ਸ਼ੰਕਰ ਸਿੰਘ, ਚੰਡੀਗੜ੍ਹ: ਲਾਕਡਾਊਨ ਦੌਰਾਨ ਟਿਕਟਾਕ ਸਭ ਤੋਂ ਵੱਧ ਡਾਊਨਲੋਡ ਹੋਣ ਵਾਲਾ ਐਪ ਰਿਹਾ, ਜਿਸ ਨਾਲ ਟਿਕਟਾਕ ਸਟਾਰਾਂ ਨੂੰ ਕਾਫੀ ਫਾਇਦਾ ਹੋਇਆ ਪਰ ਗਲਵਨ ਘਾਟੀ 'ਚ ਭਾਰਤ ਚੀਨ ਦਰਮਿਆਨ ਯੁੱਧ ਵਰਗੀ ਸਥਿਤੀ ਨੇ ਸਭ ਕੁਝ ਬਦਲ ਕੇ ਰੱਖ ਦਿੱਤਾ। ਭਾਰਤ ਸਰਕਾਰ ਵੱਲੋਂ ਚੀਨ ਦੇ 59 ਐਪ ਬੈਨ ਕਰਨ ਨਾਲ ਸਭ ਤੋਂ ਵੱਧ ਝਟਕਾ ਦੇਸ਼ਵਾਸੀਆਂ ਨੂੰ ਟਿਕਟਾਕ ਦਾ ਰਿਹਾ। ਜਿਥੇ ਪੰਜਾਬ ਦੇ ਕਈ ਟਿਕਟਾਕ ਸਟਾਰ ਇਸ ਐਪ ਨਾਲ ਲੱਖਾਂ ਕਮਾਉਂਦੇ ਸਨ, ਉਨ੍ਹਾਂ ਸਟਾਰਾਂ ਨੂੰ ਹੁਣ ਕਾਫੀ ਨਿਰਾਸ਼ਾ ਹੋਈ ਹੈ।

ਟਿਕਟਾਕ ਨਾਲ ਮਿਲਿਆ ਸੀ ਦਿਲਜੀਤ ਦੋਸਾਂਝ ਨਾਲ ਨਾਲ ਕੰਮ ਕਰਨ ਦਾ ਮੌਕਾ

ਸੋਨੀ ਕਰੂ ਦੇ ਨਾਂ ਨਾਲ ਪ੍ਰਸਿੱਧ ਗੁਰਪ੍ਰੀਤ ਸਿੰਘ ਸੋਨੀ ਨੇ ਕਿਹਾ ਕਿ ਉਹ ਟਿਕਟਾਕ ਨਾਲ ਸ਼ੁਰੂਆਤੀ ਸਾਲਾਂ ਤੋਂ ਜੁੜੇ ਹਨ। ਉਨ੍ਹਾਂ ਦੇ ਚਾਰ ਲੱਖ ਤੋਂ ਵੱਧ ਫਾਲੋਵਰਸ ਹਨ। ਟਿਕਟਾਕ ਦੇ ਬੈਨ ਹੋਣ ਦੀ ਖਬਰ ਆਈ, ਤਾਂ ਕਾਫੀ ਨਿਰਾਸ਼ਾ ਹੋਈ। ਹਾਲਾਂਕਿ ਦੇਸ਼ ਹਿੱਤ 'ਚ ਇਹ ਸਹੀ ਹੈ ਮੈਂ ਇਸ ਦੇ ਨਾਲ ਹਾਂ ਪਰ ਇਸ ਦੀ ਵਜ੍ਹਾ ਨਾਲ ਹੀ ਮੇਰੀ ਪਛਾਣ ਬਣੀ ਹੈ। ਗਾਇਕ ਤੇ ਕਲਾਕਾਰ ਦਿਲਜੀਤ ਦੌਸਾਂਝ ਨਾਲ ਫਿਲਮ 'ਚ ਕੰਮ ਕਰਨ ਦਾ ਮੌਕਾ ਇਸੇ ਕਾਰਨ ਮਿਲਿਆ। ਇਨ੍ਹੀਂ ਦਿਨੀਂ ਯਾਦਵਿੰਦਰ ਸਿੰਘ ਨਾਲ ਜੁੜਿਆਂ ਹਾਂ, ਜੋ ਮੈਨੂੰ ਕਰੀਅਰ ਵਧਾਉਣ 'ਚ ਮਦਦ ਕਰ ਰਹੇ ਹਨ। ਹੁਣ ਦੂਜੇ ਸੋਸ਼ਲ ਮੀਡੀਓ ਐਪ 'ਤੇ ਐਕਟਿਵ ਹੋ ਕੇ ਨਾਮ ਬਣਾ ਰਿਹਾ ਹਾਂ।

ਕਈ ਨੌਜਵਾਨ ਬੇਰੁਜ਼ਗਾਰ ਹੋਏ ਹਨ

ਟਿਕਟਾਕ 'ਚ ਜੱਟੀ 20 ਦੇ ਨਾਂ ਨਾਲ ਪ੍ਰਸਿੱਧ ਕਰਮਨਦੀਪ ਕੌਰ ਦੇ 4.8 ਮੀਲੀਅਨ ਫਾਲੋਵਰਸ ਸਨ, ਉਨ੍ਹਾਂ ਨੇ ਕਿਹਾ ਕਿ ਟਿਕਟਾਕ 'ਚ ਫਾਲੋਵਰਸ ਬਣਾਉਣ 'ਚ ਕਾਫੀ ਮਿਹਨਤ ਕਰਨੀ ਪਈ ਸੀ। ਇਕਦਮ ਆਈ ਇਸ ਖ਼ਬਰ ਨੇ ਕਾਫੀ ਨਿਰਾਸ਼ ਕੀਤਾ ਹੈ। ਪੰਜਾਬ ਦੇ ਕਈ ਨੌਜਵਾਨ ਇਸ ਤੋਂ ਕਮਾ ਰਹੇ ਸਨ। ਟਿਕਟਾਕ ਤੋਂ ਮੈਂ ਵੀ ਕਾਫੀ ਚੰਗੀ ਕਮਾਈ ਕੀਤੀ ਕਰ ਲਈ ਸੀ। ਲਗਪਗ ਡੇਢ ਲੱਖ ਮਹੀਨਾ ਕਮਾ ਲੈਂਦੀ ਸੀ। ਪਰ ਇਸ ਐਪ ਦੇ ਬੰਦ ਹੋਣ ਨਾਲ ਹੁਣ ਦੂਜੇ ਐਪ 'ਤੇ ਫਿਰ ਤੋਂ ਮਿਹਨਤ ਕਰਨੀ ਪਵੇਗੀ।

ਉਮੀਦ ਹੈ ਕਿ ਐਪ ਛੇਤੀ ਵਾਪਸੀ ਕਰੇਗਾ

ਮੋਹਾਲੀ ਦੀ ਨਵਨੀਤ ਵਿਰਕ ਦੇ ਟਿਕਟਾਕ 'ਤੇ ਇਕ ਮੀਲੀਅਨ ਫਾਲੋਵਰਸ ਸਨ। ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਇਹ ਛੇਤੀ ਹੀ ਕਿਸੇ ਹੋਰ ਨਾਂ ਤੋਂ ਵਾਪਸੀ ਕਰੇਗਾ। ਉਨ੍ਹਾਂ ਕਿਹਾ ਕਿ ਕਿਸੇ ਵੀ ਸੋਸ਼ਲ ਮੀਡੀਆ ਐਪ 'ਤੇ ਫਾਲੋਵਰਸ ਬਣਾਉਣ ਨੂੰ ਸਮਾਂ ਲੱਗਦਾ ਹੈ। ਇਸ ਨਾਲ ਤੁਹਾਡੀ ਵਧੀਆ ਕਮਾਈ ਹੋ ਜਾਂਦੀ ਹੈ। ਮੈਨੂੰ ਪਰਮੋਸ਼ਨ 'ਚ ਹੀ ਹਰੇਕ ਦਿਨ ਦਾ 30-40 ਹਜ਼ਾਰ ਰੁਪਏ ਮਿਲ ਜਾਂਦਾ ਸੀ। ਹੁਣ ਸਾਡਾ ਫੋਕਸ ਦੂਜੀ ਐਪ 'ਤੇ ਰਹੇਗਾ, ਤਾਂਕਿ ਅਸੀਂ ਦੋਬਾਰਾਂ ਇਸ ਨਾਲ ਕੁਝ ਕਮਾ ਸਕੀਏ।

