ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਸ਼੍ਰੀ ਗੁਰੂ ਨਾਨਕ ਦੇਵ ਜੀ ਬਾਰੇ ਰਚਿਤ ਪੰਜਾਬੀ ਸਾਹਿਤ ਵਿਸ਼ੇ 'ਤੇ ਮੰਗਲਵਾਰ ਨੂੰ ਪੰਜਾਬੀ ਸਾਹਿਤ ਅਕਾਦਮੀ ਵੱਲੋਂ ਸੈਮੀਨਾਰ ਕਰਵਾਇਆ ਗਿਆ। ਸਭਿਆਚਾਰਕ ਮਾਮਲੇ ਵਿਭਾਗ ਦੇ ਨਿਰਦੇਸ਼ਕ ਮਾਲਵਿੰਦਰ ਸਿੰਘ ਜੱਗੀ ਨੇ ਕਿਹਾ ਕਿ ਬਾਬੇ ਨਾਨਕ ਦੀਆਂ ਸਿੱਖਿਆਵਾਂ ਨੂੰ ਵਿਵਹਾਰਕ ਜੀਵਨ ਵਿਚ ਅਪਨਾਉਣਾ ਸਮੇਂ ਦੀ ਲੋੜ ਹੈ। ਡਾ. ਸਤੀਸ਼ ਕੁਮਾਰ ਵਰਮਾ ਨੇ ਕਿਹਾ ਕਿ ਗੁਰੂ ਜੀ ਇਕ ਦੀਵੇ ਵਾਂਗ ਹਨ, ਜਿਨ੍ਹਾਂ ਨੂੰ ਅਸੀਂ ਵੱਖ-ਵੱਖ ਸੈਮੀਨਾਰਾਂ/ਕਾਨਫ਼ਰੰਸਾਂ ਵਿਚ ਲੈ ਕੇ ਜਾਂਦੇ ਹਾਂ ਤੇ ਆਪਣੀ ਜ਼ਿੰਦਗੀ ਦੇ ਸੁੰਨੇ ਰਾਹਾਂ ਨੂੰ ਰੁਸ਼ਨਾਅ ਰਹੇ ਹਾਂ।

ਇਸ ਮੌਕੇ ਡਾ. ਸੁਰਜੀਤ ਪਾਤਰ ਨੇ ਗੁਰੂ ਨਾਨਕ ਦੇਵ ਜੀ ਨੂੰ ਸੰਗੀਤ ਅਤੇ ਸਾਹਿਤ ਵਿਚ ਸੰਵਾਦ ਸਿਰਜਣ ਵਾਲੀ ਮਹਾਨ ਸ਼ਖ਼ਸੀਅਤ ਕਿਹਾ। ਸੈਮੀਨਾਰ ਦੇ ਦੂਸਰੇ ਅਕਾਦਮਿਕ ਸੈਸ਼ਨ ਵਿਚ ਡਾ. ਦਰਿਆ ਨੇ ਕਿਹਾ ਕਿ ਲੋਕ-ਸਾਹਿਤ ਵਿਚ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਦੁਨਿਆਵੀ ਰੂਪ ਪੇਸ਼ ਹੋਇਆ ਹੈ ਤੇ ਇਹ ਬਿੰਬ ਲੋਕ-ਮਾਨਸਿਕਤਾ ਵਿਚ ਪਾਰਸ ਵਜੋਂ ਕਾਰਜਸ਼ੀਲ ਹੈ। ਡਾ. ਮਨਜਿੰਦਰ ਸਿੰਘ ਨੇ ਮੱਧਕਾਲੀ ਪੰਜਾਬੀ ਸਾਹਿਤ ਦੇ ਹਵਾਲੇ ਨਾਲ ਇਹ ਧਾਰਨਾ ਪੇਸ਼ ਕੀਤੀ ਕਿ ਮੱਧਕਾਲੀ ਪੰਜਾਬੀ ਸਾਹਿਤ ਵਿਚ ਬਾਬੇ ਨਾਨਕ ਦਾ ਬਿੰਬ ਦੈਵੀ ਤੇ ਦੁਨਿਆਵੀ ਦੋਹਾਂ ਰੂਪਾਂ ਵਿਚ ਸਮਾਂਤਰ ਪੇਸ਼ ਹੋਇਆ ਹੈ। ਡਾ. ਕੁਲਦੀਪ ਸਿੰਘ ਦੀਪ ਨੇ ਆਧੁਨਿਕ ਪੰਜਾਬੀ ਕਵਿਤਾ ਦੇ ਹਵਾਲੇ ਨਾਲ ਗੁਰੂ ਨਾਨਕ ਦੇਵ ਜੀ ਦੇ ਬਿੰਬ ਨੂੰ ਆਲੋਚਨਾਤਮਕ ਦਿ੍ਸ਼ਟੀ ਤੋਂ ਪਰਖਣ ਦਾ ਯਤਨ ਕੀਤਾ। ਡਾ. ਭੀਮ ਇੰਦਰ ਸਿੰਘ ਨੇ ਆਧੁਨਿਕ ਪੰਜਾਬੀ ਗਲਪ ਦੇੇ ਸੰਦਰਭ ਰਾਹੀਂ ਗੁਰੂ ਜੀ ਦੇ ਬਿੰਬ ਨੂੰ ਮਾਰਕਸੀ ਦਿ੍ਸ਼ਟੀ ਤੋਂ ਸਮਝਣ ਦਾ ਯਤਨ ਕੀਤਾ । ਡਾ. ਗੁਰਸੇਵਕ ਸਿੰਘ ਲੰਬੀ ਨੇ ਆਧੁਨਿਕ ਪੰਜਾਬੀ ਨਾਟਕ ਦੇ ਹਵਾਲੇ ਨਾਲ ਗੁਰੂ ਨਾਨਕ ਦੇਵ ਦੇ ਬਿੰਬ ਨੂੰ ਡੀਕੋਡ ਕਰਨ ਦਾ ਯਤਨ ਕੀਤਾ। ਪੰਜਾਬ ਸਾਹਿਤ ਅਕਾਦਮੀ ਦੇ ਪ੍ਰਧਾਨ ਡਾ. ਸਰਬਜੀਤ ਕੌਰ ਸੋਹਲ ਨੇ ਆਏ ਹੋਏ ਵਿਦਵਾਨਾਂ ਤੇ ਡੈਲੀਗੇਟਾਂ ਨੂੰ ਜੀ ਆਇਆ ਕਿਹਾ।