ਗੁਰਮੀਤ ਸਿੰਘ ਸ਼ਾਹੀ, ਐੱਸਏਐੱਸ ਨਗਰ : ਪੰਜਾਬ ਸਕੱਤਰੇਤ ਸਰਵਿਸਿਜ਼ (ਰਿਟਾਇਰਡ) ਆਫ਼ੀਸਰਜ਼ ਐਸੋਸੀਏਸ਼ਨ ਦੇ ਜਨਰਲ ਸਕੱਤਰ ਸ਼ਿਆਮ ਲਾਲ ਸ਼ਰਮਾ ਅਤੇ ਪ੍ਰਧਾਨ ਕੰਵਲਜੀਤ ਕੌਰ ਭਾਟੀਆ ਨੇ ਦੱਸਿਆ ਕਿ ਐਸੋਸੀਏਸ਼ਨ ਦੀ ਕਾਰਜਕਾਰਨੀ ਦੀ ਮੀਟਿੰਗ ਹੋਈ ਜਿਸ 'ਚ ਪੈਨਸ਼ਨਰਜ਼ ਦੀਆਂ ਮੰਗਾ ਸੰਬੰਧੀ ਵਿਚਾਰ ਕੀਤਾ ਗਿਆ। ਮੀਟਿੰਗ 'ਚ ਉਮਾ ਕਾਂਤ ਤਿਵਾਰੀ ਪ੍ਰਰੈੱਸ ਸਕੱਤਰ, ਮਨੋਹਰ ਸਿੰਘ ਮੱਕੜ ਸੀਨੀਅਰ ਮੀਤ ਪ੍ਰਧਾਨ, ਕਰਨੈਲ ਸਿੰਘ ਗੁਰਾਇਆ, ਸੁਰਜੀਤ ਸਿੰਘ ਸੀਤਲ, ਜਨਕ ਰਾਜ, ਰਬਿੰਦਰ ਸ਼ਰਮਾ, ਅਰਜਨ ਦੇਵ ਪਾਠਕ ਅਤੇ ਹੋਰਾਂ ਨੇ ਭਾਗ ਲਿਆ। ਮੀਟਿੰਗ 'ਚ ਕੀਤੇ ਗਏ ਫੈਸਲੇ ਅਨੁਸਾਰ ਸਰਕਾਰ ਤੋਂ ਮੰਗ ਕੀਤੀ ਗਈ ਕਿ ਪੈਨਸ਼ਨਰਜ਼ ਨੂੰ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਦੇਣ ਲਈ ਪੱਤਰ ਤੁਰੰਤ ਜਾਰੀ ਕੀਤਾ ਜਾਵੇ। ਸਰਕਾਰੀ ਕਰਮਚਾਰੀਆਂ ਸਬੰਧੀ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਦੇਣ ਸਬੰਧੀ ਮਿਤੀ 7 ਸਤੰਬਰ 2021 ਨੂੰ 17% ਅਤੇ 2 ਨਵੰਬਰ 2021 ਨੂੰ 11% ਡੀਏ ਦੇਣ ਸੰਬੰਧੀ ਸਰਕੂਲਰ ਜਾਰੀ ਕੀਤੇ ਜਾ ਚੁੱਕੇ ਹਨ। ਪਹਿਲਾ ਕਰਮਚਾਰੀਆਂ ਅਤੇ ਪੈਨਸ਼ਨਰਜ਼ ਸਬੰਧੀ ਇਕੱਠਾ ਹੀ ਸਰਕੂਲਰ ਜਾਰੀ ਕੀਤਾ ਜਾਂਦਾ ਸੀ ਅਤੇ ਹੁਣ ਜਾਣਬੁੱਝ ਕੇ ਪੈਨਸ਼ਨਰਜ਼ ਨਾਲ ਧੱਕਾ ਕੀਤਾ ਜਾ ਰਿਹਾ ਹੈ। ਮੈਡੀਕਲ ਭੱਤਾ ਸਰਕਾਰ ਵਲੋਂ 500 ਰੁਪਏ ਤੋਂ ਵਧਾ ਕੇ 1000 ਰੁਪਏ ਕੀਤਾ ਗਿਆ ਹੈ ਅਤੇ ਇਸ ਸਬੰਧੀ ਕਰਮਚਾਰੀਆਂ ਬਾਰੇ ਸਰਕੂਲਰ 7 ਸਤੰਬਰ 2021 ਨੂੰ ਜਾਰੀ ਕੀਤਾ ਜਾ ਚੁੱਕਾ ਹੈ ਪਰ 2 ਮਹੀਨੇ ਗੁਜ਼ਰਨ ਉਪਰੰਤ ਵੀ ਪੈਨਸ਼ਨਰਜ਼ ਸਬੰਧੀ ਸਰਕੂਲਰ ਜਾਰੀ ਨਹੀਂ ਕੀਤਾ ਗਿਆ ਹੈ। ਸਰਕਾਰ ਇਹ ਵੀ ਮਹਿਸੂਸ ਨਹੀਂ ਕਰਦੀ ਹੈ ਕਿ ਵਾਸਤਵ ਵਿਚ ਪੈਨਸ਼ਨਰਜ਼ ਨੂੰ ਮੈਡੀਕਲ ਭੱਤੇ ਦੀ ਲੋੜ ਸਭ ਤੋਂ ਵੱਧ ਹੈ। ਇਸ ਲਈ ਐਸੋਸੀਏਸ਼ਨ ਵੱਲੋਂ ਮੰਗ ਕੀਤੀ ਗਈ ਕਿ ਡੀਏ ਅਤੇ ਮੈਡੀਕਲ ਭੱਤੇ ਦਾ ਤੁਰੰਤ ਸਰਕੂਲਰ ਜਾਰੀ ਕੀਤੇ ਜਾਣ। ਬੈਂਕਾਂ ਨੂੰ ਹਦਾਇਤ ਕੀਤੀ ਜਾਵੇ ਕਿ ਸੋਧੀ ਹੋਈ ਪੈਨਸ਼ਨਾਂ ਤੁਰੰਤ ਰਿਲੀਜ਼ ਕੀਤੀਆਂ ਜਾਣ। ਇਹ ਵੀ ਮੰਗ ਕੀਤੀ ਗਈ ਕਿ ਪੈਨਸ਼ਨਰਜ਼ ਨੂੰ ਨਕਦ ਅਦਾਇਗੀ ਕੀਤੀ ਜਾਣੀ ਹੈ ਅਤੇ ਇਹ ਅਦਾਇਗੀ ਇਕ ਮੁਸਤ ਕੀਤੀ ਜਾਵੇ।