ਰਣਬੀਰ ਸਿੰਘ ਪੜ੍ਹੀ ਡੇਰਾਬੱਸੀ : ਡੇਰਾਬੱਸੀ ਇਲਾਕੇ 'ਚ ਸਵਾਈਨ ਫਲੂ ਦੇ ਖਤਰਨਾਕ ਵਾਇਰਸ ਐੱਚਵਨ ਐੱਨਵਨ ਨਾਲ ਬੀਤੀ ਰਾਤ ਇਕ ਹੋਰ ਮੌਤ ਹੋ ਗਈ ਹੈ। ਸਵਾਈਨ ਫਲੂ ਨਾਲ ਪੀੜਤ ਬਹਾਦਰ ਸਿੰਘ (70) ਪੁੱਤਰ ਕੱਤਰ ਸਿੰਘ ਵਾਸੀ ਪਿੰਡ ਮਹਿਮਦਪੁਰ 22 ਜਨਵਰੀ ਤੋਂ ਇਸ ਬਿਮਾਰੀ ਨਾਲ ਜੂਝ ਰਿਹਾ ਸੀ। ਸ਼ਨਿਚਰਵਾਰ ਰਾਤ ਜ਼ੀਰਕਪੁਰ ਵਿਖੇ ਐੱਮ ਕੇਅਰ ਹਸਪਤਾਲ ਵਿਚ ਉਸ ਦੀ ਮੌਤ ਹੋ ਗਈ।

ਡੇਰਾਬੱਸੀ ਬਲਾਕ ਵਿਚ ਪਿਛਲੇ ਦਸ ਦਿਨਾਂ ਵਿੱਚ ਸਵਾਈਨ ਫਲੂ ਨਾਲ ਇਹ ਤੀਸਰੀ ਮੌਤ ਹੋਈ ਹੈ । ਇਨ੍ਹਾਂ ਮੌਤਾਂ ਕਾਰਨ ਡੇਰਾਬੱਸੀ ਇਲਾਕੇ ਦੇ ਲੋਕਾਂ ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਉਨ੍ਹਾਂ ਦੇ ਅੰਤਿਮ ਸੰਸਕਾਰ ਲਈ ਸਿਹਤ ਵਿਭਾਗ ਵੱਲੋਂ ਸਵਾਈਨ ਫਲੂ ਦਾ ਵਾਇਰਸ ਹੋਰਨਾਂ ਨੂੰ ਆਪਣੇ ਲਪੇਟ ਵਿੱਚ ਨਾ ਲਵੇ , ਸਾਵਧਾਨੀਆਂ ਲਈ ਇੰਤਜ਼ਾਮ ਕਰਨੇ ਸ਼ੁਰੂ ਕਰ ਦਿੱਤੇ ਹਨ।

ਜਾਣਕਾਰੀ ਮੁਤਾਬਕ ਬਹਾਦਰ ਸਿੰਘ ਨੂੰ 22 ਜਨਵਰੀ ਸੈਕਟਰ 32 ਹਸਪਤਾਲ ਚੰਡੀਗੜ੍ਹ ਵਿਖੇ ਭਰਤੀ ਕਰਵਾਇਆ ਗਿਆ ਸੀ ਜਿੱਥੇ ਉਨ੍ਹਾਂ ਨੂੰ ਸਵਾਈਨ ਫਲੂ ਦੀ ਪੁਸ਼ਟੀ ਹੋਈ ਸੀ। ਪਰਿਵਾਰ ਨੇ 23 ਜਨਵਰੀ ਨੂੰ ਐੱਮ ਕੇਅਰ ਹਸਪਤਾਲ ਜ਼ੀਰਕਪੁਰ ਵਿਖੇ ਸ਼ਿਫਟ ਕਰ ਦਿੱਤਾ ਸੀ। ਸ਼ਨਿਚਰਵਾਰ ਰਾਤੀ ਕਰੀਬ 9 ਵਜੇ ਉਸ ਨੇ ਦਮ ਤੋੜ ਦਿੱਤਾ।

ਇੱਥੇ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸਵਾਈਨ ਫਲੂ ਨਾਲ ਡੇਰਾਬੱਸੀ ਨਗਰ ਕੌਂਸਲ ਤਹਿਤ ਪੈੰਦੇ ਪਿੰਡ ਦੰਦਰਾਲਾ ਦੇ 23 ਸਾਲਾ ਗੁਰਪ੍ਰੀਤ ਸਿੰਘ ਪੁੱਤਰ ਹਰਮੇਲ ਸਿੰਘ ਦੀ ਮੰਗਲਵਾਰ 29 ਜਨਵਰੀ ਨੂੰ ਮੌਤ ਹੋ ਗਈ ਸੀ। ਇਸ ਤੋਂ ਪਹਿਲਾਂ ਨੇੜਲੇ ਪਿੰਡ ਇਬਰਾਹੀਮਪੁਰ ਦੀ ਸਾਬਕਾ ਸਰਪੰਚ ਦੀ ਪਤਨੀ ਸੁਰਿੰਦਰ ਕੌਰ 60 ਸਾਲਾ ਪਤਨੀ ਦੀ 23 ਜਨਵਰੀ ਬੁੱਧਵਾਰ ਨੂੰ ਮੌਤ ਹੋ ਗਈ ਸੀ। ਡੇਰਾਬੱਸੀ ਸਬ-ਡਿਵੀਜ਼ਨ ਤਹਿਤ ਨਵੇਂ ਸਾਲ ਦੇ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 8 ਮਾਮਲੇ ਸਾਹਮਣੇ ਆ ਚੁੱਕੇ ਹਨ ।

ਸਬ ਡਵੀਜ਼ਨਲ ਹਸਪਤਾਲ ਡੇਰਾਬੱਸੀ ਦੀ ਐੱਸਐੱਮਓ ਡਾ. ਸੰਗੀਤਾ ਜੈਨ ਮੁਤਾਬਕ ਸਿਹਤ ਭਾਗ ਦੀ ਟੀਮ ਨੇ ਪਿੰਡ ਦਾ ਦੌਰਾ ਕਰਕੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਹਨ। ਪੀੜਤਾਂ ਦੇ ਪਰਿਵਾਰਾਂ ਤੋਂ ਇਲਾਵਾ ਪਰਸਨਲ ਕੰਟੈਕਟ ਪ੍ਰੋਗਰਾਮ ਤਹਿਤ ਸੰਪਰਕ ਵਿਚ ਆਉਣ ਵਾਲੇ ਰਿਸ਼ਤੇਦਾਰਾਂ ਤੇ ਗੁਆਂਢੀਆਂ ਨੂੰ ਵੀ ਸਿਹਤ ਵਿਭਾਗ ਟੀਮ ਵੱਲੋਂ ਸਰਵੇ ਦੇ ਦਾਇਰੇ ਵਿੱਚ ਲਿਆ ਹੋਇਆ ਹੈ।

Posted By: Seema Anand