ਡਾ. ਸੁਮਿਤ ਸ਼ਿਓਰਾਨ, ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ ਪ੍ਰੋਫੈਸਰ, ਕਰਮਚਾਰੀ ਤੇ ਵਿਦਿਆਰਥੀਆਂ ਨੂੰ ਮੈਡੀਕਲ ਸਬੰਧੀ ਆਉਂਦੀਆਂ ਦਿੱਕਤਾਂ ਘਟਣ ਵਾਲੀਆਂ ਹਨ। ਪੀਯੂ ਪ੍ਰਬੰਧਕਾਂ ਨੇ ਜਲਦੀ ਕੈਂਪਸ ਸਥਿਤ ਸੈਂਟਰ ਵਿਚ ਕਈ ਹੋਰ ਸਹੂਲਤਾਂ ਦੇਣ ਦੀ ਤਿਆਰੀ ਕਰ ਲਈ ਹੈ। ਇਸ ਸਬੰਧੀ ਪੀਯੂ ਕੁਲਪਤੀ ਨੇ ਕਮੇਟੀ ਗਠਿਤ ਕਰ ਕੇ ਮੀਟਿੰਗ ਕੀਤੀ ਹੈ ਤੇ ਅਹਿਮ ਫ਼ੈਸਲੇ ਲਏ ਗਏ ਹਨ।

ਮੀਟਿੰਗ ਵਿਚ ਪੀਯੂ ਰਜਿਸਟ੍ਰਾਰ ਕਮ ਐੱਫਡੀਓ ਵਿਕਰਮ ਨਈਅਰ, ਪੂੁਟਾ ਅਹੁਦੇਦਾਰ ਤੇ ਪੀਯੂ ਹੈਲਥ ਸੈਂਟਰ ਸੀਐੱਮਓ ਹਾਜ਼ਰ ਸਨ। ਕੁਝ ਮਹੀਨਿਆਂ ਮਗਰੋਂ ਹੈਲਥ ਸੈਂਟਰ ਵਿਚ ਵੱਡੇ ਬਦਲਾਅ ਕਰਨ ਦੀ ਤਜਵੀਜ਼ ਹੈ। ਪੀਯੂ ਹੈਲਥ ਸੈਂਟਰ ਵਿਚ ਕਰੀਬ 20 ਹਜ਼ਾਰ ਪੀਯੂ ਮੁਲਾਜ਼ਮਾਂ ਤੇ ਆਸ਼ਰਿਤਾਂ ਦਾ ਹੈਲਥ ਕਾਰਡ ਬਣਿਆ ਹੈ। ਮੁਲਾਜ਼ਮਾਂ ਨੂੰ ਹੁਣ ਮੈਡੀਕਲ ਬਿਲ ਦੇ ਭੁਗਤਾਨ ਲਈ ਹੈਲਥ ਸੈਂਟਰ ਤੇ ਪੀਯੂ ਪ੍ਰਸ਼ਾਸਨਕ ਬਲਾਕ ਦੇ ਚੱਕਰ ਨਹੀਂ ਕੱਟਣੇ ਪੈਣਗੇ। ਮੈਡੀਕਲ ਬਿਲ ਦਾ ਭੁਗਤਾਨ ਹੁਣ 15 ਦਿਨਾਂ ਦੇ ਅੰਦਰ ਕਰਨ ਦੀ ਤਿਆਰੀ ਹੈ। ਪਹਿਲਾਂ ਇਸ ਪ੍ਰਕਿਰਿਆ ਵਿਚ ਦੋ ਤਿੰਨ ਮਹੀਨੇ ਦਾ ਵਕਤ ਲੱਗ ਜਾਂਦਾ ਹੁੰਦਾ ਸੀ। ਨਵੇਂ ਇੰਤਜ਼ਾਮਾਂ ਤਹਿਤ ਹਰ ਜਾਣਕਾਰੀ ਹੈਲਥ ਸੈਂਟਰ ਦੀ ਵੈੱਬਸਾਈਟ 'ਤੇ ਆਨਲਾਈਨ ਮਿਲੇਗੀ।

