ਪੰਜਾਬੀ ਜਾਗਰਣ ਟੀਮ, ਖਰੜ-ਬੀਤੀ ਰਾਤ ਚੰਡੀਗੜ੍ਹ ਯੂਨੀਵਰਸਿਟੀ ਘੜੰੂਆਂ ਦੇ ਪੁਲ ਦੇ ਹੇਠਾਂ ਇਕ ਤੇਜ਼ ਰਫ਼ਤਾਰ ਗੱਡੀ ਨੇ ਮੋਟਰਸਾਇਕਲ ਸਵਾਰ ਇਕ ਵਿਅਕਤੀ ਨੂੰ ਰੌਂਦ ਦਿੱਤਾ। ਜਿਸਦੀ ਹਸਪਤਾਲ ਜਾਂਦੇ ਸਮੇਂ ਮੌਤ ਹੋ ਗਈ। ਮਿ੍ਤਕ ਦੀ ਪਛਾਣ 52 ਸਾਲ ਦਾ ਜਸਵੀਰ ਸਿੰਘ ਨਿਵਾਸੀ ਵਾਰਡ ਨੰਬਰ-8 ਘੜੰੂਆਂ ਵਜੋਂ ਹੋਈ ਹੈ। ਸਦਰ ਖਰੜ ਪੁਲਿਸ ਨੇ ਇਸ ਮਾਮਲੇ 'ਚ ਮਿ੍ਤਕ ਦੇ ਬੇਟੇ ਚਰਨਜੀਤ ਸਿੰਘ ਦੇ ਬਿਆਨਾਂ 'ਤੇ ਅਣਪਛਾਤੇ ਕਾਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੂੰ ਦਿੱਤੇ ਬਿਆਨਾਂ 'ਚ ਮਿ੍ਤਕ ਦੇ ਪੁੱਤਰ ਚਰਨਜੀਤ ਨੇ ਦੱਸਿਆ ਕਿ ਬੀਤੀ ਸ਼ਾਮ ਉਸਦੇ ਪਿਤਾ ਆਪਣੇ ਮੋਟਰਸਾਇਕਲ 'ਤੇ ਪਿੰਡ ਭੱਜੋ ਮਾਜਰਾ ਗਏ ਸਨ। ਜਦੋਂ ਉਹ ਚੰਡੀਗੜ੍ਹ ਯੂਨੀਵਰਸਿਟੀ ਘੜੰੂਆਂ ਦੇ ਪੁਲ਼ ਦੇ ਹੇਠਾਂ ਪੁੱਜੇ ਤਾਂ ਘੜੰੂਆਂ ਵਲੋਂ ਆ ਰਹੀ ਲੁਧਿਆਣਾ ਨੰਬਰ ਤੇਜ਼ ਰਫ਼ਤਾਰ ਗੱਡੀ ਨੇ ਉਸਨੂੰ ਟੱਕਰ ਮਾਰ ਦਿੱਤੀ। ਗੱਡੀ ਉਸਦੇ ਪਿਤਾ ਨੂੰ ਮੋਟਰਸਾਇਕਲ ਸਮੇਤ ਕਰੀਬ ਅੱਧਾ ਕਿਲੋਮੀਟਰ ਤੱਕ ਘਸੀਟ ਕੇ ਲੈ ਗਈ। ਰਾਹਗੀਰਾਂ ਦੀ ਮਦਦ ਨਾਲ ਉਸਦੇ ਪਿਤਾ ਨੂੰ ਇਲਾਜ ਲਈ ਪੀਜੀਆਈ ਲਿਜਾਇਆ ਜਾ ਰਿਹਾ ਸੀ ਜਿੱਥੇ ਰਾਹ 'ਚ ਹੀ ਜਸਵੀਰ ਸਿੰਘ ਨੇ ਦਮ ਤੋੜ ਦਿੱਤਾ। ਬਾਅਦ 'ਚ ਪੁਲਿਸ ਨੇ ਉਸਦੇ ਪੁੱਤਰ ਦੇ ਬਿਆਨਾਂ 'ਤੇ ਕਾਰ ਚਾਲਕ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ।