ਪੱਤਰ ਪ੍ਰਰੇਰਕ, ਲਾਲੜੂ : ਅੰਬਾਲਾ-ਚੰਡੀਗੜ੍ਹ ਕੌਮੀ ਮਾਰਗ 'ਤੇ ਸਥਿਤ ਸਰਸੀਣੀ ਨੇੜੇ ਇਕ ਅਣਪਛਾਤੇ ਵਾਹਨ ਦੀ ਟੱਕਰ ਲੱਗਣ ਨਾਲ 50 ਸਾਲਾ ਥ੍ਰੀ ਵ੍ਹੀਲਰ ਚਾਲਕ ਦੀ ਮੌਤ ਹੋ ਗਈ ਹੈ। ਥਾਣਾ ਲਾਲੜੂ ਦੇ ਏਐੱਸਆਈ ਜਗਤਾਰ ਸਿੰਘ ਅਨੁਸਾਰ ਮਿ੍ਤਕ ਮੁਨੀ ਲਾਲ ਦੀ ਪਤਨੀ ਸੁਮਨ ਵਾਸੀ ਪੰਚਕੂਲਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਸ ਦਾ ਪਤੀ ਪੰਚਕੂਲਾ 'ਚ ਫਰੂਟ ਤੇ ਬਰਫ਼ ਦੀ ਦੁਕਾਨ ਕਰਦਾ ਸੀ। ਉਹ ਸਾਮਾਨ ਲੈਣ ਲਈ ਅੰਬਾਲਾ ਮੰਡੀ ਵਿਖੇ ਜਾ ਰਿਹਾ ਸੀ, ਜਦੋਂ ਉਹ ਸਰਸੀਣੀ ਨੇੜੇ ਪੁੱਜਾ ਤਾਂ ਕਿਸੇ ਅਣਪਛਾਤੇ ਵਾਹਨ ਨੇ ਉਸ ਦੇ ਥ੍ਰੀ ਵਹੀਲਰ ਨੂੰ ਟੱਕਰ ਮਾਰ ਦਿੱਤੀ। ਇਸ ਕਾਰਨ ਥ੍ਰੀ ਵ੍ਹੀਲਰ ਪਲਟ ਗਿਆ ਅਤੇ ਹਾਦਸੇ 'ਚ ਮੁਨੀ ਲਾਲ ਦੀ ਮੌਤ ਹੋ ਗਈ। ਪੁਲਿਸ ਨੇ ਸੁਮਨ ਦੇ ਬਿਆਨ 'ਤੇ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਪੋਸਟਮਾਰਟਮ ਉਪਰੰਤ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।