਮਾਫੀਆ ਦਾ ਪ੍ਰਚਲਨ ਸ਼ੁਰੂ ਹੋਇਆ। ਚਾਹੇ ਡਰੱਗਸ ਹੋਵੇ ਜਾਂ ਕੇਬਿਲ ਜਾਂ ਫਿਰ ਟਰਾਂਸਪੋਰਟ ਮਾਫੀਆ, ਸਾਰਿਆਂ ਦੇ ਤਾਰ ਬਾਦਲ ਤੇ ਮਜੀਠੀਆ ਨਾਲ ਜੁੜਦੇ ਰਹੇ ਹਨ। ਟਰਾਂਸਪੋਰਟ ਮੰਤਰੀ ਨੇ ਬਾਦਲਾਂ ’ਤੇ ਇਹ ਵੀ ਦੋਸ਼ ਲਗਾਇਆ ਕਿ ਉਨ੍ਹਾਂ ਨੇ ਟਰਾਂਸਪੋਰਟ ਦੇ ਮਾਧਿਅਮ ਨਾਲ ਦੂਸਰੇ ਧੰਦਿਆਂ ਦਾ ਕਾਲਾ ਧਨ ਵੀ ਚਿੱਟਾ ਕਰ ਲਿਆ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਮਾਫੀਆ ਦੇ ਨਾਲ ਸਮਝੌਤਾ ਕਰ ਲਿਆ। ਅੱਜ ਆਪਣੀ ਪਾਰਟੀ ਬਣਾ ਕੇ ਭਾਜਪਾ ਨਾਲ ਸਮਝੌਤਾ ਕਰਨ ਦੀ ਗੱਲ ਕਹਿਣਾ ਵੀ ਉਸੇ ਸਮਝੌਤੇ ਦਾ ਹੀ ਹਿੱਸਾ ਹੈ।

ਵੜਿੰਗ ਨੇ ਸਾਢੇ ਚਾਰ ਸਾਲਾਂ ਦੇ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਕਾਲ ਲਈ ਪਛਤਾਵਾ ਵੀ ਕੀਤਾ। ਕੈਪਟਨ ਦੇ ਹੀ ਕਾਰਜਕਾਲ ’ਚ ਰਹੇ ਦੋ ਟ੍ਰਾਂਸਪੋਰਟ ਮੰਤਰੀ ਰਜੀਆ ਸੁਲਤਾਨਾ ਅਤੇ ਅਰੁਣਾ ਚੌਧਰੀ ਨੂੰ ਕਲੀਨ ਚਿੱਟ ਦਿੰਦੇ ਹੋਏ ਵੜਿੰਗ ਨੇ ਕਿਹਾ, ਉਨ੍ਹਾਂ ਨੂੰ ਕੰਮ ਨਹੀਂ ਕਰਨ ਦਿੱਤਾ ਗਿਆ, ਕਿਉਂਕਿ ਕੈਪਟਨ ਨੇ ਸਿਸਟਮ ਨੂੰ ਨਿਕੰਮਾ ਬਣਾ ਦਿੱਤਾ ਸੀ। ਟਰਾਂਸਪੋਰਟ ਮੰਤਰੀ ਨੇ ਆਪਣੀ ਗੱਲ ਦੀ ਪੁਸ਼ਟੀ ਲਈ ਕੋਵਿਡ ਕਾਲ ਦੌਰਾਨ ਟਰਾਂਸਪੋਰਟ ਸੈਕਟਰ ਨੂੰ ਦਿੱਤੀਆਂ ਗਈਆਂ ਸਹੂਲਤਾਂ ਦਾ ਹਵਾਲਾ ਦਿੱਤਾ।

Posted By: Ramanjit Kaur