ਜੈ ਸਿੰਘ ਛਿੱਬਰ, ਚੰਡੀਗੜ੍ਹ : ਜਾਇਦਾਦ ਦੀ ਰਜਿਸਟਰੀ ਕਰਵਾਉਣ ਵਾਲਿਆਂ ਨੂੰ ਅਗਲੇ ਦਿਨਾਂ ਵਿਚ ਰਾਹਤ ਮਿਲ ਸਕਦੀ ਹੈ। ਪੰਜਾਬ ਸਰਕਾਰ ਜਾਇਦਾਦ ਦੀ ਰਜਿਸਟਰੀ ਕਰਵਾਉਣ ਲਈ ਸਟੈਂਪ ਡਿਊਟੀ ’ਚ ਛੋਟ ਦੀ ਮਿਆਦ ਵਿਚ ਵਾਧਾ ਕਰਨ ’ਤੇ ਵਿਚਾਰ ਕਰ ਰਹੀ ਹੈ। ਸੂਤਰ ਦੱਸਦੇ ਹਨ ਕਿ ਸਰਕਾਰ ਅਗਲੀ ਤਿਮਾਹੀ ਲਈ ਛੋਟ ਦੀ ਮਿਆਦ ਵਿਚ ਵਾਧਾ ਕਰ ਸਕਦੀ ਹੈ। ਯਾਦ ਰਹੇ ਕਿ ਸੂਬਾ ਸਰਕਾਰ ਨੇ 2 ਮਾਰਚ ਨੂੰ ਜਾਇਦਾਦ ਦੀ ਖ਼ਰੀਦ-ਵੇਚ ਕਰਨ ਵਾਲਿਆਂ ਨੂੰ ਰਾਹਤ ਦਿੰਦਿਆਂ 31 ਮਾਰਚ ਤੱਕ ਸਟੈਂਪ ਡਿਊਟੀ ਅਤੇ ਫ਼ੀਸ ਵਿਚ 2.25 ਫ਼ੀਸਦੀ ਤੱਕ ਰਾਹਤ ਦੇਣ ਦਾ ਫ਼ੈਸਲਾ ਕੀਤਾ ਸੀ। ਲੋਕਾਂ ਦੇ ਉਤਸ਼ਾਹ ਨੂੰ ਦੇਖਦੇ ਹੋਏ ਸਰਕਾਰ ਨੇ 28 ਅਪ੍ਰੈਲ ਨੂੰ ਲੁਧਿਆਣਾ ਵਿਖੇ ਕੈਬਨਿਟ ਮੀਟਿੰਗ ਵਿਚ ਛੋਟ ਦੀ ਮਿਆਦ 15 ਮਈ ਤੱਕ ਵਧਾ ਦਿੱਤੀ ਸੀ। ਸਟੈਂਪ ਡਿਊਟੀ ਵਿਚ ਰਾਹਤ ਦੇਣ ਨਾਲ ਸਰਕਾਰ ਦੇ ਮਾਲੀਏ ਵਿਚ 338 ਕਰੋੜ ਰੁਪਏ ਦਾ ਇਜ਼ਾਫ਼ਾ ਹੋਇਆ ਸੀ।

ਇੱਥੇ ਦੱਸਿਆ ਜਾਂਦਾ ਹੈ ਕਿ 2 ਮਾਰਚ ਨੂੰ ਸਰਕਾਰ ਨੇ ਜਾਇਦਾਦ ਦੀ ਰਜਿਸਟਰੀ ਕਰਵਾਉਣ ਵਾਲਿਆਂ ਨੂੰ ਵੱਡੀ ਰਾਹਤ ਦਿੰਦਿਆਂ ਸਟੈਂਪ ਡਿਊਟੀ ਅਤੇ ਫੀਸ ਵਿਚ ਕੁੱਲ 2.25 ਫ਼ੀਸਦੀ ਦੀ ਛੋਟ ਦਾ ਐਲਾਨ ਕੀਤਾ ਸੀ। ਇਸ ਵਿਚ ਇਕ ਫ਼ੀਸਦੀ ਵਾਧੂ ਸਟੈਂਪ ਡਿਊਟੀ, ਇਕ ਫ਼ੀਸਦੀ ਪੰਜਾਬ ਵਿਕਾਸ ਉਦਯੋਗਿਕ ਬੋਰਡ (ਪੀਆਈਡੀਬੀ) ਦੀ ਫ਼ੀਸ ਅਤੇ 0.25 ਫ਼ੀਸਦੀ ਵਿਸ਼ੇਸ਼ ਡਿਊਟੀ ਵਿਚ ਕਟੌਤੀ ਕੀਤੀ ਗਈ। ਦੱਸਿਆ ਜਾਂਦਾ ਹੈ ਕਿ ਸੂਬਾ ਸਰਕਾਰ ਨੇ ਇਹ ਫ਼ੈਸਲਾ ਪ੍ਰਾਪਰਟੀ ਕਾਰੋਬਾਰ ਨਾਲ ਜੁੜੇ ਲੋਕਾਂ ਵੱਲੋਂ ਚੁੱਕੇ ਮੁੱਦੇ ’ਤੇ ਵਿਚਾਰ ਕਰਨ ਤੋਂ ਬਾਅਦ ਲਿਆ ਸੀ ਕਿਉਂਕਿ 9 ਫ਼ੀਸਦੀ ਸਟੈਂਪ ਡਿਊਟੀ ਹੋਣ ਕਰ ਕੇ ਪ੍ਰਾਪਰਟੀ ਮਾਰਕੀਟ ਦਾ ਕੰਮ ਮੱਠਾ ਪੈ ਗਿਆ ਸੀ। ਪ੍ਰਾਪਰਟੀ ਕਾਰੋਬਾਰੀਆਂ ਨੂੰ ਰਾਹਤ ਦੇਣ ਲਈ ਸਰਕਾਰ ਨੇ ਸਟੈਂਪ ਡਿਊਟੀ 6 ਫ਼ੀਸਦੀ ਕਰ ਦਿੱਤੀ ਸੀ।

ਜਾਣਕਾਰੀ ਅਨੁਸਾਰ ਤਹਿਸੀਲ ਦਫ਼ਤਰਾਂ ਵਿਚ ਰੋਜ਼ਾਨਾ ਰਜਿਸਟਰੀਆਂ ਹੋਣ ਦੀ ਦਰ ਵਧਣ ਨੂੰ ਦੇਖਦੇ ਹੋਏ ਸਰਕਾਰ ਨੇ ਹੁਣ ਫਿਰ ਸਟੈਂਪ ਡਿਊਟੀ ’ਚ ਛੋਟ ਦੀ ਮਿਆਦ ਵਧਾਉਣ ਦਾ ਫ਼ੈਸਲਾ ਕਰ ਲਿਆ ਹੈ। ਇਹ ਮਿਆਦ ਅਗਲੇ ਤਿੰਨ ਮਹੀਨਿਆਂ ਲਈ ਵਧਣ ਦੀ ਸੰਭਾਵਨਾ ਹੈ। ਉੱਚ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਸ ਫ਼ੈਸਲੇ ਨਾਲ ਮਾਲੀਆ ਵਧਣ ਦੀ ਸੰਭਾਵਨਾ ਹੈ।

Posted By: Sandip Kaur