ਪੰਜਾਬੀ ਜਾਗਰਣ ਟੀਮ, ਐੱਸਏਐੱਸ ਨਗਰ : ਫ਼ਾਰਮਰਜ਼ ਵੈੱਲਫ਼ੇਅਰ ਸੁਸਾਇਟੀ ਆਫ਼ ਪੰਜਾਬ ਵੱਲੋਂ ਦੇਸ਼ ਵਿਆਪੀ ਕਿਸਾਨ ਸੰਘਰਸ਼ ਦੇ ਸਮਰਥਨ 'ਚ ਅਤੇ ਖੇਤੀ ਕਾਨੰੂਨਾਂ ਦੇ ਵਿਰੋਧ 'ਚ 26 ਜਨਵਰੀ ਨੂੰ ਗਣਤੰਤਰਤਾ ਦਿਵਸ ਵਾਲੇ ਦਿਨ ਮੋਹਾਲੀ 'ਚ ਟਰੈਕਟਰ ਰੈਲੀ ਕੱਢੀ ਗਈ। ਜਿਸ 'ਚ ਹਜ਼ਾਰਾਂ ਦੀ ਗਿਣਤੀ 'ਚ ਟਰੈਕਟਰਾਂ, ਕਾਰਾਂ ਤੇ ਮੋਟਰਸਾਈਕਲਾਂ 'ਤੇ ਸਵਾਰ ਹੋ ਕੇ ਲੋਕਾਂ ਨੇ ਸ਼ਮੂਲੀਅਤ ਕੀਤੀ।

ਸੁਸਾਇਟੀ ਦੇ ਆਗੂਆਂ ਸੁਖਦੇਵ ਸਿੰਘ, ਪ੍ਰਮੇਸ਼ਵਰ ਸਿੰਘ ਸਿੱਧੂ, ਸੁਖਬੀਰ ਸਿੰਘ ਸ਼ੇਰਗਿੱਲ, ਸੁਖਪਾਲ ਸਿੰਘ ਕੰਗ ਆਦਿ ਦੀ ਅਗਵਾਈ 'ਚ ਕੱਢੀ ਗਈ ਇਹ ਰੈਲੀ ਦੁਪਹਿਰ ਫੇਜ਼ 2 ਸਥਿਤ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਫੇਜ਼ 5, 3ਬੀ2, ਫੇਜ਼ 7, 8, 10, 11, ਬੈਸਟੈੱਕ ਮਾਲ-ਏਅਰਪੋਰਟ ਰੋਡ ਤੋਂ ਹੰੁਦੀ ਹੋਈ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ, ਸੈਕਟਰ 70-69 ਦੀ ਡਿਵਾਈਡਿੰਗ ਰੋਡ ਤੋਂ ਹੋ ਕੇ ਫੇਜ਼ 8 ਸਥਿਤ ਗੁਰਦੁਆਰਾ ਸ੍ਰੀ ਅੰਬ ਸਾਹਿਬ ਵਿਖੇ ਜਾ ਕੇ ਸਮਾਪਤ ਹੋਈ। ਰੈਲੀ 'ਚ ਸ਼ਾਮਿਲ ਹੋਣ ਵਾਲੀਆਂ ਕਾਰਾਂ 'ਤੇ ਲਗਾਉਣ ਲਈ ਸਟਿੱਕਰ ਅਤੇ ਝੰਡੇ ਵੀ ਮੌਕੇ 'ਤੇ ਦਿੱਤੇ ਗਏ। ਰੈਲੀ ਉਪਰੰਤ ਗੁਰਦੁਆਰਾ ਅੰਬ ਸਾਹਿਬ ਵਿਖੇ ਚਾਹ ਦਾ ਲੰਗਰ ਵੀ ਲਾਇਆ ਗਿਆ। ਹੈਰਾਨੀ ਇਸ ਗੱਲ ਦੀ ਹੈ ਕਿ ਲੋਕਤੰਤਰਿਕ ਢੰਗ ਨਾਲ ਚੱਲ ਰਹੇ ਕਿਸਾਨ ਸੰਘਰਸ਼ ਦੀ ਅਵਾਜ਼ ਸੁਣਨ ਦੀ ਬਜਾਏ ਸੰਘਰਸ਼ ਨੂੰ ਗ਼ਲਤ ਰੰਗਤ ਦੇਣ ਦੀ ਕੋਝੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਜਿਸ ਦੀ ਫ਼ਾਰਮਰਜ਼ ਵੈੱਲਫ਼ੇਅਰ ਸੁਸਾਇਟੀ ਆਫ਼ ਪੰਜਾਬ ਵੱਲੋਂ ਸਖ਼ਤ ਸ਼ਬਦਾਂ 'ਚ ਨਿੰਦਾ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸੁਸਾਇਟੀ ਮੰਗ ਕਰਦੀ ਹੈ ਕਿ ਮੋਦੀ ਸਰਕਾਰ ਦੇਸ਼ ਦੇ ਕਿਸਾਨਾਂ ਦੀ ਅਵਾਜ਼ ਸੁਣਦੇ ਹੋਏ ਤਿੰਨੋਂ ਖੇਤੀ ਕਾਨੂੰਨ ਤੁਰੰਤ ਰੱਦ ਕਰ ਕੇ ਅੰਨਦਾਤਾ ਨਾਲ ਇਨਸਾਫ਼ ਕਰੇ।