ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਬਾਇਓਟੈਕਨਾਲੋਜੀ ਖੇਤਰ ਨੂੰ ਪੰਜਾਬ 'ਚ ਪ੍ਰਫੁੱਲਿਤ ਕਰਨ ਲਈ ਸੂਬਾ ਸਰਕਾਰ ਨੇ ਬਾਇਓਟੈਕਨਾਲੋਜੀ ਵਿਭਾਗ-ਬਾਇਓਟੈਕਨਾਲੋਜੀ ਇੰਡਸਟਰੀ ਅਸਿਸਟੈਂਟ ਕੌਂਸਲ (ਬੀਆਈਆਰਏਸੀ) ਨਾਲ ਇਕ ਐੱਮਓਯੂ ਸਹੀਬੱਧ ਕੀਤਾ ਹੈ। ਸਾਇੰਸ, ਟੈਕਨਾਲੋਜੀ ਅਤੇ ਵਾਤਾਵਰਨ ਦੇ ਪ੍ਰਮੁੱਖ ਸਕੱਤਰ ਅਤੇ ਪੰਜਾਬ ਰਾਜ ਬਾਇਓਟੈੱਕ ਕਾਰਪੋਰੇਸ਼ਨ ਦੇ ਚੇਅਰਮੈਨ ਆਰਕੇ ਵਰਮਾ ਨੇ ਬੀਆਈਆਰਏਸੀ ਦੇ ਮੈਨੇਜਿੰਗ ਡਾਇਰੈਕਟਰ ਡਾ. ਮੁਹੰਮਦ ਨਾਲ ਸਮਝੌਤੇ 'ਤੇ ਦਸਤਖ਼ਤ ਕੀਤੇ। ਸ਼੍ਰੀ ਅਸਲਮ ਨੇ ਭਾਰਤ ਸਰਕਾਰ ਦੇ ਬਾਇਓਟੈਕਨਾਲੋਜੀ ਵਿਭਾਗ ਦੇ ਸਕੱਤਰ ਅਤੇ ਬੀਆਈਆਰਏਸੀ ਦੇ ਚੇਅਰਪਰਸਨ ਡਾ. ਰੇਨੂੰ ਸਵਰੂਪ ਦੀ ਹਾਜ਼ਰੀ ਵਿਚ ਨਵੀਂ ਦਿੱਲੀ ਵਿਖੇ ਮੈਗਾ ਈਵੈਂਟ 'ਗਲੋਬਲ ਬਾਇਓ-ਇੰਡੀਆ 2019' ਦੌਰਾਨ ਇਹ ਐੱਮਓਯੂ ਸਹੀਬੱਧ ਕੀਤਾ। ਇਸ ਸਮਾਰੋਹ ਦਾ ਉਦਘਾਟਨ ਸਾਇੰਸ ਤੇ ਟੈਕਨਾਲੋਜੀ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਨੇ ਕੀਤਾ।

ਸਮਾਗਮ ਦੌਰਾਨ ਸ਼੍ਰੀ ਵਰਮਾ ਨੇ ਕਿਹਾ ਕਿ ਬੀਆਈਆਰਏਸੀ ਨਾਲ ਪਾਈ ਇਸ ਸਾਂਝ ਨਾਲ ਪੰਜਾਬ ਨੂੰ ਗਲੋਬਲ ਬਾਇਓਟੈੱਕ ਡੈਸਟੀਨੇਸ਼ਨ ਵਜੋਂ ਉੱਭਰਨ ਵਿਚ ਸਹਾਇਤਾ ਮਿਲੇਗੀ। ਡਾ. ਸਵਰੂਪ ਨੇ ਪੰਜਾਬ ਦੀਆਂ ਪਹਿਲਕਦਮੀਆਂ ਦੀ ਸ਼ਲਾਘਾ ਕੀਤੀ ਅਤੇ ਭਾਰਤ ਵੱਲੋਂ 2025 ਤਕ 100 ਅਰਬ ਡਾਲਰ ਦੀ ਆਰਥਿਕਤਾ ਦੇ ਟੀਚੇ ਨੂੰ ਪ੍ਰਰਾਪਤ ਕਰਨ ਵਿਚ ਰਾਜਾਂ ਦੇ ਯੋਗਦਾਨ ਦੀ ਮਹੱਤਤਾ 'ਤੇ ਜ਼ੋਰ ਦਿੱਤਾ।

ਜ਼ਿਕਰਯੋਗ ਹੈ ਕਿ ਪੰਜਾਬ ਨੇ ਇਸ ਮੈਗਾ ਈਵੈਂਟ ਵਿਚ ਭਾਈਵਾਲ ਰਾਜ ਵਜੋਂ ਹਿੱਸਾ ਲਿਆ, ਜਿਸ ਵਿਚ 30 ਤੋਂ ਵੱਧ ਦੇਸ਼ਾਂ ਦੇ 3000 ਤੋਂ ਵੱਧ ਡੈਲੀਗੇਟਸ ਅਤੇ ਮਾਹਰ ਮੌਜੂਦ ਸਨ। ਸੂਬੇ ਨੇ ਬਾਇਓਟੈਕਨਾਲੋਜੀ ਦੇ ਖੇਤਰ ਅਤੇ ਪਾਈਪਲਾਈਨ ਵਿਚ ਭਵਿੱਖ ਦੀਆਂ ਪਹਿਲਕਦਮੀਆਂ ਵਿਚ ਆਪਣੀਆਂ ਮੌਜੂਦਾ ਸ਼ਕਤੀਆਂ ਦਾ ਪ੍ਰਦਰਸ਼ਨ ਕੀਤਾ।