-ਲੜਕੀ ਨੇ ਜਦੋਂ ਮੁਕਾਬਲਾ ਕੀਤਾ ਤਾਂ ਨੌਜਵਾਨ ਨੇ ਮੂੰਹ 'ਤੇ ਥੱਪੜ ਮਾਰੇ

ਪੰਜਾਬੀ ਜਾਗਰਣ ਟੀਮ, ਐੱਸਏਐੱਸ ਨਗਰ : ਸੈਕਟਰ-68 'ਚ ਬੀਤੀ ਰਾਤ ਇਕ ਨੌਜਵਾਨ ਕਾਲ ਸੈਂਟਰ 'ਚ ਕੰਮ ਕਰਨ ਵਾਲੀ ਲੜਕੀ ਦੀ ਕੁੱਟਮਾਰ ਕਰਕੇ ਉਸਦਾ ਮੋਬਾਈਲ ਖੋਹ ਕੇ ਫ਼ਰਾਰ ਹੋ ਗਿਆ। ਹਾਲਾਂਕਿ ਲੜਕੀ ਨੇ ਆਪਣਾ ਫੋਨ ਬਚਾਉਣ ਦੀ ਕਾਫ਼ੀ ਕੋਸ਼ਿਸ਼ ਕੀਤੀ ਪਰ ਨੌਜਵਾਨ ਨੇ ਲੜਕੀ ਦੇ ਮੂੰਹ 'ਤੇ ਥੱਪੜ ਅਤੇ ਉਸ ਦੇ ਪੇਟ 'ਚ ਮੁੱਕੇ ਮਾਰੇ, ਜਿਸ ਕਾਰਨ ਲੜਕੀ ਬੇਹੋਸ਼ ਹੋ ਗਈ ਅਤੇ ਨੌਜਵਾਨ ਫੋਨ ਖੋਹ ਕੇ ਫ਼ਰਾਰ ਹੋ ਗਿਆ। ਲੜਕੀ ਨੇ ਕਾਫ਼ੀ ਰੌਲ਼ਾ ਪਾਇਆ ਪਰ ਜਦੋਂ ਤਕ ਲੋਕ ਇਕੱਠੇ ਹੋਏ ਰਾਤ ਦੇ ਹਨੇਰੇ ਦਾ ਫਾਇਦਾ ਉਠਾਉਂਦੇ ਹੋਏ ਨੌਜਵਾਨ ਮੌਕੇ ਤੋਂ ਫ਼ਰਾਰ ਹੋ ਗਿਆ। ਲੜਕੀ ਨੇ ਕਿਸੇ ਰਾਹਗੀਰ ਦੀ ਮਦਦ ਨਾਲ ਤੁਰੰਤ ਇਸ ਦੀ ਸੂਚਨਾ ਪੁਲਿਸ ਕੰਟਰੋਲ ਰੂਮ ਨੂੰ ਦਿੱਤੀ, ਜਿਸ ਤੋਂ ਬਾਅਦ ਪੀਸੀਆਰ ਪਾਰਟੀ ਮੌਕੇ 'ਤੇ ਪਹੁੰਚ ਗਈ। ਜਿਹਨਾਂ ਨੇ ਫੇਜ਼-8 ਥਾਣੇ ਦੀ ਪੁਲਿਸ ਨੂੰ ਸੂਚਿਤ ਕਰਕੇ ਮੌਕੇ 'ਤੇ ਬੁਲਾਇਆ।

ਥਾਣਾ ਸਦਰ ਤੋਂ ਤਫ਼ਤੀਸੀ ਅਫ਼ਸਰ ਭੁਪਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਅਤੇ ਲੜਕੀ ਦੇ ਬਿਆਨ ਦਰਜ ਕੀਤੇ। ਪੁਲਿਸ ਨੇ ਇਸ ਮਾਮਲੇ 'ਚ ਤਸਕਰ ਦੇ ਖ਼ਿਲਾਫ਼ ਆਈਪੀਸੀ ਦੀ ਧਾਰਾ 379ਬੀ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਘਟਨਾ ਦੇ ਆਸ-ਪਾਸ ਇਲਾਕੇ 'ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈਕ ਕੀਤੀ ਤਾਂ ਕਿ ਤਸਕਰ ਦੀ ਸ਼ਕਲ ਦਾ ਕੁੱਝ ਪਤਾ ਲੱਗ ਸਕੇ।

