ਚੰਡੀਗੜ੍ਹ, ਪੰਜਾਬੀ ਜਾਗਰਣ ਬਿਊਰੋ : ਬਾਬਾ ਸਾਹਿਬ ਡਾ. ਭੀਮਰਾਓ ਅੰਬੇਡਕਰ ਦੇ ਜਨਮ ਦਿਵਸ 'ਤੇ ਕੈਪਟਨ ਅਮਰਿੰਦਰ ਸਿੰਘ ਅਤੇ ਸੁਖਬੀਰ ਸਿੰਘ ਬਾਦਲ ਵੱਲੋਂ ਦਲਿਤਾਂ ਦੇ ਲਈ ਕੀਤੇ ਗਏ ਝੂਠੇ ਐਲਾਨਾਂ ਸਬੰਧੀ ਪ੍ਰਤੀਕਿਰਿਆਂ ਦਿੰਦਿਆਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੈਪਟਨ ਤੇ ਬਾਦਲ ਨੇ ਹਮੇਸ਼ਾਂ ਦਲਿਤਾਂ ਦੇ ਨਾਂ ਉਪਰ ਰਾਜਨੀਤੀ ਕੀਤੀ ਹੈ। ਜੇਕਰ ਉਨ੍ਹਾਂ ਨੂੰ ਸੱਚਮੁੱਚ ਦਲਿਤਾਂ ਦੀ ਚਿੰਤਾ ਹੁੰਦੀ ਤਾਂ ਅੱਜ ਪੰਜਾਬ 'ਚ ਦਲਿਤਾਂ ਦੀ ਬੁਰੀ ਸਥਿਤੀ ਨਾ ਹੁੰਦੀ। ਉਨ੍ਹਾਂ ਕਿਹਾ ਕਿ ਦਸ ਸਾਲਾਂ ਦੀ ਅਕਾਲੀ ਸਰਕਾਰ ਅਤੇ ਚਾਰ ਸਾਲਾਂ ਦੀ ਕੈਪਟਨ ਸਰਕਾਰ ਦੌਰਾਨ ਦਲਿਤਾਂ ਦੀ ਸਥਿਤੀ ਸੁਧਾਰਨ ਲਈ ਕੋਈ ਠੋਸ ਕੰਮ ਨਹੀਂ ਕੀਤਾ ਗਿਆ। ਪਰ ਜਦੋਂ ਹੁਣ ਵਿਧਾਨ ਸਭਾ ਦੀਆਂ ਆਮ ਚੋਣਾਂ ਨੇੜੇ ਆ ਗਈਆਂ ਤਾਂ ਇਨਾਂ ਲੋਕਾਂ ਨੂੰ ਦਲਿਤਾਂ ਦੀ ਯਾਦ ਆ ਰਹੀ ਹੈ।

ਕੈਪਟਨ ਅਮਰਿੰਦਰ ਸਿੰਘ 'ਤੇ ਨਿਸ਼ਾਨਾ ਸਾਧਦਿਆਂ ਚੀਮਾ ਨੇ ਕਿਹਾ ਕਿ ਦਲਿਤਾਂ ਦੇ ਨਾਂ 'ਤੇ ਰਾਜਨੀਤੀ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਦਲਿਤ ਵਿਦਿਆਰਥੀਆਂ ਦੀ ਪੜਾਈ ਦੀਆਂ ਵੱਖ ਵੱਖ ਯੋਜਨਾਵਾਂ ਜਿਵੇਂ ਪੋਸਟ ਮੈਟ੍ਰਿਕ ਸਕਾਲਰਸ਼ਿਪ, ਵਰਦੀਆਂ ਅਤੇ ਕਿਤਾਬਾਂ ਆਦਿ ਦੇ ਫੰਡਾਂ ਵਿਚ ਕੀਤੇ ਕਰੋੜਾਂ ਰੁਪਏ ਦੇ ਘੁਟਾਲਿਆਂ ਦਾ ਹਿਸਾਬ ਦੇਣ। ਉਨ੍ਹਾਂ ਕਿਹਾ ਕਿ ਜੇ ਕੈਪਟਨ ਨੇ ਸੱਚਮੁੱਚ ਹੀ ਦਲਿਤਾਂ ਦੇ ਉਥਾਨ ਲਈ ਕੰਮ ਕਰਨਾ ਹੁੰਦਾ ਤਾਂ ਉਹ ਵਜ਼ੀਫ਼ਾ ਘੁਟਾਲੇ ਵਿਚ ਸ਼ਾਮਲ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਤੁਰੰਤ ਕੈਬਨਿਟ ਤੋਂ ਬਰਖ਼ਾਸਤ ਕਰਦੇ, ਪਰ ਉਨਾਂ ਅੱਜ ਵੀ ਧਰਮਸੋਤ ਨੂੰ ਚੰਗੇ ਮਹਿਕਮੇ ਸੌਂਪੇ ਹੋਏ ਨੇ। ਦਲਿਤ ਵਿਦਿਆਰਥੀਆਂ ਦੇ ਫੰਡਾਂ 'ਚ ਹੋਏ ਘੁਟਾਲਿਆਂ ਦੇ ਕਾਰਨ ਹਜ਼ਾਰਾਂ ਦਲਿਤ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ ਵਿਚ ਪੈ ਗਿਆ ਹੈ ਕਿਉਂਕਿ ਵਿਦਿਆਰਥੀਆਂ ਨੂੰ ਆਪਣੀ ਪੜਾਈ ਅੱਧ ਵਿਚਕਾਰ ਹੀ ਛੱਡਣੀ ਪੈ ਗਈ ਸੀ। ਚੀਮਾ ਨੇ ਕਿਹਾ ਕਿ ਕੈਪਟਨ ਨੇ 2017 ਦੀਆਂ ਚੋਣਾਂ ਤੋਂ ਪਹਿਲਾਂ ਦਲਿਤਾਂ ਨਾਲ ਜਿੰਨੇ ਵੀ ਵਾਅਦੇ ਕੀਤੇ ਸਨ।ਚਾਰ ਸਾਲ ਬੀਤ ਜਾਣ 'ਤੇ ਉਨਾਂ ਵਿਚੋਂ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ।

ਵਿਰੋਧੀ ਧਿਰ ਦੇ ਆਗੂ ਨੇ ਕਿਹਾ ਕਿ ਬਾਬਾ ਸਾਹਿਬ ਡਾ. ਭੀਮਰਾਓ ਅੰਬੇਡਕਰ ਦਾ ਅਪਮਾਨ ਕਰਕੇ ਸੰਵਿਧਾਨ ਦੀਆਂ ਕਾਪੀਆਂ ਸਾੜਣ ਵਾਲੇ ਕੈਪਟਨ ਤੇ ਬਾਦਲ ਅੱਜ ਦਲਿਤਾਂ ਦੇ ਮਸੀਹਾ ਬਣਨ ਦਾ ਪਖੰਡ ਕਰ ਰਹੇ ਹਨ। ਉਨਾਂ ਕਿਹਾ ਕਿ ਅਸਲ ਵਿਚ ਬਾਦਲ ਤੇ ਕੈਪਟਨ ਦੋਵਾਂ ਨੇ ਸੰਵਿਧਾਨ ਦੀ ਭਾਵਨਾ ਦੇ ਵਿਰੁੱਧ ਕੰਮ ਕੀਤੇ ਹਨ। ਬਾਬਾ ਸਾਹਿਬ ਵੱਲੋਂ ਸੰਵਿਧਾਨ ਵਿਚ ਲਿਖੀ ਇਕ ਵੀ ਗੱਲ ਨੂੰ ਇਨ੍ਹਾਂ ਦੋਵਾਂ ਨੇ ਕਦੀ ਲਾਗੂ ਨਹੀਂ ਕੀਤਾ, ਸਗੋਂ ਆਪਣੇ ਪਰਿਵਾਰਾਂ ਦੀਆਂ ਜਾਇਦਾਦਾਂ ਵਧਾਉਣ ਦਾ ਹੀ ਕੰਮ ਕੀਤਾ ਹੈ। ਉਨਾਂ ਕਿਹਾ ਕਿ ਹੁਣ ਚੋਣਾਂ ਨੇੜੇ ਆਉਂਦੀਆਂ ਦੇਖ ਕੈਪਟਨ ਅਮਰਿੰਦਰ ਸਿੰਘ ਤੇ ਸੁਖਬੀਰ ਸਿੰਘ ਬਾਦਲ ਦਲਿਤਾਂ ਦੇ ਮਸੀਹੇ ਬਣਨ ਦਾ ਝੂਠਾ ਨਾਟਕ ਕਰ ਰਹੇ ਹਨ।

