ਜੇ ਐੱਸ ਕਲੇਰ, ਜ਼ੀਰਕਪੁਰ

ਜਾਮ ਦੀ ਸਮੱਸਿਆ ਨੂੰ ਦੂਰ ਕਰਨ ਲਈ ਟਰੈਿਫ਼ਕ ਪੁਲਿਸ, ਨਗਰ ਕੌਂਸਲ ਜ਼ੀਰਕਪੁਰ ਅਤੇ ਕੌਮੀ ਸ਼ਾਹਰਾਹ ਅਥਾਰਟੀ ਵੱਲੋਂ ਪਟਿਆਲਾ ਰੋਡ 'ਤੇ 3 ਥਾਵਾਂ 'ਤੇ ਟਰੈਿਫ਼ਕ ਸਿਗਨਲ ਲਗਾ ਦਿੱਤੇ ਗਏ ਹਨ, ਜਿਨ੍ਹਾਂ 'ਤੇ ਪਾਵਰਕਾਮ ਵੱਲੋਂ ਬਿਜਲੀ ਦੇ ਕੁਨੈਕਸ਼ਨ ਵੀ ਦੇ ਦਿੱਤੇ ਗਏ ਹਨ। ਹਾਸਲ ਜਾਣਕਾਰੀ ਅਨੁਸਾਰ ਸ਼ਹਿਰ 'ਚ ਟਰੈਿਫ਼ਕ ਜਾਮ ਦੀ ਸਮੱਸਿਆ ਕਾਰਨ ਲੋਕ ਕਾਫ਼ੀ ਪੇ੍ਸ਼ਾਨ ਹਨ ਅਤੇ ਲੋਕਾਂ ਨੇ ਜ਼ੀਰਕਪੁਰ ਤੋਂ ਜਾਮਪੁਰ ਕਹਿਣਾ ਸ਼ੁਰੂ ਕਰ ਦਿੱਤਾ ਹੈ। ਜ਼ੀਰਕਪੁਰ ਦੇ ਪਟਿਆਲਾ ਚੌਕ ਤੋਂ ਛੱਤ ਲਾਈਟ ਪੁਆਇੰਟ ਤੱਕ ਕਰੀਬ ਸਾਢੇ ਤਿੰਨ ਕਿਲੋਮੀਟਰ ਦੀ ਇਸ ਸੜਕ 'ਤੇ ਤਿੰਨ ਕੱਟ ਲੋਹਗੜ੍ਹ ਟੀ ਪੁਆਇੰਟ, ਏਅਰ ਫੋਰਸ ਹਾਈ ਗਰਾਊਂਡ ਰੋਡ ਨਾਭਾ ਪੈਟਰੋਲ ਪੰਪ ਦੇ ਸਾਹਮਣੇ ਅਤੇ ਗੁਰਦੁਆਰਾ ਸ੍ਰੀ ਨਾਭਾ ਸਾਹਿਬ ਦੇ ਸਾਹਮਣੇ ਵੀਆਈਪੀ ਰੋਡ ਵੱਲ ਜਾਣ ਵਾਲਾ ਅਜਿਹੇ ਪੁਆਇੰਟ ਹਨ ਜਿੱਥੇ ਅਕਸਰ ਵਾਹਨਾਂ ਦਾ ਘੜਮੱਸ ਮਚਿਆ ਰਹਿੰਦਾ ਹੈ ਅਤੇ ਕੌਮੀ ਸ਼ਾਹ ਰਾਹ 'ਤੇ ਜਾਮ ਦਾ ਕਾਰਨ ਬਣਦੇ ਹਨ। ਇਸ ਸਮੱਸਿਆ ਨੂੰ ਪੰਜਾਬੀ ਜਾਗਰਣ ਵੱਲੋਂ ਉਭਾਰੇ ਜਾਣ 'ਤੇ ਇਸ ਤੋਂ ਨਿਜ਼ਾਤ ਦਿਵਾਉਣ ਲਈ ਟਰੈਿਫ਼ਕ ਇੰਚਾਰਜ ਜ਼ੀਰਕਪੁਰ ਇੰਸਪੈਕਟਰ ਰਾਜਪਾਲ ਸਿੰਘ ਗਿੱਲ ਨੇ ਨਗਰ ਕੌਂਸਲ ਜ਼ੀਰਕਪੁਰ, ਕੌਮੀ ਸ਼ਾਹਰਾਹ ਅਥਾਰਟੀ, ਪਾਵਰਕਾਮ ਅਤੇ ਹੋਰ ਕਈ ਮਹਿਕਮਿਆਂ ਨਾਲ਼ ਰਾਬਤਾ ਬਣਾ ਕੇ ਇਨ੍ਹਾਂ ਤਿੰਨਾਂ ਪੁਆਇੰਟਾਂ ਤੇ ਟਰੈਿਫ਼ਕ ਸਿਗਨਲ ਲਗਵਾ ਦਿੱਤੇ ਹਨ ਅਤੇ ਪਾਵਰਕਾਮ ਵੱਲੋਂ ਬਿਜਲੀ ਦੇ ਮੀਟਰ ਵੀ ਲਗਾ ਦਿੱਤੇ ਗਏ ਹਨ, ਜਿਨਾਂ੍ਹ ਨੂੰ ਚਲਾਉਣ ਦੀ ਪੂਰੀ ਤਿਆਰੀ ਕਰ ਲਈ ਗਈ ਹੈ ਅਤੇ ਜਲ਼ਦੀ ਹੀ ਇਨ੍ਹਾਂ ਪੁਆਇੰਟਾਂ 'ਤੇ ਪੇਸ਼ ਆ ਰਹੀ ਜਾਮ ਦੀ ਸਮੱਸਿਆ ਤੋਂ ਵੀ ਨਿਜ਼ਾਤ ਮਿਲ ਜਾਵੇਗਾ।