ਜੈ ਸਿੰਘ ਛਿੱਬਰ, ਚੰਡੀਗੜ੍ਹ : ਜ਼ਿਮਨੀ ਚੋਣਾਂ ਦੌਰਾਨ ਫਗਵਾੜਾ, ਜਲਾਲਾਬਾਦ ਤੇ ਮੁਕੇਰੀਆਂ ਤੋਂ ਜੇਤੂ ਕਾਂਗਰਸ ਦੇ ਤਿੰਨਾਂ ਉਮੀਦਵਾਰਾਂ ਲੜੀਵਾਰ ਬਲਵਿੰਦਰ ਧਾਲੀਵਾਲ, ਰਮਿੰਦਰ ਆਵਲਾ ਤੇ ਇੰਦੂ ਬਾਲਾ ਨੇ ਅੱਜ ਵਿਧਾਇਕ ਵਜੋਂ ਸਹੁੰ ਚੁੱਕੀ। ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਨੇ ਤਿੰਨਾਂ ਨਵੇਂ ਵਿਧਾਇਕਾਂ ਨੂੰ ਸਹੁੰ ਚਕਾਈ। ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਵੀ ਮੌਜੂਦ ਸਨ ਤੇ ਉਨ੍ਹਾਂ ਸਾਰਿਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਤਿੰਨਾਂ ਜਨਤਾ ਦੀ ਸੇਵਾ ਦਾ ਨਵਾਂ ਸਫ਼ਰ ਸ਼ੁਰੂ ਕੀਤਾ ਹੈ। ਮੇਰੀਆਂ ਸ਼ੁੱਭਕਾਮਨਾਵਾਂ ਉਨ੍ਹਾਂ ਦੇ ਨਾਲ ਹਨ।

ਇਸ ਤੋਂ ਇਲਾਵਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ 6 ਨਵੰਬਰ ਨੂੰ ਬੁਲਾਇਆ ਗਿਆ ਹੈ। ਇਸ ਵਿਸ਼ੇਸ਼ ਸੈਸ਼ਨ 'ਚ ਪੰਜਾਬ ਨੇ ਹਰਿਆਣਾ ਦੇ ਵਿਧਾਇਕਾਂ ਨੂੰ ਵੀ ਸੱਦਾ ਭੇਜਿਆ ਹੈ। ਅਜਿਹਾ 53 ਸਾਲ ਬਾਅਦ ਹੋਵੇਗਾ ਜਦੋਂ ਦੋਵਾਂ ਸੂਬਿਆਂ ਦੇ ਨੁਮਾਇੰਦੇ ਇਕੱਠੇ ਵਿਧਾਨ ਸਭਾ 'ਚ ਬੈਠਣਗੇ। ਪੰਜਾਬ ਪੁਨਰ ਗਠਨ ਐਕਟ 1966 'ਚ ਲਾਗੂ ਹੋਇਆ ਸੀ। ਇਸ ਐਕਟ ਤਹਿਤ ਦੋਵੇਂ ਸੂਬੇ ਵੱਖਰੇ ਹੋਏ ਸਨ। ਇਹ ਸੈਸ਼ਨ ਇਸ ਲਈ ਵੀ ਅਹਿਮ ਹੈ ਕਿਉਂਕਿ ਦੋਵਾਂ ਸੂਬਿਆਂ ਦਰਮਿਆਨ ਕਈ ਮੁੱਦਿਆਂ 'ਤੇ ਮਤਭੇਦ ਹਨ।

ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੀ ਪ੍ਰਧਾਨਗੀ ਉਪ ਰਾਸ਼ਟਰਪਤੀ ਐੱਮ ਵੈਂਕਈਆ ਨਾਇਡੂ ਕਰਨਗੇ। ਸੈਸ਼ਨ 'ਚ ਉਪ-ਰਾਸ਼ਟਰਪਤੀ ਤੋਂ ਇਲਾਵਾ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ, ਪੰਜਾਬ ਦੇ ਰਾਜਪਾਲ ਬੀਪੀ ਸਿੰਘ ਬਦਨੌਰ ਵੀ ਹਿੱਸਾ ਲੈਣਗੇ।

ਜ਼ਿਕਰਯੋਗ ਹੈ ਕਿ ਪੰਜਾਬ 'ਚ ਜ਼ਿਮਨੀ ਚੋਣਾਂ ਦੇ ਚੌਥੇ ਜੇਤੂ ਮਨਪ੍ਰੀਤ ਸਿੰਘ ਇਆਲੀ ਪਹਿਲਾਂ ਹੀ ਵਿਧਾਇਕ ਵਜੋਂ ਸਹੁੰ ਚੁੱਕ ਚੁੱਕੇ ਹਨ। ਚੇਤੇ ਰਹੇ, ਪੰਜਾਬ 'ਚ ਚਾਰ ਸੀਟਾਂ 'ਤੇ ਹੋਈਆਂ ਜ਼ਿਮਨੀ ਚੋਣਾਂ 'ਚੋਂ 3 ਸੀਟਾਂ 'ਤੇ ਕਾਂਗਰਸ ਤੇ ਇਕ ਸੀਟ 'ਤੇ ਅਕਾਲੀਆਂ ਨੇ ਕਬਜ਼ਾ ਕੀਤਾ ਹੈ। ਮਨਪ੍ਰੀਤ ਇਆਲੀ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣ ਲੜੀ ਸੀ ਤੇ ਜੇਤੂ ਰਹੇ।

Posted By: Seema Anand