24 ਘੰਟੇ ਮਿਲੇਗੀ ਸਹੂਲਤ

ਪੀਯੂ ਹੈਲਥ ਸੈਂਟਰ ਵਿਚ ਜਲਦੀ 24 ਘੰਟੇ ਐਮਰਜੈਂਸੀ ਸਹੂਲਤ ਮਿਲੇਗੀ। ਸਾਰੇ ਡਾਕਟਰਾਂ ਦਾ ਰੋਸਟਰ ਬਣਾਇਆ ਜਾਵੇਗਾ। ਹੈਲਥ ਸੈਂਟਰ ਵਿਚ ਸਾਰੇ ਮੁਲਾਜ਼ਮ ਤੇ ਉਨ੍ਹਾਂ ਦੇ ਆਸ਼ਰਿਤਾਂ ਦੀ ਪੂਰੀ ਜਾਣਕਾਰੀ ਆਨਲਾਈਨ ਮੁਹੱਈਆ ਹੋਵੇਗੀ। ਮੈਡੀਕਲ ਬਿਲ ਨਾਲ ਸਬੰਧਤ ਡਾਟਾ ਆਨਲਾਈਨ ਹੋਵੇਗਾ। ਹੈਲਥ ਸੈਂਟਰ ਦੀ ਵੈੱਬਸਾਈਟ ਸਬੰਧੀ ਤਿਆਰੀ ਕੀਤੀ ਜਾਣੀ ਹੈ। ਹੈਲਥ ਸੈਂਟਰ ਨੂੰ ਨਵੇਂ ਕੰਪਿਊਟਰ ਜਲਦੀ ਜਾਰੀ ਹੋਣਗੇ।

ਕੈਂਪਸ 'ਚ ਮਿਲੇਗੀ ਪ੍ਰਾਈਵੇਟ ਲੈਬ

ਪੀਯੂ ਹੈਲਥ ਸੈਂਟਰ ਵਿਚ ਬਹੁਤ ਸਾਰੇ ਮੈਡੀਕਲ ਟੈਸਟਾਂ ਦੀ ਸਹੂਲਤ ਨਹੀਂ ਹੈ। ਕਈ ਟੈਸਟਾਂ ਲਈ ਕੈਥ ਲੈਬ ਜਿਹੀ ਮੋਬਾਈਲ ਸਹੂਲਤ ਸ਼ੁਰੂ ਕੀਤੀ ਜਾਵੇਗੀ। ਪੀਯੂ ਮੁਲਾਜ਼ਮਾਂ ਲਈ ਹੁਣ ਤਕ ਸਿਰਫ਼ ਦੋ ਪ੍ਰਰਾਈਵੇਟ ਹਸਪਤਾਲ ਵਿਚ ਸ਼ਾਮਲ ਸਨ।

ਇਸ ਬਾਰੇ ਪੀਯੂ ਦੇ ਪੂਟਾ ਪ੍ਰਧਾਨ ਡਾ. ਮਿ੍ਤਯੁੰਜੈ ਕੁਮਾਰ ਨੇ ਕਿਹਾ ਕਿ ਹੈਲਥ ਸੈਂਟਰ ਵਿਚ ਨਵੀਂ ਸਹੂਲਤ ਸ਼ੁਰੂ ਕਰਨ ਦੀ ਤਜਵੀਜ਼ ਤਿਆਰ ਕੀਤੀ ਹੈ। ਜਲਦੀ ਹੈਲਥ ਸੈਂਟਰ ਵਿਚ ਸਾਰੀਆਂ ਮੈਡੀਕਲ ਸਹੂਲਤਾਂ ਮਿਲਣ ਲੱਗਣਗੀਆਂ। ਮੈਡੀਕਲ ਬਿਲ ਦਾ ਭੁਗਤਾਨ ਆਨਲਾਈਨ ਕਰਨ ਦੀ ਤਿਆਰੀ ਹੈ, ਕੁਲ 15 ਦਿਨਾਂ ਦਾ ਸਮਾਂ ਲੱਗ ਸਕਦਾ ਹੈ।

Posted By: Susheel Khanna