ਰਣਬੀਰ ਸਿੰਘ ਪੜ੍ਹੀ, ਡੇਰਾਬੱਸੀ : ਡੇਂਗੂ ਵਰਗੀ ਭਿਆਨਕ ਬਿਮਾਰੀ ਨਾਲ ਹਲਕਾ ਡੇਰਾਬੱਸੀ ਅੰਦਰ ਕਈ ਨੌਜਵਾਨ ਮੌਤਾਂ ਹੋ ਜਾਣ ਨਾਲ ਸਾਰਾ ਹਲਕਾ ਸੋਗ 'ਚ ਡੁੱਬਿਆ ਹੋਇਆ ਹੈ ਉਥੇ ਹੀ ਦੂਜੇ ਪਾਸੇ ਇਸ ਮਹਾਂਮਾਰੀ ਤੋਂ ਬਚਾਉਣ ਲਈ ਲੋਕਾਂ ਨੂੰ ਜਾਗਰੂਕ ਕਰਨ ਵਾਲੇ ਜ਼ਿੰਮੇਵਾਰ ਪ੍ਰਸ਼ਾਸਨਿਕ ਅਧਿਕਾਰੀ ਆਪ ਹੀ ਅਜਿਹੀ ਬਿਮਾਰੀ ਨੂੰ ਬੜਾਵਾ ਦੇ ਰਹੇ ਹਨ। ਐੱਸਡੀਐੱਮ ਦਫ਼ਤਰ ਡੇਰਾਬੱਸੀ ਵਿਖੇ ਬਣੇ ਹੋਏ ਪਬਲਿਕ ਟੁਆਇਲਟਾਂ ਦੀ ਹਾਲਾਤ ਦੇਖਦੇ ਹੋਏ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇੱਥੇ ਡੇਂਗੂ ਵਰਗੀ ਮਹਾਮਾਰੀ ਕਿਸ ਵੱਡੇ ਪੱਧਰ 'ਤੇ ਫੈਲਾਈ ਜਾ ਰਹੀ ਹੈ। ਡੇਰਾਬੱਸੀ ਤਹਿਸੀਲ ਕੰਪਲੈਕਸ ਅੰਦਰ ਬਣੇ ਹੋਏ ਪਬਲਿਕ ਟੁਆਇਲਟ 'ਚ ਕੀੜੇ ਤਕ ਚਲਦੇ ਹੋਏ ਨਜ਼ਰ ਆ ਰਹੇ ਹਨ। ਇੱਥੇ ਇਹ ਦੱਸਣਯੋਗ ਹੈ ਕਿ ਇੱਥੇ ਸੈਂਕੜੇ ਲੋਕ ਰੋਜ਼ਾਨਾ ਆਪਣੀਆਂ ਰਜਿਸਟਰੀਆਂ ਕਰਵਾਉਣ ਅਤੇ ਹੋਰ ਜ਼ਰੂਰੀ ਕੰਮ ਲਈ ਇਸ ਕੰਪਲੈਕਸ 'ਚ ਆਉਂਦੇ ਹਨ, ਸੁਵਿਧਾ ਲਈ ਇੱਥੇ ਬਣਾਇਆ ਗਿਆ ਪਬਲਿਕ ਟੁਆਇਲਟ ਨਰਕ ਬਣਿਆ ਹੋਇਆ ਨਜ਼ਰ ਆ ਰਿਹਾ ਹੈ। ਇੱਥੇ ਇਹ ਵੀ ਵਿਚਾਰਨਯੋਗ ਹੈ ਕਿ ਡੇਂਗੂ ਦੀ ਬੀਮਾਰੀ ਮੱਛਰਾਂ ਕਾਰਨ ਫੈਲਦੀ ਹੈ ਅਤੇ ਇੱਥੇ ਮੱਛਰਾਂ ਦੀ ਭਰਮਾਰ ਦੇਖਣ ਨੂੰ ਮਿਲਦੀ ਹੈ, ਜਿਸ ਸਬੰਧੀ ਪ੍ਰਸ਼ਾਸਨ ਬਿਲਕੁਲ ਧਿਆਨ ਨਹੀਂ ਦੇ ਰਿਹਾ। ਟੁਆਇਲਟ ਗੰਦੇ ਹੋਣ ਕਾਰਨ ਇੱਥੇ ਲੋਕਾਂ ਨੂੰ ਕਾਫ਼ੀ ਅੌਕੜਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਮਾਮਲੇ ਸਬੰਧੀ ਗੱਲਬਾਤ ਕਰਦੇ ਹੋਏ ਐੱਸਡੀਐੱਮ ਡੇਰਾਬੱਸੀ ਕੁਲਦੀਪ ਬਾਵਾ ਨੇ ਦੱਸਿਆ ਕਿ ਉਹ ਇਸ ਸਬੰਧੀ ਬਣਦੀ ਕਾਰਵਾਈ ਜਲਦ ਕਰਨਗੇ।