ਚੀਨੀ ਐਪਸ ਬੰਦ ਕਰਨ ਦੇ ਫੈਸਲੇ ਨੂੰ ਟਿਕਟਾਕ ਸਟਾਰ ਨੂਰ ਤੇ ਚਾਚਾ ਨੇ ਸਲਾਹਿਆ

ਜੇਐੱਨਐੱਨ, ਮੋਗਾ : ਟਿਕਟਾਕ ਸਟਾਰ ਪੰਜ ਸਾਲਾ ਨੂਰਪ੍ਰੀਤ ਕੌਰ ਤੇ ਉਸ ਦੇ ਚਾਚਾ ਤੇ ਟਿਕਟਾਕ ਟੀਮ ਲੀਡਰ ਸੰਦੀਪ ਸਿੰਘ (ਮੋਟੇ) ਨੇ ਟਿਕਟਾਕ ਸਮੇਤ ਚੀਨ ਦੇ 59 ਐਪਸ 'ਤੇ ਭਾਰਤ 'ਚ ਰੋਕ ਲਗਾਉਣ ਦੇ ਕੇਂਦਰ ਸਰਕਾਰ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਟਿਕਟਾਕ ਬੰਦ ਹੋਣ ਦਾ ਉਨ੍ਹਾਂ ਨੂੰ ਕੋਈ ਦੁੱਖ ਨਹੀਂ ਹੈ।

ਦੁੱਖ ਹੈ ਤਾਂ ਸਰਹੱਦ 'ਤੇ ਸ਼ਹੀਦ ਹੋਏ ਭਾਰਤੀ ਜਵਾਨਾਂ ਦਾ। ਚੀਨੀ ਐਪ ਬੰਦ ਕਰਨਾ ਬਲਿਦਾਨ ਦੇਣ ਵਾਲੇ ਭਾਰਤੀ ਸੈਨਿਕਾਂ ਪ੍ਰਤੀ ਦੇਸ਼ ਦੀ ਸ਼ਰਧਾਂਜਲੀ ਹੈ। ਦੇਸ਼ ਦੇ ਪ੍ਰਤੀ ਸੱਚਾ ਸਨਮਾਨ ਤਾਂ ਹੀ ਹੋਵੇਗਾ, ਜਦੋਂ ਭਾਰਤੀ ਚੀਨੀ ਉਤਪਾਦਾਂ ਦਾ ਵੀ ਤਿਆਗ ਕਰਨਗੇ। ਉਨ੍ਹਾਂ ਕਿਹਾ ਕਿ ਕਲਾਕਾਰ ਕਿਸੇ ਇਕ ਐਪ ਦੇ ਸਹਾਰੇ ਜਿੰਦਾ ਨਹੀਂ ਰਹਿੰਦਾ। ਉਨ੍ਹਾਂ ਆਪਣੀ ਕਲਾ ਨੂੰ ਫੇਸਬੁੱਕ, ਯੂਟਿਊਬ ਤੇ ਇੰਸਟਾਗ੍ਰਾਮ 'ਤੇ ਵੀ ਜਿੰਦਾ ਰੱਖਣਗੇ। ਦੱਸਣਯੋਗ ਹੈ ਕਿ ਨੂਰਪ੍ਰਰੀਤ ਕੌਰ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਮੁਰੀਦ ਸਨ। ਉਨ੍ਹਾਂ ਨੇ ਸਰਕਾਰ ਦਾ ਸੰਦੇਸ਼ ਲੋਕਾਂ ਤਕ ਪਹੁੰਚਾਉਣ ਲਈ ਨੂਰ ਨਾਲ ਵੀਡੀਓ ਤਿਆਰ ਕਰਵਾਈ ਸੀ।

ਟਿਕਟਾਕ ਬਦੌਲਤ ਮਿਲਿਆ ਸੀਰੀਅਲ 'ਚ ਆਫਰ

ਦੂਰਦਰਸ਼ਨ ਜਲੰਧਰ ਲਈ ਪੰਜਾਬੀਆਂ ਦੀ ਸ਼ਾਨ ਵੱਖਰੀ ਦੇ ਨਿਰਮਾਤਾ ਨਿਰਦੇਸ਼ਕ ਸਨੀ ਸ਼ਰਮਾ ਨੇ ਟਿਕਟਾਕ ਦੀ ਬਦੌਲਤ ਉਨ੍ਹਾਂ ਨੂੰ ਸੀਰੀਅਲ ਦਾ ਆਫਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਜੇਕਰ ਨੂਰ ਤੇ ਟੀਮ ਤਿਆਰ ਹੈ ਤਾਂ ਉਹ ਨੂਰਪ੍ਰੀਤ ਨੂੰ ਹੋਰ ਬਿਹਤਰ ਸਿਖਲਾਈ ਦੇ ਕੇ ਮੋਗਾ ਦੇ ਇਤਿਹਾਸ 'ਤੇ ਸੀਰੀਅਲ ਬਣਾਉਣਗੇ।