ਜੇਐੱਨਐੱਨ, ਚੰਡੀਗੜ੍ਹ : ਸੈਕਟਰ-17 ਬੱਸ ਸਟੈਂਡ ਪਾਰਕਿੰਗ (ਥਾਣੇ ਦੇ ਸਾਹਮਣੇ) 'ਚ ਦਿਨ-ਦਿਹਾੜੇ ਗੋਲੀ ਮਾਰ ਕੇ ਨੌਜਵਾਨ ਦੀ ਹੱਤਿਆ ਕਰਨ ਵਾਲੇ ਮੁੱਖ ਦੋਸ਼ੀ ਸਮੇਤ ਤਿੰਨ ਲੋਕਾਂ ਨੂੰ ਮਨੀਮਾਜਰਾ ਤੋਂ ਪੁਲਿਸ ਨੇ ਗਿ੍ਫ਼ਤਾਰ ਕਰ ਲਿਆ ਹੈ। ਤਿੰਨਾਂ ਦੋਸ਼ੀਆਂ ਦੀ ਪਛਾਣ ਹਰਿਆਣਾ ਦੇ ਜ਼ਿਲ੍ਹਾ ਜੀਂਦ ਦੇ ਨਰਵਾਨਾ ਨਿਵਾਸੀ ਗੈਂਗਸਟਰ (ਬਾਕਸਰ ਗੈਂਗ ਸਰਗਨਾ) ਵਿਕਾਸ ਮੋਰ ਉਰਫ ਬਾਕਸਰ, ਗੁਰਮੀਤ ਸਿੰਘ ਤੇ ਅਮਿਤ ਉਰਫ ਅਮਿਤ ਗਰੋਵਰ ਦੇ ਤੌਰ 'ਤੇ ਹੋਈ ਹੈ। ਦੋਸ਼ੀਆਂ ਤੋਂ ਇਕ .32 ਬੋਰ ਦਾ ਦੇਸੀ ਪਿਸਤੋਲ ਤੇ ਤਿੰਨ ਕਾਰਤੂਸ ਬਰਾਮਦ ਹੋਏ ਹਨ। ਤਿੰਨਾਂ ਦੋਸ਼ੀਆਂ ਖ਼ਿਲਾਫ਼ ਜੀਂਦ ਵਿਚ ਵੀ ਹੱਤਿਆ, ਹੱਤਿਆ ਦੀ ਕੋਸ਼ਿਸ਼ ਆਰਮਜ਼ ਐਕਟ ਸਮੇਤ ਵੱਖ-ਵੱਖ ਧਾਰਾਵਾਂ ਵਿਚ ਕੇਸ ਦਰਜ ਹੈ। ਵਾਰਦਾਤ ਵਿਚ ਸ਼ਾਮਲ ਮੁਖਗੀਰ ਸਮੇਤ ਦੋ ਦੋਸ਼ੀ ਫਰਾਰ ਹਨ ਜਿਨ੍ਹਾਂ ਤੋਂ ਇਕ ਪਿਸਤੋਲ ਬਰਾਮਦ ਕਰਨਾ ਹੈ।

ਭਰਾ ਦੀ ਹੱਤਿਆ ਦੇ ਬਦਲੇ 'ਚ ਕੀਤੀ ਸੀ ਵਾਰਦਾਤ

ਬਾਕਸਰ ਗੈਂਗ ਦੇ ਸਰਗਨਾ ਵਿਕਾਸ ਮੋਰ ਦੇ ਭਰਾ ਮੋਹਿਤ ਮੋਰ ਦੀ ਨਰਵਾਨਾ ਵਿਚ ਗੈਂਗਵਾਰ ਦੇ ਚਲਦਿਆਂ ਅਪ੍ਰਰੈਲ ਮਹੀਨੇ ਵਿਚ ਹੱਤਿਆ ਕੀਤੀ ਗਈ ਸੀ। ਇਸ ਕੇਸ ਵਿਚ ਦੋਸ਼ੀ ਮਨੀਸ਼ ਤੇ ਜਸਵੰਤ ਦੀ 14 ਅਗਸਤ ਨੂੰ ਗੋਲੀ ਮਾਰ ਕੇ ਹੱਤਿਆ ਕਰਨ ਤੋਂ ਬਾਅਦ ਦੋਸ਼ੀ 26 ਸਾਲਾ ਤੇਜਿੰਦਰ ਉਰਫ ਮਾਲੀ ਨੂੰ ਮਾਰਨ ਦੀ ਪਲਾਨਿੰਗ ਵਿਕਾਸ ਨੇ ਬਣਾਈ ਸੀ। ਬਦਮਾਸ਼ਾਂ ਨੇ ਆਪਣੇ ਗਰੁੱਪ ਮੈਂਬਰ ਉਪਕਾਰ ਦੁਆਰਾ ਰੇਕੀ ਤੋਂ ਬਾਅਦ ਮਿਲੀ ਸੂਚਨਾ 'ਤੇ 4 ਸਤੰਬਰ ਨੂੰ ਚੰਡੀਗੜ੍ਹ ਬੱਸ ਸਟੈਂਡ 'ਤੇ ਤਿੰਨ ਗੋਲੀਆਂ ਮਾਰ ਕੇ ਤੇਜਿੰਦਰ ਦੀ ਹੱਤਿਆ ਕਰ ਦਿੱਤੀ ਸੀ। ਜਦਕਿ ਉਸ ਦੇ ਨਾਲ ਮੌਜੂਦ ਸਾਥੀ 24 ਸਾਲਾ ਸੰਦੀਪ ਵੀ ਇਕ ਗੋਲੀ ਲੱਗਣ ਨਾਲ ਜ਼ਖ਼ਮੀ ਹੋ ਗਿਆ ਸੀ, ਜਿਸ ਤੋਂ ਬਾਅਦ ਹੱਤਿਆਕਾਂਡ ਵਿਚ ਸ਼ਾਮਲ ਪੰਜੋਂ ਦੋਸ਼ੀ ਆਟੋ ਹਾਇਰ ਕਰ ਕੇ ਫਰਾਰ ਹੋ ਗਏ ਸਨ।

