-ਭੜਕੇ ਮਿ੍ਤਕ ਦੇ ਰਿਸ਼ਤੇਦਾਰਾਂ ਨੇ ਲਾਇਆ ਜਾਮ

-ਮੁਬਾਰਿਕਪੁਰ ਰਾਮਗੜ੍ਹ ਰੋਡ 'ਤੇ ਵਾਪਰਿਆ ਹਾਦਸਾ

ਸੁਨੀਲ ਕੁਮਾਰ ਭੱਟੀ, ਡੇਰਾਬੱਸੀ : ਇੱਥੋਂ ਦੀ ਮੁਬਾਰਿਕਪੁਰ ਰਾਮਗੜ੍ਹ ਰੋਡ 'ਤੇ ਅੱਜ ਸਵੇਰ ਸਾਢੇ ਅੱਠ ਵਜੇ ਇਕ ਤੇਜ਼ ਰਫ਼ਤਾਰ ਟਿੱਪਰ ਚਾਲਕ ਨੇ ਮੋਟਰਸਾਈਕਲ ਚਾਲਕ ਨੂੰ ਦਰੜ ਦਿੱਤਾ। ਹਾਦਸੇ 'ਚ ਮੋਟਰਸਾਈਕਲ ਚਾਲਕ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮਿ੍ਤਕ ਦੀ ਪਛਾਣ 33 ਸਾਲਾਂ ਦਾ ਸੁੰਦਰ ਵਾਸੀ ਫੇਜ਼-11 ਮੁਹਾਲੀ ਵਜੋਂ ਹੋਈ ਹੈ। ਹਾਦਸੇ ਤੋਂ ਬਾਅਦ ਭੜਕੇ ਮਿ੍ਤਕ ਦੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੇ ਰਾਮਗੜ੍ਹ ਸੜਕ 'ਤੇ ਜਾਮ ਲਾ ਦਿੱਤਾ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਕਾਰਵਾਈ ਕਰਨ ਦਾ ਭਰੋਸਾ ਦੇ ਕੇ ਜਾਮ ਖੁੱਲ੍ਹਵਾਇਆ। ਮਿ੍ਤਕ ਸੁੰਦਰ ਮੋਰ ਠੀਕਰੀ ਪਿੰਡ 'ਚ ਸਥਿਤ ਇਕ ਨਿੱਜੀ ਫੈਕਟਰੀ 'ਚ ਨੌਕਰੀ ਕਰਦਾ ਸੀ। ਸਵੇਰ ਉਹ ਆਪਣੇ ਮੋਟਰਸਾਈਕਲ 'ਤੇ ਮੋਰ ਠੀਕਰੀ ਪਿੰਡ 'ਚ ਜਾ ਰਿਹਾ ਸੀ। ਜਦੋਂ ਉਹ ਰਾਮਗੜ੍ਹ ਰੋਡ 'ਤੇ ਪਹੁੰਚਿਆ ਤਾਂ ਉਸਦੇ ਮੋਟਰਸਾਈਕਲ ਨੂੰ ਟਿੱਪਰ ਚਾਲਕ ਨੇ ਦਰੜ ਦਿੱਤਾ। ਹਾਦਸੇ 'ਚ ਸੁੰਦਰ ਟਿੱਪਰ ਦੇ ਹੇਠਾਂ ਆ ਕੇ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਉਸ ਨੂੰ ਜ਼ਖ਼ਮੀ ਹਾਲਤ 'ਚ ਡੇਰਾਬੱਸੀ ਸਿਵਲ ਹਸਪਤਾਲ ਲੈ ਕੇ ਆਇਆ ਗਿਆ। ਉਥੇ ਪਹੁੰਚਣ 'ਤੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਕਰਾਰ ਦੇ ਦਿੱਤਾ। ਮਿ੍ਤਕ ਆਪਣੇ ਪਿੱਛੇ ਵਿਧਵਾ ਪਤਨੀ ਅਤੇ ਦੋ ਬੱਚੇ ਛੱਡ ਗਿਆ ਹੈ।

--------

ਕੀ ਕਹਿਣਾ ਹੈ ਚੌਂਕੀ ਇੰਚਾਰਜ ਦਾ

ਇਸ ਬਾਰੇ ਮੁਬਾਰਿਕਪੁਰ ਪੁਲਿਸ ਚੌਂਕੀ ਇੰਚਾਰਜ ਕੁਲਵੰਤ ਸਿੰਘ ਨੇ ਕਿਹਾ ਕਿ ਹਾਦਸੇ ਤੋਂ ਬਾਅਦ ਟਿੱਪਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਉਨ੍ਹਾਂ ਨੇ ਦੱਸਿਆ ਕਿ ਟਿੱਪਰ ਨੂੰ ਕਬਜ਼ੇ 'ਚ ਲੈ ਕੇ ਫ਼ਰਾਰ ਚਾਲਕ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।