ਸੁਨੀਲ ਕੁਮਾਰ ਭੱਟੀ, ਡੇਰਾਬੱਸੀ

ਡੇਰਾਬੱਸੀ ਸ਼ਹਿਰ 'ਚ ਇਕ ਵੱਡੀ ਸਮੱਸਿਆ ਅਵਾਰਾ ਕੁੱਤਿਆਂ ਦੀ ਭਰਮਾਰ ਦੀ ਹੈ। ਸ਼ਹਿਰ 'ਚ ਹਰ ਗਲੀ-ਮੁਹੱਲੇ 'ਚ ਆਵਾਰਾ ਕੁੱਤਿਆਂ ਦੇ ਘੁੰਮ ਰਹੇ ਝੁੰਡਾਂ ਕਾਰਨ ਲੋਕਾਂ ਦਾ ਘਰਾਂ ਤੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ ਹੈ। ਸ਼ਹਿਰ 'ਚ ਜਿੱਥੇ ਅਧੂਰੇ ਵਿਕਾਸ ਅਤੇ ਗੰਦਗੀ ਦੇ ਢੇਰਾਂ ਨੇ ਲੋਕਾਂ ਦੀ ਸਮੱਸਿਆ ਵਧਾ ਰੱਖੀ ਹੈ, ਉਥੇ ਸ਼ਹਿਰ 'ਚ ਇਕ ਵੱਡੀ ਸਮੱਸਿਆ ਆਵਾਰਾ ਕੁੱਤਿਆਂ ਦੀ ਭਰਮਾਰ ਵੀ ਹੈ। ਆਵਾਰਾ ਕੁੱਤਿਆਂ ਵੱਲੋਂ ਲੋਕਾਂ ਨੂੰ ਕੱਟਣ ਦੇ ਕਈ ਮਾਮਲੇ ਵੀ ਸਾਹਮਣੇ ਆ ਚੁੱਕੇ ਹਨ ਪਰ ਪ੍ਰਸ਼ਾਸਨ ਅੱਖਾਂ ਬੰਦ ਕਰੀ ਬੈਠਾ ਹੈ। ਇਸ ਸਬੰਧੀ ਸ਼ਹਿਰ ਨਿਵਾਸੀਆਂ 'ਚ ਨਗਰ ਕੌਂਸਲ ਅਤੇ ਜ਼ਿਲ੍ਹਾ ਪ੍ਰਸ਼ਾਸਨ ਪ੍ਰਤੀ ਭਾਰੀ ਰੋਸ ਹੈ ਕਿ ਆਵਾਰਾ ਕੁੱਤਿਆਂ ਦਾ ਲੰਬੇ ਸਮੇਂ ਤੋਂ ਕੋਈ ਹੱਲ ਨਹੀਂ ਕੀਤਾ ਜਾ ਰਿਹਾ। ਆਏ ਦਿਨ ਕੁੱਤਿਆਂ ਦੁਆਰਾ ਬੱਚੇ, ਬੁੱਢੇ ਤੇ ਜਵਾਨਾਂ ਨੂੰ ਨੋਚ-ਨੋਚ ਕੇ ਖਾ ਜਾਣ ਦੀਆਂ ਦਰਦਨਾਕ ਖ਼ਬਰਾਂ ਅਖ਼ਬਾਰਾਂ 'ਚ ਪ੍ਰਕਾਸ਼ਿਤ ਹੁੰਦੀਆਂ ਰਹਿੰਦੀਆਂ ਹਨ। ਇਨ੍ਹਾਂ ਖਬਰਾਂ ਨੂੰ ਪੜ੍ਹ ਕੇ ਰੌਂਗਟੇ ਖੜ੍ਹੇ ਹੋ ਜਾਂਦੇ ਹਨ ਪਰ ਸਾਡੇ ਸਿਆਸਤਦਾਨਾਂ 'ਤੇ ਇਨਾਂ੍ਹ ਦਾ ਕੋਈ ਅਸਰ ਨਹੀਂ ਹੁੰਦਾ। ਦੂਜੇ ਪਾਸੇ ਸ਼ਹਿਰ ਦੇ ਸਰਕਾਰੀ ਹਸਪਤਾਲ ਵਿਚ ਹਲਕਾਅ ਦੇ ਟੀਕੇ ਨਹੀਂ ਹਨ ਅਤੇ ਮਹਿੰਗੇ ਭਾਅ ਦੇ ਟੀਕੇ ਗ਼ਰੀਬ ਆਦਮੀ ਲਗਵਾ ਨਹੀਂ ਸਕਦਾ। ਉਥੇ ਹੀ ਕੁੱਤਿਆਂ ਨੂੰ ਮਾਰਨਾ ਕਾਨੂੰਨੀ ਅਪਰਾਧ ਹੈ ਅਤੇ ਉਨਾਂ੍ਹ ਦੀ ਨਸਬੰਦੀ ਕਰ ਕੇ ਉਸੇ ਥਾਂ ਛੱਡਣ ਦੇ ਹੁਕਮ ਹਨ ਜਿੱਥੋਂ ਉਨ੍ਹਾਂ ਨੂੰ ਫੜਿਆ ਸੀ ਪਰ ਨਗਰ ਕੌਂਸਲ ਡੇਰਾਬੱਸੀ ਇਸ ਸਮੱਸਿਆ ਬਾਰੇ ਅਜੇ ਤੱਕ ਕੋਈ ਠੋਸ ਨੀਤੀ ਨਹੀਂ ਬਣਾ ਸਕੀ ਹੈ, ਜਿਸ ਦਾ ਖ਼ਮਿਆਜ਼ਾ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਸ਼ਹਿਰ ਵਾਸੀਆਂ ਨੇ ਦੱਸਿਆ ਇਹ ਕੁੱਤੇ ਜਿਥੇ ਹੁਣ ਤੱਕ ਕਈ ਲੋਕਾਂ ਨੂੰ ਵੱਢ ਕੇ ਹਸਪਤਾਲ ਪਹੁੰਚਾ ਚੁੱਕੇ ਹਨ ਉਥੇ ਗਲ਼ੀ 'ਚੋਂ ਲੰਘਣ ਵਾਲੇ ਦੋ ਪਹੀਆ ਵਾਹਨਾਂ ਦੇ ਪਿੱਛੇ ਭੱਜਣ ਕਾਰਨ ਵਾਹਨ ਸਵਾਰਾਂ ਲਈ ਵੀ ਵੱਡੀ ਪੇ੍ਸ਼ਾਨੀ ਦਾ ਕਾਰਨ ਬਣੇ ਹੋਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਕੁੱਤਿਆਂ ਦੀ ਦਹਿਸ਼ਤ ਕਾਰਨ ਛੋਟੇ ਬੱਚੇ ਘਰਾਂ 'ਚ ਕੈਦ ਹੋ ਕੇ ਰਹਿ ਗਏ ਹਨ। ਲੋਕਾਂ ਵੱਲੋਂ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਵੀ ਕਈ ਵਾਰ ਲਿਖ਼ਤੀ ਸੂਚਿਤ ਕਰ ਕੇ ਕੁੱਤਿਆਂ ਤੋਂ ਨਿਜ਼ਾਤ ਦਿਵਾਉਣ ਦੀ ਅਪੀਲ ਕੀਤੀ ਗਈ ਹੈ ਪਰ ਨਗਰ ਕੌਂਸਲ ਦੇ ਅਧਿਕਾਰੀਆਂ ਵੱਲੋਂ ਇਸ ਸਬੰਧੀ ਕੋਈ ਠੋਸ ਕਾਰਵਾਈ ਨਾ ਕੀਤੀ ਜਾਣ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਝੱਲਣੀ ਪੈ ਰਹੀ ਹੈ।

ਕੀ ਕਹਿੰਦੇ ਹਨ ਕਾਰਜ ਸਾਧਕ ਅਫਸਰ

ਜਦੋਂ ਇਸ ਬਾਰੇ ਨਗਰ ਕੌਂਸਲ ਡੇਰਾਬੱਸੀ ਦੇ ਕਾਰਜ ਸਾਧਕ ਅਫ਼ਸਰ ਅਸ਼ੋਕ ਪਥਰੀਆਂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਕਿਹਾ ਕਿ ਜਿਹੜਾ ਪਹਿਲਾਂ ਆਵਾਰਾ ਕੁੱਤਿਆਂ ਨੂੰ ਫੜਨ ਅਤੇ ਨਸਬੰਦੀ ਕਰਾਉਣ ਲਈ ਟੈਂਡਰ ਕੀਤਾ ਸੀ, ਉਹ ਖਤਮ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਹੁਣ ਨਵਾਂ ਟੈਂਡਰ ਖੋਲ੍ਹ ਕੇ ਜਲ਼ਦ ਹੀ ਆਵਾਰਾ ਕੁੱਤਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।