ਰਾਹਗੀਰਾਂ ਦੇ ਮੋਬਾਈਲ ਨਾਲ ਦੋਸਤ ਨਾਲ ਕਰਦੇ ਸਨ ਸੰਪਰਕ

ਐੱਸਪੀ ਕ੍ਰਾਈਮ ਮਨੋਜ ਕੁਮਾਰ ਮੀਣਾ ਨੇ ਦੱਸਿਆ ਕਿ ਡੀਐੱਸਪੀ ਕ੍ਰਾਈਮ ਰਾਜੀਵ ਅਬਿਸ਼ਟ ਦੇ ਸੁਪਰਵਿਜਨ ਵਿਚ ਇੰਚਾਰਜ ਇੰਸਪੈਕਟਰ ਸ਼ੇਰ ਸਿੰਘ ਤੇ ਸਬ ਇੰਸਪੈਕਟਰ ਸਤਵਿੰਦਰ ਦੀ ਟੀਮ ਗਠਿਤ ਕੀਤੀ ਗਈ ਸੀ। ਵਾਰਦਾਤ ਤੋਂ ਪਹਿਲਾਂ ਹੀ ਪੰਜਾਂ ਦੋਸ਼ੀਆਂ ਨੇ ਆਪਣਾ ਮੋਬਾਈਲ ਆਫ਼ ਕਰ ਲਿਆ ਤੇ ਵਾਰਦਾਤ ਤੋਂ ਬਾਅਦ ਰਸਤੇ ਵਿਚ ਸੁੱਟ ਕੇ ਫਰਾਰ ਹੋ ਗਏ ਸਨ। ਇਸ ਕੇਸ ਵਿਚ ਮੋਬਾਈਲ ਲੋਕੇਸ਼ਨ ਤੇ ਟੈਕਨਾਲੋਜੀ ਤੋਂ ਮਦਦ ਤੋਂ ਜ਼ਿਆਦਾ ਲੋਕਾਂ ਤੋਂ ਪੁੱਛਗਿੱਛ ਵਿਚ ਮਦਦ ਮਿਲੀ ਹੈ। ਸਾਰੇ ਦੋਸ਼ੀ ਰਾਹਗੀਰਾਂ ਤੋਂ ਮਦਦ ਦੇ ਨਾਂ 'ਤੇ ਮੋਬਾਈਲ ਮੰਗ ਕੇ ਦਿੱਲੀ ਵਿਚ ਮੌਜੂਦ ਇਕ ਦੋਸਤ ਦੇ ਮੋਬਾਈਲ 'ਤੇ ਆਪਣੀ ਲੋਕੇਸ਼ਨ ਦੱਸਦੇ ਸਨ। ਪੁਲਿਸ ਦਾ ਦਾਅਵਾ ਹੈ ਕਿ ਤਿੰਨੋਂ ਦੋਸ਼ੀ ਮਨੀਮਾਜਰਾ ਸਥਿਤ ਨਿਊ ਦਰਸ਼ਨੀ ਬਾਗ ਕੋਲ ਕਿਸੇ ਦੋਸਤ ਤੋਂ ਪੈਸੇ ਲੈਣ ਗਏ ਤੇ ਉਨ੍ਹਾਂ ਨੂੰ ਨਾਕਾ ਲਗਾ ਕੇ ਦਬੋਚ ਲਿਆ ਗਿਆ।