ਜੇਐੱਨਐੱਨ, ਚੰਡੀਗੜ੍ਹ : ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐੱਨਕੇ ਨੰਦਾ ਨੂੰ ਧਮਕਾ ਭਰਿਆ ਪੱਤਰ ਮਿਲਿਆ ਹੈ। ਪੱਤਰ 'ਚ ਜ਼ਿਲ੍ਹਾ ਅਦਾਲਤ ਤੇ ਪੰਜਾਬ ਐਂਡ ਹਰਿਆਣਾ ਹਾਈਕੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਪੱਤਰ ਭੇਜਣ ਵਾਲੇ ਨੇ ਵਾਰਦਾਤ ਨੂੰ 29 ਅਕਤੂਬਰ ਨੂੰ ਅੰਜਾਮ ਦੇਣ ਦੀ ਗੱਲ ਕਹੀ ਹੈ। ਪੱਤਰ 'ਚ ਲਿਖਿਆ ਹੈ ਕਿ ਹਮਲੇ ਲਈ ਸਾਰੀ ਤਿਆਰੀ ਹੋ ਚੁੱਕੀ ਹੈ। ਐੱਨਕੇ ਨੰਦਾ ਨੇ ਬੁੱਧਵਾਰ ਨੂੰ ਧਮਕੀ ਭਰੇ ਪੱਤਰ ਬਾਰੇ ਸੂਚਨਾ ਚੰਡੀਗੜ੍ਹ ਦੇ ਐੱਸਐੱਸਪੀ ਤੇ ਡਿਸਟ੍ਰਿਕ ਐਂਡ ਸੈਸ਼ਨ ਜੱਜ ਪਰਮਜੀਤ ਸਿੰਘ ਨੂੰ ਦਿੱਤੀ।


ਸਪੀਡ ਪੋਸਟ ਰਾਹੀਂ ਆਏ ਪੱਤਰ 'ਚ ਮੋਹਾਲੀ ਦਾ ਪਤਾ

ਬਾਰ ਐਸੋਸੀਏਸ਼ਨ ਪ੍ਰਧਾਨ ਕੋਲ ਜੋ ਪੱਤਰ ਪੁੱਜਾ ਹੈ, ਉਸ 'ਤੇ ਮੋਹਾਲੀ ਦੇ ਪਿੰਡ ਹਸਨਪੁਰ ਵਾਸੀ ਆਦਿਲ ਖਾਨ ਦਾ ਪਤਾ ਦਿੱਤਾ ਹੋਇਆ ਹੈ। ਪੱਤਰ 'ਚ ਲਿਖਿਆ ਹੈ ਕਿ ਪਤੇ 'ਤੇ ਪਿੰਡ ਦਾ ਨਾਂ ਤਾਂ ਠੀਕ ਹੈ ਪਰ ਇਹ ਪਿੰਡ ਪਾਕਿਸਤਾਨ 'ਚ ਹੈ। ਜਿਸ ਵਿਅਕਤੀ ਨੇ ਇਹ ਪੱਤਰ ਪੋਸਟ ਕੀਤਾ ਹੈ, ਉਸ ਨੂੰ ਖੁਦ ਹੀ ਨਹੀਂ ਪਤਾ ਕਿ ਪੱਤਰ 'ਚ ਕੀ ਲਿਖਿਆ ਹੈ। ਪੋਸਟ ਕਰਨ ਵਾਲੇ ਵਿਅਕਤੀ ਨੇ ਇਹ ਪੱਤਰ ਇਕ ਬੁੱਢੀ ਔਰਤ ਦੀ ਬੇਨਤੀ ਤੋਂ ਬਾਅਦ ਡਾਕਖਾਨੇ 'ਚ ਦਿੱਤਾ ਸੀ।


