ਤਰਲੋਚਨ ਸਿੰਘ ਸੋਢੀ, ਕੁਰਾਲੀ : ਸਥਾਨਕ ਸ਼ਹਿਰ ਵਿਚ ਪਿਛਲੇ ਕਈ ਦਿਨ ਪਹਿਲਾਂ ਹੋਈਆ ਚੋਰੀ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਗਿਰੋਹ ਦੇ ਮੁਖੀ ਨੂੰ ਸਥਾਨਕ ਸਿਟੀ ਥਾਣਾ ਪੁਲਿਸ ਦੇ ਐੱਸਐੱਚਓ ਗੁਰਪ੍ਰਰੀਤ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਕਾਬੂ ਕਰਨ ਵਿਚ ਭਾਰੀ ਸਫ਼ਲਤਾ ਹਾਸਲ ਕੀਤੀ ਹੈ। ਇਸੇ ਦੌਰਾਨ ਸਥਾਨਕ ਸਿਟੀ ਥਾਣੇ ਦੀ ਪੁਲਿਸ ਨੇ ਉਸ ਕੋਲੋਂ ਚੋਰੀ ਕੀਤਾ ਸਮਾਨ ਵੀ ਬਰਾਮਦ ਕਰ ਲਿਆ ਹੈ। ਸਥਾਨਕ ਥਾਣਾ ਸਿਟੀ ਦੇ ਐੱਸਐੱਚਓ ਸਬਇੰਸਪੈਕਟਰ ਗੁਰਪ੍ਰਰੀਤ ਸਿੰਘ ਨੇ ਦੱਸਿਆ ਕਿ ਸਥਾਨਕ ਸਿਟੀ ਪੁਲਿਸ ਦੀ ਏਐੱਸਆਈ ਲਖਵੀਰ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਪਪਰਾਲੀ ਰੋਡ ਉਤੇ ਗਸ਼ਤ ਕਰ ਰਹੀ ਸੀ ਕਿ ਸ਼ਮਸ਼ਾਨਘਾਟ ਨੇੜੇ ਸ਼ੱਕੀ ਵਿਅਕਤੀ ਨੂੰ ਘੁੰਮਦਾ ਫਿਰਦਾ ਦੇਖ ਕੇ ਉਸ ਤੋਂ ਪੁੱਛਗਿੱਛ ਦੌਰਾਨ ਉਸ ਨੂੰ ਪੁਲਿਸ ਹਿਰਾਸਤ ਵਿਚ ਲਿਆ। ਪੁਲਿਸ ਪਾਰਟੀ ਵੱਲੋਂ ਉਸ ਦੀ ਸਨਾਖ਼ਤ ਕਰਨ ਦੌਰਾਨ ਪੁਲਿਸ ਪਾਰਟੀ ਨੂੰ ਪਤਾ ਲੱਗਿਆ ਤਾਂ ਉਹ ਸ਼ਹਿਰ 'ਚ ਚੋਰੀ ਦੀਆਂ ਘਟਨਾਵਾਂ ਲਈ ਜ਼ਿੰਮੇਵਾਰ ਨਿਕਲਿਆ। ਐੱਸਐੱਚਓ ਗੁਰਪ੍ਰਰੀਤ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਮੁਲਜ਼ਮ ਦੀ ਪਹਿਚਾਣ ਕਾਲਾ ਨਿਵਾਸੀ ਕੁਰਾਲੀ ਵਜੋਂ ਸਨਾਖ਼ਤ ਹੋਈ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ 'ਚ ਕੁਝ ਦਿਨ ਪਹਿਲਾਂ ਇੱਕੋ ਰਾਤ ਸਥਾਨਕ ਸ਼ਹਿਰ ਦੀਆ ਦੋ ਦੁਕਾਨਾਂ ਅਤੇ ਸਿਟੀ ਪੁਲਿਸ ਥਾਣੇ ਦੇ ਸਹਾਮਣੇ ਪੈਂਦੇ ਸੁਵਿਧਾ ਕੇਂਦਰ 'ਚ ਹੋਈਆਂ ਚੋਰੀਆਂ ਲਈ ਇਹ ਜ਼ਿੰਮੇਵਾਰ ਸੀ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਮੁਲਜ਼ਮ ਕਾਲਾ ਨੇ ਉਨ੍ਹਾਂ ਕੋਲ ਤਿੰਨ ਚੋਰੀਆਂ ਕਬੂਲੀਆਂ ਵੀ ਹਨ। ਜਿਨ੍ਹਾਂ ਚੋਰੀਆਂ 'ਚੋਂ ਸੁਵਿਧਾ ਕੇਂਦਰ ਵਿਚੋਂ ਚੋਰੀ ਕੀਤੀ ਇੱਕ ਐਲਈਡੀ, ਬੈਟਰੀਆ,ਸਵਾਇਪ ਮਸ਼ੀਨਾਂ ਤੇ ਇਕ ਕਰਿਆਨੇ ਦੀ ਦੁਕਾਨ ਤੋਂ ਚੋਰੀ ਕੀਤਾ ਸਮਾਨ ਪੁਲਿਸ ਦੁਆਰਾ ਬਰਾਮਦ ਕਰ ਲਿਆ ਗਿਆ ਹੈ। ਜਦਕਿ ਸੈਲੂਨ 'ਚੋਂ ਚੋਰੀ ਕੀਤੀ ਐਲਈਡੀ ਉਸਦੇ ਦੂਜੇ ਸਾਥੀ ਰਾਜ ਕੁਮਾਰ ਨਾਮ ਵਾਸੀ ਮੋਰਿੰਡਾ ਪਾਸ ਹੈ। ਐੱਸਐੱਚਓ ਗੁਰਪ੍ਰਰੀਤ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਕਾਲਾ ਨੇ ਮੋਰਿੰਡਾ ਨਿਵਾਸੀ ਰਾਜ ਕੁਮਾਰ ਨਾਲ ਮਿਲ ਕੇ ਸਥਾਨਕ ਸ਼ਹਿਰ 'ਚ ਇਹ ਚੋਰੀਆਂ ਕੀਤੀਆਂ ਸਨ। ਉਨ੍ਹਾਂ ਦੱਸਿਆ ਕਿ ਰਾਜ ਕੁਮਾਰ ਰਾਜੂ ਹਾਲੇ ਫਰਾਰ ਹੈ ਜਿਸਦੀ ਪੁਲਿਸ ਵੱਲੋਂ ਜਲਦੀ ਨਾਲ ਭਾਲ ਕੀਤੀ ਜਾ ਰਹੀ ਹੈ।