ਪੰਜਾਬੀ ਜਾਗਰਣ ਟੀਮ, ਐੱਸਏਐੱਸ ਨਗਰ : ਨਸ਼ਾ ਤਸਕਰਾਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਬਲੌਂਗੀ ਥਾਣਾ ਬਲੌਂਗੀ ਦੀ ਪੁਲਿਸ ਨੇ ਇਕ ਨੌਜਵਾਨ ਨੂੰ ਗਿ੍ਫ਼ਤਾਰ ਕਰਕੇ ਉਸ ਕੋਲੋਂ 9 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਫੜੇ ਗਏ ਮੁਲਜ਼ਮ ਦੀ ਪਛਾਣ ਜਤਿੰਦਰ ਸਿੰਘ ਉਰਫ਼ ਕਾਕਾ ਵਜੋਂ ਹੋਈ ਹੈ, ਜੋ ਕਿ ਮੂਲ ਰੂਪ 'ਚ ਫਿਰੋਜ਼ਪੁਰ ਦਾ ਰਹਿਣ ਵਾਲਾ ਹੈ ਅਤੇ ਇਸ ਸਮੇਂ ਬਲੌਂਗੀ 'ਚ ਇਕ ਪੀਜੀ ਵਿਚ ਰਹਿ ਰਿਹਾ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕੇਸ ਦੇ ਈਓ ਨੇ ਦੱਸਿਆ ਕਿ ਪੁਲਿਸ ਪਾਰਟੀ ਵੱਲੋਂ ਗਸ਼ਤ ਕੀਤੀ ਜਾ ਰਹੀ ਸੀ। ਜਦੋਂ ਪੁਲਿਸ ਪਾਰਟੀ ਸ਼ਿਵ ਮੰਦਰ ਤੋਂ ਅੰਬੇਡਕਰ ਕਾਲੋਨੀ ਵੱਲ ਜਾ ਰਹੀ ਸੀ ਤਾਂ ਇਕ ਨੌਜਵਾਨ ਪੁਲਿਸ ਪਾਰਟੀ ਨੂੰ ਦੇਖ ਕੇ ਭੱਜਣ ਲੱਗਾ। ਜਿਸ 'ਤੇ ਪੁਲਿਸ ਟੀਮ ਨੇ ਉਸ ਨੂੰ ਸ਼ੱਕ ਦੇ ਆਧਾਰ 'ਤੇ ਕਾਬੂ ਕਰ ਲਿਆ। ਇਸ 'ਤੇ ਨੌਜਵਾਨ ਦੇ ਹੱਥ 'ਚ ਲਿਫ਼ਾਫ਼ਾ ਸੀ ਅਤੇ ਉਸ ਨੇ ਉਸ ਨੂੰ ਪਾਸੇ 'ਤੇ ਸੁੱਟ ਦਿੱਤਾ। ਜਦੋਂ ਲਿਫ਼ਾਫ਼ੇ ਨੂੰ ਚੁੱਕ ਕੇ ਚੈੱਕ ਕੀਤਾ ਗਿਆ ਤਾਂ ਉਸ ਵਿਚ ਚਿੱਟੇ ਰੰਗ ਦਾ ਪਾਊਡਰ ਜੋ ਕਿ 9 ਗ੍ਰਾਮ ਹੈਰੋਇਨ ਪਾਇਆ ਗਿਆ। ਜਿਸ ਤੋਂ ਬਾਅਦ ਪੁਲਿਸ ਨੇ ਦੋਸ਼ੀ ਨੂੰ ਹਿਰਾਸਤ ਵਿਚ ਲੈ ਲਿਆ ਅਤੇ ਉਸਦੇ ਖ਼ਿਲਾਫ਼ ਐੱਨਡੀਪੀਐੱਸ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਉਸਦੀ ਗਿ੍ਫ਼ਤਾਰੀ ਕਰ ਲਈ ਗਈ।