ਜੇਐੱਸ ਕਲੇਰ, ਜ਼ੀਰਕਪੁਰ : ਅੱਜ ਸਵੇਰੇ ਤੋਂ ਹੀ ਅਚਾਨਕ ਦਿਨ 'ਚ ਹੀ ਹਨੇਰਾ ਛਾ ਗਿਆ। ਇਕ ਪਾਸੇ ਜਿੱਥੇ ਜ਼ੀਰਕਪੁਰ ਅਤੇ ਇਸਦੇ ਆਸੇ-ਪਾਸੇ ਦੇ ਇਲਾਕਿਆਂ 'ਚ ਦੇਖਦੇ ਹੀ ਦੇਖਦੇ ਅਸਮਾਨ 'ਚ ਕਾਲੇ ਬੱਦਲ ਛਾ ਗਏ ਅਤੇ ਪਏ ਮੀਂਹ ਨੇ ਮੌਸਮ 'ਚ ਠੰਡਕ ਵਧਾ ਦਿੱਤੀ ਹੈ ਉਥੇ ਹੀ ਮੀਂਹ ਅਤੇ ਆਈ ਹਨ੍ਹੇਰੀ ਦੌਰਾਨ ਕਈ ਥਾਂ ਬਿਜਲੀ ਸਪਲਾਈ ਗੁਲ ਹੋ ਗਈ। ਅੱਜ ਮੀਂਹ ਪੈਣ ਕਾਰਨ ਜਿਥੇ ਮੌਸਮ 'ਚ ਠੰਢਕ ਆਈ ਹੈ ਉਥੇ ਹੀ ਮੀਂਹ ਹਨ੍ਹੇਰੀ ਕਾਰਨ ਬਿਜਲੀ ਵਿਵਸਥਾ ਚਰਮਰਾ ਗਈ ਤੇ ਕਈ ਇਲਾਕਿਆਂ 'ਚ ਖ਼ਰਾਬੀ ਪੈਦਾ ਹੋਣ ਦੀਆਂ ਸ਼ਿਕਾਇਤਾਂ ਮਿਲੀਆਂ। ਹਾਲਾਂਕਿ ਰਾਤ ਤੋਂ ਬਾਅਦ ਦਿਨ 'ਚ ਠੰਡਕ ਦਾ ਅਹਿਸਾਸ ਹੋ ਗਿਆ ਹੈ। ਮੀਂਹ ਤੇ ਬੱਦਲਵਾਈ ਕਰਕੇ ਸਾਰਾ ਦਿਨ ਸੂਰਜ ਦੇਵਤਾ ਦੇ ਦਰਸ਼ਨ ਨਹੀਂ ਹੋ ਸਕੇ। ਸ਼ਾਮੀ ਚਾਰ ਵਜੇ ਹੀ ਹਨੇਰਾ ਛਾ ਗਿਆ। ਇੰਝ ਲੱਗ ਰਿਹਾ ਸੀ ਕਿ ਰਾਤ ਦੇ 8 ਵਜ ਗਏ ਹੋਣ। ਅਸਮਾਨ 'ਚ ਕਾਲੇ ਬੱਦਲਾਂ ਤੋਂ ਹੋਏ ਹਨੇਰੇ ਕਾਰਨ ਆਵਾਜਾਈ 'ਚ ਕਾਫ਼ੀ ਵਿਘਨ ਪਿਆ ਸੜਕਾਂ 'ਤੇ ਹਨੇਰਾ ਹੋਣ ਕਾਰਨ ਗੱਡੀਆਂ ਨੂੰ ਲਾਈਟਾਂ ਦਿਨ ਵੇਲੇ ਹੀ ਚਲਾਉਣੀਆਂ ਪਈਆਂ। ਅੱਜ ਸਵੇਰੇ ਤੋਂ ਹੀ ਖ਼ੇਤਰ 'ਚ ਬੇਮੌਸਮੇ ਮੀਂਹ ਨੇ ਜਨ ਜੀਵਨ ਪ੍ਰਭਾਵਿਤ ਕੀਤਾ ਉੱਥੇ ਹੀ ਬਿਜਲੀ ਦੀ ਲੁਕਣ ਛੁਪੀ ਨੇ ਮੀਂਹ ਕਰਕੇ ਪੈਦਾ ਹੋਈ ਪਰੇਸ਼ਾਨੀ ਨੂੰ ਹੋਰ ਵਧਾ ਦਿੱਤਾ ਹੈ। ਅਕਤੂਬਰ ਆਮ ਤੌਰ 'ਤੇ ਮੌਸਮ ਖੁਸ਼ਕ ਹੁੰਦਾ ਹੈ ਪਰ ਇਸ ਵਾਰ ਪੱਛਮੀ ਗੜਬੜੀ ਦੇ ਕਾਰਨ ਮੌਸਮ ਬਦਲ ਗਿਆ ਹੈ। ਇਸ ਬਾਰੇ ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਨੇ ਭਵਿੱਖਬਾਣੀ ਕੀਤੀ ਸੀ ਕਿ ਘੱਟ ਦਬਾਅ ਵਾਲੇ ਖੇਤਰ ਦੇ ਬਣਨ ਕਾਰਨ ਤੂਫਾਨ ਅਤੇ ਬੂੰਦਾਬਾਂਦੀ ਦੀ ਸੰਭਾਵਨਾ ਹੈ। ਖੇਤੀ ਮਾਹਰਾਂ ਦਾ ਵੀ ਕਹਿਣਾ ਹੈ ਕਿ ਝੋਨੇ ਦੀ ਫ਼ਸਲ ਦੀ ਕਟਾਈ ਅਜੇ ਬਾਕੀ ਹੈ। ਭਾਰੀ ਮੀਂਹ ਕਾਰਨ ਝੋਨਾ ਖ਼ਰਾਬ ਹੋ ਸਕਦਾ ਹੈ। ਕਿਸਾਨਾਂ ਨੂੰ ਇਸ ਮਹੀਨੇ ਝੋਨੇ ਦੀ ਫ਼ਸਲ ਵੱਢਣ ਤੋਂ ਬਾਅਦ ਕਣਕ ਬੀਜਣ ਦੀ ਵੀ ਤਿਆਰੀ ਕਰਨੀ ਹੁੰਦੀ ਹੈ ਜੋ ਪ੍ਰਭਾਵ ਹੋਵੇਗੀ।