ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ਸੂਬਾ ਸਰਕਾਰ 'ਤੇ ਵਿਧਾਨ ਸਭਾ ਦੀਆਂ ਕਦਰਾਂ-ਕੀਮਤਾਂ ਨੂੰ ਢਾਹ ਲਾਉਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਹਰ ਪਹਿਲੂ ਤੋਂ ਨਾਕਾਮ ਹੋ ਚੁੱਕੀ ਹੈ ਤੇ ਸਦਨ ਵਿਚ ਵਿਰੋਧੀ ਧਿਰ ਦਾ ਸਾਹਮਣਾ ਕਰਨ ਤੋਂ ਭੱਜ ਰਹੀ ਹੈ। ਉਨ੍ਹਾਂ ਕਿਹਾ ਕਿ ਮੌਨਸੂਨ ਸੈਸ਼ਨ ਦੀਆਂ ਕੇਵਲ 2 ਬੈਠਕਾਂ ਕਰਨੀਆਂ ਲੋਕਾਂ ਨਾਲ ਕੋਝਾ ਮਜ਼ਾਕ ਹੈ। ਉਨ੍ਹਾਂ ਵਿਧਾਨ ਸਭਾ ਦੇ ਰੂਲ 14-ਏ ਯਾਦ ਕਰਵਾਉਂਦਿਆਂ ਕਿਹਾ ਕਿ ਵਿਧਾਨ ਸਭਾ ਦੀਆਂ 1 ਸਾਲ ਵਿਚ ਘੱਟੋ ਘੱਟ 40 ਬੈਠਕਾਂ ਹੋਣੀਆਂ ਲਾਜ਼ਮੀ ਹਨ। ਇਸ ਨਿਯਮ ਦੀ ਪਾਲਣਾ 70 ਦੇ ਦਹਾਕੇ ਤਕ ਹੁੰਦੀ ਰਹੀ ਪਰ ਉਸ ਤੋਂ ਬਾਅਦ ਦੇ ਅਸੈਂਬਲੀ ਸੈਸ਼ਨਾਂ ਵਿਚ ਉਲੰਘਣਾ ਹੋਈ ਹੈ।

ਅਰੋੜਾ ਨੇ 2012 ਤੋਂ 2018 ਦੇ ਰਿਕਾਰਡ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਪਿਛਲੇ 7 ਸਾਲਾਂ ਦੌਰਾਨ ਵਿਧਾਨ ਸਭਾ ਦੀਆਂ ਮਸਾਂ 100 ਬੈਠਕਾਂ ਹੋਈਆਂ ਨੇ, ਜਿਹੜੀਆਂ ਮਸਾਂ 36 ਘੰਟੇ ਚੱਲੀਆਂ ਅਤੇ 25 ਘੰਟਿਆਂ ਲਈ ਇਹ ਬੈਠਕਾਂ ਮੁਲਤਵੀ ਕਰਨੀਆਂ ਪਈਆ। ਉਨ੍ਹਾਂ ਕਿਹਾ ਕਿ 316 ਧਿਆਨ ਦਿਵਾਊ ਮਤੇ ਦਿਤੇ ਗਏ ਜਿਨ੍ਹਾਂ ਵਿਚ ਸਪੀਕਰ ਨੇ ਸਿਰਫ਼ 129 ਸਵੀਕਾਰ ਕੀਤੇ ਤੇ ਸਪੀਕਰ ਨੇ 24 ਮੁਲਤਵੀ ਤਜਵੀਜ਼ਾਂ ਵਿੱਚੋਂ 1 ਵੀ ਸਵੀਕਾਰ ਨਹੀਂ ਕੀਤਾ। ਸਪੀਕਰ ਨੇ ਵਿਧਾਨ ਸਭਾ ਮੈਂਬਰਾਂ ਵੱਲੋਂ ਪੇਸ਼ 10 ਪ੍ਰਰਾਈਵੇਟ ਬਿਲਾਂ ਵਿਚੋਂ ਇਕ ਵੀ ਬਿਲ ਸਵੀਕਾਰ ਨਹੀ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਨੇ 362 ਘੰਟਿਆਂ ਦੇ ਕੰਮ 'ਤੇ ਲੋਕਾਂ ਦੇ 210 ਕਰੋੜ ਰੁਪਏ ਖ਼ਰਚ ਕਰ ਦਿੱਤੇ ਹਨ।

ਅਰੋੜਾ ਨੇ ਵਿਧਾਨ ਸਭਾ ਦੇ ਸਪੀਕਰ ਨੂੰ ਸੈਸ਼ਨ ਵਿਚ ਘੱਟੋ ਘੱਟ 15 ਬੈਠਕਾਂ ਯਕੀਨੀ ਬਣਾਉਣ ਤੇ ਇਜਲਾਸ ਦੀ ਕਾਰਵਾਈ ਦਾ ਸਿੱਧਾ ਪ੍ਰਸਾਰਣ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਸੈਸ਼ਨ ਦੇ ਪਹਿਲੇ ਦਿਨ ਸ਼ਰਧਾਂਜਲੀ ਦੇਣ ਤੋਂ ਬਾਅਦ ਕੁਝ ਵਕਤ ਦੀ ਬ੍ਰੇਕ ਤੋਂ ਬਾਅਦ ਦੁਬਾਰਾ ਕੰਮ ਕਰਵਾਇਆ ਜਾਵੇ ਨਹੀਂ ਤਾਂ 'ਕੋਈ ਕੰਮ ਨਹੀ, ਕੋਈ ਭੱਤਾ ਨਹੀਂ' ਦੇ ਤਹਿਤ ਸੈਸ਼ਨ ਦੇ ਪਹਿਲੇ ਦਿਨ ਦਾ ਕੋਈ ਟੀ ਏ ਤੇ ਡੀ ਏ ਨਹੀ ਲੈਣਗੇ।