ਪੰਜਾਬੀ ਜਾਗਰਣ ਟੀਮ, ਐੱਸਏਐੱਸ ਨਗਰ : ਸਿੱਖਿਆ ਵਿਭਾਗ ਪੰਜਾਬ ਵੱਲੋਂ 56 ਪਿ੍ਰੰਸੀਪਲਾਂ ਤੇ ਸਿੱਧੀ ਭਰਤੀ ਰਾਹੀਂ ਨਿਯੁਕਤ ਕੀਤੇ 25 ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਨੂੰ ਸਕੂਲ ਪ੍ਰਬੰਧ, ਲੀਡਰਸ਼ਿਪ, ਸੇਵਾ ਨਿਯਮਾਂ, ਆਦਿ ਦੀ ਸਿਖਲਾਈ ਵਿਸ਼ੇਸ਼ ਸਿਖਲਾਈ ਵਰਕਸ਼ਾਪ ਦੌਰਾਨ ਮੈਰੀਟੋਰੀਅਸ ਸਕੂਲ ਸੈਕਟਰ 70 ਵਿਖੇ ਦਿੱਤੀ ਜਾ ਰਹੀ ਹੈ।

ਸਿਖਲਾਈ ਵਰਕਸ਼ਾਪ ਦੇ ਦੂਜੇ ਦਿਨ ਸਕੱਤਰ ਸਕੂਲ ਸਿੱਖਿਆ ਪੰਜਾਬ ਨੇ ਨਵੇਂ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਨੂੰ ਤੇ ਪਿ੍ਰੰਸੀਪਲਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ 'ਚ ਪਿੰ੍ਰਸੀਪਲਾਂ ਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਦੀਆਂ ਅਸਾਮੀਆਂ ਭਰ ਦਿੱਤੀਆਂ ਗਈਆਂ ਹਨ। ਨਵੀਂ ਨਿਯੁਕਤੀ ਦੇ ਉਪਰੰਤ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਅਫ਼ਸਰਾਂ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਸਕੂਲਾਂ 'ਚ ਗੁਣਾਤਮਕ ਸਿੱਖਿਆ ਲਈ ਮਿਸ਼ਨ ਸੌ-ਫ਼ੀਸਦੀ, ਈ-ਕੰਟੈਂਟ ਦੀ ਵਰਤੋਂ, ਸਮਾਰਟ ਸਕੂਲ ਨੀਤੀ ਤੇ ਹੋਰ ਮੁਹਿੰਮਾਂ ਸਿਖਰ 'ਤੇ ਹਨ। ਨਵੇਂ ਪਿ੍ਰੰਸੀਪਲਾਂ ਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ 'ਚ ਜੋਸ਼ ਅਤੇ ਜਨੂੰਨ ਹੈ ਜੋ ਇਹਨਾਂ ਮੁਹਿੰਮਾਂ ਨੂੰ ਹਾਂ-ਪੱਖੀ ਹੁਲਾਰਾ ਦੇਣ ਲਈ ਸਹਾਈ ਹੈ। ਸਕੂਲ ਪ੍ਰਬੰਧ ਤੇ ਲੀਡਰਸ਼ਿਪ ਦੇ ਗੁਣ ਸਕੂਲਾਂ 'ਚ ਵਿਦਿਆਰਥੀਆਂ ਤੇ ਅਧਿਆਪਕਾਂ ਦੀ ਕਾਰਗੁਜ਼ਾਰੀ 'ਚ ਹੋਰ ਵੀ ਨਿਖਾਰ ਲਿਆਉਣਗੇ।

ਉਨ੍ਹਾਂ ਸਮੂਹ ਨਵੇਂ ਸਿੱਖਿਆ ਅਫ਼ਸਰਾਂ ਨੂੰ ਕਿਹਾ ਕਿ ਸਰਕਾਰੀ ਸਕੂਲਾਂ 'ਚ ਪਿਛਲੇ ਸਾਲ ਦਾਖਲਿਆਂ 'ਚ ਵਾਧਾ ਹੋਇਆ ਸੀ ਪਰ ਹੁਣ ਉਨ੍ਹਾਂ ਕੋਲ ਵੱਡੀ ਚੁਣੌਤੀ ਹੈ ਕਿ ਇਸ ਸਾਲ ਦਾਖਲਿਆਂ ਨੂੰ ਵਧਾਉਣ ਲਈ ਨਿਰੰਤਰ ਸੁਹਿਰਦ ਯਤਨ ਕਰਨ।

ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਸਕੂਲ ਪ੍ਰਬੰਧ ਲਈ ਸਕੂਲਾਂ ਦੇ ਪਿ੍ਰੰਸੀਪਲਾਂ ਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਨੂੰ ਆਤਮ ਵਿਸ਼ਵਾਸ ਬਣਾ ਕੇ ਕੰਮ ਕਰਨ ਲਈ ਸ਼ੁਭਕਾਮਨਾਵਾਂ ਦਿੱਤੀਆਂ। ਸਿੱਖਿਆ ਵਿਭਾਗ ਨੂੰ ਸਮੂਹ ਅਫ਼ਸਰਾਂ ਤੋਂ ਬਹੁਤ ਉਮੀਦਾਂ ਹਨ ਜਿਨ੍ਹਾਂ 'ਤੇ ਉਨ੍ਹਾਂ ਨੇ ਕੰਮ ਕਰਨ ਹੈ।

ਇਸ ਮੌਕੇ ਮਨੋਜ ਕੁਮਾਰ ਡਿਪਟੀ ਐੱਸਪੀਡੀ, ਪਿ੍ਰੰਸੀਪਲ ਰੀਤੂ ਮੈਰੀਟੋਰੀਅਸ ਸਕੂਲ, ਬਦੁਰਿਆ ਸੇਨ, ਜਯੰਤ ਸ਼ਰਮਾ, ਵੱਖ- ਵੱਖ ਸਕੂਲਾਂ ਤੋਂ ਪਿ੍ਰੰਸੀਪਲ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਵੀ ਮੌਜੂਦ ਰਹੇ।