ਸਟਾਫ਼ ਰਿਪੋਰਟਰ, ਚੰਡੀਗੜ੍ਹ : ਸ਼ੁੱਕਰਵਾਰ ਨੂੰ ਧਨਾਸ 'ਚ ਸਾਈਕਲ ਸਵਾਰ ਨੌਜਵਾਨਾਂ ਤੋਂ ਮੋਬਾਈਲ ਖੋਹ ਕੇ ਭੱਜਣ ਵਾਲੇ ਦੋਵੇਂ ਬਾਈਕ ਸਵਾਰਾਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ। ਮੁਲਜ਼ਮਾਂ ਦੀ ਪਛਾਣ ਜਸਕਰਨ ਉਰਫ਼ ਜੱਸੂ ਅਤੇ ਸੰਜੀਵ ਉਰਫ਼ ਕਾਲੀ ਵਾਸੀ ਮਿਲਕ ਕਾਲੋਨੀ ਵਜੋਂ ਹੋਈ ਹੈ। ਮੁਲਜ਼ਮਾਂ ਵਿਚੋਂ ਸੰਜੀਵ ਖ਼ਿਲਾਫ਼ ਸਾਰੰਗਪੁਰ ਥਾਣੇ ਵਿਚ ਪਹਿਲਾਂ ਵੀ ਚੋਰੀ ਅਤੇ ਅਸਲਾ ਐਕਟ ਦੇ ਕੇਸ ਦਰਜ ਹਨ।

12 ਸਤੰਬਰ ਨੂੰ ਮਲੋਆ ਵਾਸੀ ਦੇਵ ਕੁਮਾਰ ਨੇ ਸਨੈਚਿੰਗ ਦੀ ਸ਼ਿਕਾਇਤ ਦਰਜ ਕਰਵਾਈ ਸੀ। ਸ਼ਿਕਾਇਤਕਰਤਾ ਦੇਵ ਕੁਮਾਰ ਨੇ ਦੱਸਿਆ ਕਿ 12 ਸਤੰਬਰ ਨੂੰ ਉਹ ਸਾਈਕਲ 'ਤੇ ਘਰ ਵੱਲ ਜਾ ਰਿਹਾ ਸੀ। ਜਿਵੇਂ ਹੀ ਹਨੂੰਮਾਨ ਮਾਰਬਲ ਧਨਾਸ ਨੇੜੇ ਪਹੁੰਚੇ ਤਾਂ ਦੋ ਮੋਟਰਸਾਈਕਲ ਸਵਾਰ ਮੁਲਜ਼ਮ ਉਸ ਦਾ ਮੋਬਾਈਲ ਖੋਹ ਕੇ ਫ਼ਰਾਰ ਹੋ ਗਏ। ਮਾਮਲੇ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ।