-ਕਿਹਾ, ਨਗਰ ਨਿਗਮ ਮੁਹਾਲੀ ਨੇ ਸ਼ਹਿਰ ਦਾ ਬੇੜਾ ਗਰਕ ਕਰਕੇ ਰੱਖ ਦਿੱਤਾ

ਡਿਪਟੀ ਚੀਫ਼ ਰਿਪੋਰਟਰ, ਐੱਸਏਐੱਸ ਨਗਰ : ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਪਰਵਿੰਦਰ ਸਿੰਘ ਸੋਹਾਣਾ ਨੇ ਕਿਹਾ ਹੈ ਕਿ ਨਗਰ ਨਿਗਮ 'ਚ ਸਿਆਸੀ ਖਿੱਚੋਤਾਣ ਦੇ ਚੱਲਦਿਆਂ ਇਸ ਦੀ ਹਦੂਦ ਅਧੀਨ ਆਉਂਦੇ ਸਮੁੱਚੇ ਖੇਤਰ ਦਾ ਬੇੜਾ ਗਰਕਿਆ ਹੋਇਆ ਹੈ। ਨਾ ਆਮ ਆਦਮੀ ਪਾਰਟੀ ਨੂੰ ਸ਼ਹਿਰ ਦੀ ਕੋਈ ਿਫ਼ਕਰ ਹੈ ਅਤੇ ਨਾ ਹੀ ਨਗਰ ਨਿਗਮ 'ਤੇ ਕਾਬਜ਼ ਧਿਰ ਨੂੰ ਹੀ ਕੋਈ ਚਿੰਤਾ ਸਗੋਂ ਦੋਵੇਂ ਧਿਰਾਂ ਇਕ ਦੂਜੇ ਦੀਆਂ ਲੱਤਾਂ ਖਿੱਚਣ 'ਤੇ ਲੱਗੀਆਂ ਹੋਈਆਂ ਹਨ। ਆਮ ਆਦਮੀ ਪਾਰਟੀ ਦੀ ਸਰਕਾਰ ਜਿੱਥੇ ਨਗਰ ਨਿਗਮ 'ਚ ਤਖ਼ਤਾਪਲਟ ਦੀ ਕੋਸ਼ਿਸ਼ 'ਚ ਹੈ। ਉਥੇ ਮੇਅਰ ਨੂੰ ਸ਼ਹਿਰ ਦੇ ਵਿਕਾਸ ਨਾਲੋਂ ਆਪਣੀ ਕੁਰਸੀ ਬਚਾਉਣ ਦੀ ਚਿੰਤਾ ਵੱਧ ਹੈ। ਪਰਵਿੰਦਰ ਨੇ ਕਿਹਾ ਕਿ ਪੂਰੇ ਸ਼ਹਿਰ ਦਾ ਸਫ਼ਾਈ ਪੱਖੋਂ ਬੇੜਾ ਗਰਕ ਹੋ ਚੁੱਕਿਆ ਹੈ, ਥਾਂ-ਥਾਂ 'ਤੇ ਕੂੜੇ ਦੇ ਢੇਰ ਲੱਗੇ ਹੋਏ ਹਨ ਜੋ ਬੀਮਾਰੀ ਦਾ ਕਾਰਨ ਬਣ ਰਹੇ ਹਨ। ਬਰਸਾਤੀ ਪਾਣੀ ਦੀ ਨਿਕਾਸੀ ਦਾ ਸਹੀ ਪ੍ਰਬੰਧ ਨਾ ਹੋਣ ਕਾਰਨ ਇਸ ਵਾਰ ਫੇਰ ਮੁਹਾਲੀ ਦੇ ਲੋਕਾਂ ਨੂੰ ਇਸ ਦਾ ਵੱਡਾ ਖਮਿਆਜ਼ਾ ਭੁਗਤਣਾ ਪਿਆ ਹੈ ਅਤੇ ਲੋਕਾਂ ਦੇ ਘਰਾਂ 'ਚ ਪਾਣੀ ਦਾਖਲ ਹੋ ਚੁੱਕਾ ਹੈ ਅਤੇ ਉਨ੍ਹਾਂ ਦੇ ਮਹਿੰਗੇ ਸਾਮਾਨ ਬਰਬਾਦ ਹੋਏ ਹਨ।

ਹਲਕਾ ਇੰਚਾਰਜ ਮੁਹਾਲੀ ਪਰਵਿੰਦਰ ਸਿੰਘ ਸੋਹਾਣਾ ਨੇ ਕਿਹਾ ਕਿ ਸ਼ਹਿਰ ਦੀਆਂ ਸਮੁੱਚੀਆਂ ਸੜਕਾਂ ਦੀ ਬੁਰੀ ਹਾਲਤ ਹੈ ਅਤੇ ਸੜਕਾਂ ਉੱਤੇ ਥਾਂ-ਥਾਂ 'ਤੇ ਟੋਏ ਪਏ ਹਨ। ਖ਼ਾਸ ਤੌਰ 'ਤੇ ਪਿਛਲੇ ਕਈ ਸਮੇਂ ਤੋਂ ਪੁੱਟੀ ਹੋਈ ਸ਼ਮਸ਼ਾਨਘਾਟ ਵਾਲੀ ਸੜਕ ਜੋ ਬਾਵਾ ਵਾਈਟ ਹਾਊਸ ਤਕ ਪਹੁੰਚਦੀ ਹੈ, ਦੀ ਹਾਲਤ ਅਤਿ ਮਾੜੀ ਹੈ। ਇਸ ਸੜਕ 'ਚ ਕਥਿਤ ਭਿ੍ਸ਼ਟਾਚਾਰ ਦੀ ਜਾਂਚ ਵਿਜੀਲੈਂਸ ਵਿਭਾਗ ਵਲੋਂ ਵੀ ਕੀਤੀ ਜਾ ਰਹੀ ਹੈ। ਪਰ ਇਹ ਸੜਕ ਦੇ ਸੁਧਾਰ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ।

ਨਗਰ ਨਿਗਮ ਦਾ ਪੂਰਾ ਧਿਆਨ ਲੋਕਾਂ ਤੋਂ ਟੈਕਸ ਵਸੂਲਣ 'ਤੇ ਲੱਗਿਆ ਹੋਇਆ ਹੈ ਅਤੇ ਪ੍ਰਰਾਪਰਟੀ ਟੈਕਸ ਦੇ ਨਾਂ ਤੇ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਨਗਰ ਨਿਗਮ ਹਾਸਲ ਤਾਂ ਕਰ ਰਹੀ ਹੈ। ਪਰ ਵਿਕਾਸ ਕਾਰਜਾਂ 'ਤੇ ਪੈਸੇ ਖਰਚ ਹੋਣ ਦੀ ਥਾਂ ਤੇ ਇਹ ਪੈਸੇ ਬਰਬਾਦ ਕੀਤੇ ਜਾ ਰਹੇ ਹਨ।

ਉਨ੍ਹਾਂ ਕਿਸੇ ਦਾ ਨਾਂ ਲਏ ਬਗੈਰ ਕਿਹਾ ਕਿ ਸਭ ਤੋਂ ਵੱਡੀ ਗੱਲ ਇਹ ਹੈ ਕਿ ਆਪਣੀਆਂ ਪਾਰਟੀਆਂ ਛੱਡ ਕੇ ਸੱਤਾ ਦਾ ਸੁੱਖ ਭੋਗਣ ਲਈ ਹੋਰਨਾਂ ਪਾਰਟੀਆਂ 'ਚ ਸ਼ਾਮਲ ਹੋਏ ਮੁਹਾਲੀ ਦੇ ਆਗੂ ਸਿਰਫ਼ ਤੇ ਸਿਰਫ਼ ਆਪਣੇ ਆਪ ਨੂੰ ਹੀ ਉੱਚਾ ਚੁੱਕ ਰਹੇ ਹਨ ਅਤੇ ਇਨ੍ਹਾਂ ਨੂੰ ਮੁਹਾਲੀ ਸ਼ਹਿਰ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਉਨ੍ਹਾਂ ਮੰਗ ਕੀਤੀ ਕਿ ਦੋਵੇਂ ਧਿਰਾਂ ਇਕ ਦੂਜੇ ਦੀਆਂ ਲੱਤਾਂ ਖਿੱਚਣਾ ਬੰਦ ਕਰਕੇ ਪਹਿਲਾਂ ਸ਼ਹਿਰ ਦੀ ਸਫ਼ਾਈ ਤੇ ਵਿਕਾਸ ਵੱਲ ਧਿਆਨ ਦੇਣ।