ਕਸ਼ਮੀਰ 'ਚ ਜ਼ੁਲਮ ਬੰਦ ਕਰੇ ਸਰਕਾਰ

ਪੱਤਰ 'ਚ ਜੈਸ਼-ਏ-ਮੁਹੰਮਦ ਆਰਮੀ ਦੇ ਕਮਾਂਡੈਂਟ ਆਦਿਲ ਖਾਨ ਦਾ ਨਾਂ ਲਿਖਿਆ ਹੈ। ਇਸ ਤੇ ਨਾਲ ਹੀ ਲਿਖਿਆ ਹੈ ਕਿ ਉਸ ਦਾ ਕੰਮ ਜ਼ੁਲਮ ਦੇ ਖ਼ਿਲਾਫ਼ ਜਿਹਾਦ ਕਰਨਾ ਹੈ, ਜੋ ਉਸ ਦੀ ਕੌਮ 'ਤੇ ਬੇਵਜ੍ਹਾ ਹੋ ਰਿਹਾ ਹੈ। ਲਿਖਿਆ ਹੈ ਕਿ 29 ਅਕਤੂਬਰ ਨੂੰ ਦੁਪਹਿਰ 12 ਵਜੇ ਕੇ 18 ਮਿੰਟ 'ਤੇ ਜ਼ਿਲ੍ਹਾ ਅਦਾਲਤ ਚੰਡੀਗੜ੍ਹ ਤੇ ਇਸੇ ਦਿਨ 12 ਵਜ ਕੇ 28 ਮਿੰਟ 'ਤੇ ਪੰਜਾਬ ਐਂਡ ਹਰਿਆਣਾ ਹਾਈਕੋਰਟ 'ਚ ਵੱਡਾ ਧਮਾਕਾ ਹੋਵੇਗਾ। ਉਨ੍ਹਾਂ ਦਾ ਮਕਸਦ ਸਰਕਾਰ ਦੀਆਂ ਅੱਖਾਂ ਖੋਲ੍ਹਣਾ ਹੈ। ਨਾਲ ਹੀ ਇਹ ਪੈਗਾਮ ਪਹੁੰਚਾਉਣਾ ਹੈ ਕਿ ਜੇਕਰ ਕਸ਼ਮੀਰ 'ਚ ਲੋਕਾਂ 'ਤੇ ਜ਼ੁਲਮ ਬੰਦ ਨਾ ਹੋਇਆ ਤਾਂ ਮਰਦੇ ਦਮ ਤਕ ਜਿਹਾਦ ਦਾ ਰਸਤਾ ਅਪਣਾਉਂਦੇ ਰਹਿਣਗੇ। ਇਸ ਦੇ ਨਾਲ ਹੀ ਕਿਹਾ ਹੈ ਕਿ 9/11 ਨੂੰ ਹੋਏ ਹਮਲੇ ਨੂੰ ਲੋਕ ਚੰਗੀ ਤਰ੍ਹਾਂ ਜਾਣਦੇ ਹਨ। ਇਸ ਵਾਰ ਉਸ ਤੋਂ ਵੀ ਵੱਡਾ ਧਮਾਕਾ ਹੋਵੇਗਾ। ਪੱਤਰ 'ਚ ਵਕੀਲਾਂ ਨੂੰ ਧਮਾਕੇ ਵਾਲੇ ਦਿਨ ਕੋਰਟ ਤੋਂ ਦੂਰ ਰਹਿਣ ਦੀ ਗੱਲ ਕਹੀ ਗਈ ਹੈ।


ਧਮਕੀਆਂ ਤੋਂ ਨਹੀਂ ਡਰਦੇ : ਨੰਦਾ

ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐੱਨਕੇ ਨੰਦਾ ਨੇ ਦੱਸਿਆ ਕਿ ਬੁੱਧਵਾਰ ਕਰੀਬ 2 ਵਜੇ ਉਨ੍ਹਾਂ ਨੂੰ ਇਹ ਪੱਤਰ ਚੈਂਬਰ 'ਚ ਮਿਲਿਆ ਸੀ। ਇਸ ਤੋਂ ਬਾਅਦ ਚੰਡੀਗ਼ੜ੍ਹ ਐੱਸਐੱਸਪੀ ਤੇ ਡਿਸਟ੍ਰਿਕ ਐਂਡ ਸੈਸ਼ਨ ਜੱਜ ਪਰਮਜੀਤ ਸਿੰਘ ਨੂੰ ਪੱਤਰ ਬਾਰੇ ਸੂਚਨਾ ਦਿੱਤੀ ਗਈ। ਵਕੀਲਾਂ ਨੂੰ ਪੱਤਰ ਸਰਕੂਲੇਟ ਕਰ ਦਿੱਤਾ ਗਿਆ ਹੈ ਤੇ ਨੋਟਿਸ ਬੋਰਡ 'ਤੇ ਵੀ ਲਾ ਦਿੱਤਾ ਗਿਆ ਹੈ ਪਰ ਉਹ ਇਨ੍ਹਾਂ ਧਮਕੀਆਂ ਤੋਂ ਨਹੀਂ ਡਰਦੇ। ਉਕਤ ਦਿਨ ਸਾਰੇ ਵਕੀਲ ਕੋਰਟ 'ਚ ਜਾਣਗੇ ਤੇ ਰੋਜ਼ਾਨਾ ਵਾਂਗ ਕੰਮ ਹੋਵੇਗਾ।

Posted By: Amita Verma