ਪੁਲਿਸ ਨੂੰ ਦਿੱਤੇ ਬਿਆਨਾਂ 'ਚ ਅਕਾਂਕਸ਼ਾ ਸ਼ਰਮਾ ਨੇ ਦੱਸਿਆ ਕਿ ਉਹ ਪਿੰਡ ਕੁੰਭੜਾ 'ਚ ਪੀਜੀ 'ਚ ਰਹਿੰਦੀ ਹੈ ਅਤੇ ਮੂਲ ਰੂਪ 'ਚ ਪਿੰਡ ਗਟਾਸਨੀ ਜ਼ਿਲ੍ਹਾ ਚੰਬਾ (ਹਿਮਾਚਲ ਪ੍ਰਦੇਸ) ਦੀ ਰਹਿਣ ਵਾਲੀ ਹੈ। ਉਹ ਸੈਕਟਰ-68 ਸਥਿਤ ਕਾਲ ਸੈਂਟਰ 'ਚ ਕੰਮ ਕਰਦੀ ਹੈ ਅਤੇ ਪੈਦਲ ਹੀ ਘਰ ਤੋਂ ਕਾਲ ਸੈਂਟਰ ਆਉਂਦੀ ਹੈ। ਬੀਤੀ ਰਾਤ ਕਰੀਬ 9.55 ਵਜੇ ਉਹ ਕਾਲਸੈਂਟਰ ਤੋਂ ਸਿਟੀ ਪਾਰਕ ਵੱਲ ਆ ਰਹੀ ਸੀ। ਉਸੇ ਸਮੇਂ ਉਸ ਨੂੰ ਇਕੱਲੀ ਦੇਖ ਕੇ ਇਕ ਨੌਜਵਾਨ ਉਸ ਕੋਲ ਆਇਆ ਅਤੇ ਉਸ ਦੇ ਹੱਥ 'ਚ ਫੜਿਆ ਫੋਨ ਖੋਹਣ ਦੀ ਕੋਸ਼ਿਸ਼ ਕੀਤੀ। ਲੜਕੀ ਨੇ ਦੱਸਿਆ ਕਿ ਇੰਝ ਲੱਗ ਰਿਹਾ ਸੀ ਜਿਵੇਂ ਨੌਜਵਾਨ ਨੇ ਕੋਈ ਨਸ਼ਾ ਕੀਤਾ ਹੋਵੇ। ਉਸ ਨੇ ਮੋਬਾਈਲ ਖੋਹਣ ਵਾਲੇ ਨੌਜਵਾਨ ਦਾ ਸਾਹਮਣਾ ਕੀਤਾ ਅਤੇ ਉਸ ਦੇ ਹੱਥ ਵੀ ਮਾਰ ਦਿੱਤੇ। ਪਰ ਨੌਜਵਾਨ ਨੇ ਫੋਨ ਖੋਹਣ ਲਈ ਉਸ ਦੇ ਮੂੰਹ 'ਤੇ ਥੱਪੜ ਮਾਰਿਆ, ਪਰ ਉਸ ਨੇ ਫਿਰ ਵੀ ਫੋਨ ਨਹੀਂ ਛੱਡਿਆ ਤਾਂ ਨੌਜਵਾਨ ਨੇ ਉਸ ਦੇ ਿਢੱਡ 'ਚ ਮੁੱਕਾ ਮਾਰ ਦਿੱਤਾ, ਉਸ ਦੀਆਂ ਅੱਖਾਂ ਦੇ ਸਾਹਮਣੇ ਹਨੇਰਾ ਹੋ ਗਿਆ ਅਤੇ ਉਸਨੇ ਆਪਣਾ ਫੋਨ ਛੱਡ ਦਿੱਤਾ। ਝਪਟਮਾਰ ਤੁਰੰਤ ਫੋਨ ਲੈ ਕੇ ਭੱਜ ਗਿਆ ਅਤੇ ਜਦੋਂ ਉਸ ਨੇ ਰੌਲਾ ਪਾਇਆ ਤਾਂ ਲੋਕ ਇੱਕਠੇ ਹੋ ਗਏ। ਪਰ ਉਦੋਂ ਤੱਕ ਉਹ ਅੰਦਰਲੀਆਂ ਗਲੀਆਂ 'ਚ ਫ਼ਰਾਰ ਹੋ ਚੁੱਕਾ ਸੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।