ਅਕਾਲੀ ਦਲ ਅਤੇ ਬਾਦਲ ਪਰਿਵਾਰ 'ਤੇ ਨਿਸ਼ਾਨਾ ਸਾਧਦਿਆਂ ਚੀਮਾ ਨੇ ਕਿਹਾ ਬਾਦਲ ਸਰਕਾਰ ਦੇ ਸਮੇਂ ਦਲਿਤਾਂ 'ਤੇ ਬਹੁਤ ਜ਼ਿਆਦਾ ਜ਼ੁਲਮ ਹੋਏ। ਬਾਦਲ ਨੇ ਕਦੇ ਦਲਿਤਾਂ ਦੀ ਸਮਾਜਿਕ ਦਸ਼ਾ ਸੁਧਾਰਨ ਵੱਲ ਕੋਈ ਧਿਆਨ ਨਹੀਂ ਦਿੱਤਾ। ਜੇ ਬਾਦਲਾਂ ਨੂੰ ਦਲਿਤਾਂ ਦੀ ਪ੍ਰਵਾਹ ਹੁੰਦੀ ਤਾਂ ਪ੍ਰਕਾਸ਼ ਸਿੰਘ ਬਾਦਲ ਆਪਣੇ ਬੇਟੇ ਸੁਖਬੀਰ ਸਿੰਘ ਬਾਦਲ ਦੀ ਥਾਂ ਕਿਸੇ ਦਲਿਤ ਆਗੂ ਨੂੰ ਉਪ ਮੁੱਖ ਮੰਤਰੀ ਬਣਾਉਂਦੇ। ਉਹ ਐਨੇ ਪਰਿਵਾਰਵਾਦੀ ਹਨ ਕਿ ਕੇਂਦਰ ਸਰਕਾਰ ਵਿਚ ਵੀ ਆਪਣੀ ਨੂੰਹ ਹਰਸਿਮਰਤ ਕੌਰ ਬਾਦਲ ਨੂੰ ਹੀ ਮੰਤਰੀ ਬਣਾਇਆ ਅਤੇ ਪੰਜਾਬ ਵਿਚ ਆਪਣੇ ਬੇਟੇ ਨੂੰ ਕਮਾਂਡ ਦੇ ਦਿੱਤੀ। ਪੰਜਾਬ 'ਚ ਦਲਿਤਾਂ ਦੀ ਸਥਿਤੀ ਨੂੰ ਸਭ ਤੋਂ ਜ਼ਿਆਦਾ ਬਾਦਲ ਸਰਕਾਰ ਨੇ ਖ਼ਰਾਬ ਕੀਤਾ। ਬਾਦਲਾਂ ਨੇ ਕੇਵਲ ਦਲਿਤਾਂ ਨਾਲ ਹੀ ਨਹੀਂ ਸਗੋਂ ਸਾਰੇ ਵਰਗਾਂ ਦੇ ਨਾਲ ਬੇਇਨਸਾਫ਼ੀ ਕੀਤੀ। ਉਨਾਂ ਨੇ ਧਾਰਮਿਕ ਮਾਮਲਿਆਂ ਜਾਂ ਆਰਥਿਕ ਮਾਮਲਿਆਂ 'ਚ ਪੰਜਾਬ ਦੇ ਲੋਕਾਂ ਨੂੰ ਹਰ ਤਰਾਂ ਨਾਲ ਸੱਟ ਮਾਰੀ ਹੈ। ਇਸੇ ਦਾ ਨਤੀਜਾ ਹੈ ਕਿ ਅੱਜ ਪੰਜਾਬ ਦੇ ਹਰ ਵਰਗ ਦੇ ਲੋਕ ਬਾਦਲ ਪਰਿਵਾਰ ਨੂੰ ਨਫ਼ਰਤ ਕਰਦੇ ਹਨ। ਬਾਦਲਾਂ ਨੇ ਸੱਤਾ ਵਿਚ ਰਹਿੰਦਿਆਂ ਬਹੁਤ ਹੀ ਘਟੀਆ ਕੰਮ ਕੀਤੇ ਹਨ, ਜਿਨ੍ਹਾਂ ਨੂੰ ਪੰਜਾਬ ਦੀ ਜਨਤਾ ਕਦੇ ਨਹੀਂ ਭੁਲਾ ਸਕਦੀ।

Posted By: Ravneet Kaur